ਹਥਿਆਰਬੰਦ ਕਾਰ ਸਵਾਰਾਂ ''ਤੇ ਘੇਰ ਕੇ ਧਮਕਾਉਣ ਦਾ ਦੋਸ਼, 7 ਨਾਮਜ਼ਦ

08/15/2017 1:57:02 AM

ਮੋਗਾ, (ਆਜ਼ਾਦ)- ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਮੱਦੋਕੇ ਨੂੰ ਘੇਰ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਕੀ ਹੈ ਸਾਰਾ ਮਾਮਲਾ
ਇਸ ਬਾਰੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਮਰਿੰਦਰ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਪਿੰਡ ਮਚਰਾਈ (ਅਮਲੋਹ) ਫਤਿਹਗੜ੍ਹ ਸਾਹਿਬ ਨੇ 2016 'ਚ ਵਿਆਹ ਕਰ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 4 ਲੱਖ 20 ਹਜ਼ਾਰ ਰੁਪਏ ਠੱਗੇ ਸਨ। ਮੈਂ ਕਈ ਵਾਰ ਉਸ ਕੋਲੋਂ ਪੈਸੇ ਵਾਪਸ ਮੰਗੇ ਅਤੇ ਪੰਚਾਇਤੀ ਤੌਰ 'ਤੇ ਵੀ ਗੱਲਬਾਤ ਕੀਤੀ ਤਾਂ ਉਸ ਨੇ ਪੰਚਾਇਤ ਵਿਚ ਰਾਜ਼ੀਨਾਮਾ ਕਰ ਕੇ ਮੈਨੂੰ ਦੋ ਕਿਸ਼ਤਾਂ 'ਚ 3 ਲੱਖ 50 ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਪਰ ਉਸ ਨੇ ਕੋਈ ਪੈਸਾ ਵਾਪਸ ਨਹੀਂ ਕੀਤਾ, ਜਿਸ ਕਾਰਨ ਸਾਡਾ ਆਪਸੀ ਵਿਵਾਦ ਚੱਲਦਾ ਆ ਰਿਹਾ ਸੀ। 
ਉਸ ਨੇ ਦੱਸਿਆ ਕਿ ਬੀਤੀ 10 ਮਾਰਚ ਨੂੰ ਸ਼ਾਮ 3 ਵਜੇ ਦੇ ਕਰੀਬ ਜਦੋਂ ਮੈਂ ਪਿੰਡ ਦਾਰਾਪੁਰ 'ਚ ਬਣੀ ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕਰਨ ਤੋਂ ਬਾਅਦ ਗਊਸ਼ਾਲਾ ਦੇ ਬਾਹਰ ਬਣੇ ਥੜ੍ਹੇ 'ਤੇ ਬੈਠਾ ਸੀ ਤਾਂ ਅਮਰਿੰਦਰ ਸਿੰਘ, ਰਣਜੀਤ ਸਿੰਘ, ਪਾਲਾ ਸਿੰਘ ਨਿਵਾਸੀ ਪਿੰਡ ਮਚਰਾਈ ਅਤੇ ਉਸ ਨਾਲ 3-4 ਅਣਪਛਾਤੇ ਵਿਅਕਤੀ, ਜੋ ਹਥਿਆਰਾਂ ਨਾਲ ਲੈਸ ਸਨ, ਇਨੋਵਾ ਗੱਡੀ 'ਤੇ ਆਏ ਅਤੇ ਮੈਨੂੰ ਆ ਘੇਰਿਆ, ਜਦੋਂ ਹੀ ਉਨ੍ਹਾਂ ਮੇਰੇ 'ਤੇ ਜਾਨਲੇਵਾ ਹਮਲਾ ਕਰਨ ਦਾ ਯਤਨ ਕੀਤਾ ਤਾਂ ਮੈਂ ਉਨ੍ਹਾਂ ਕੋਲੋਂ ਬਚ ਕੇ ਗਊਸ਼ਾਲਾ ਵੱਲ ਭੱਜ ਗਿਆ ਅਤੇ ਰੌਲਾ ਪਾ ਦਿੱਤਾ, ਜਿਸ 'ਤੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਮੈਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। 
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਕਰੀਬ 5 ਮਹੀਨੇ ਚੱਲੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।


Related News