ਜ਼ਿਲੇ ''ਚ ਸ਼ੁਰੂ ਹੋਈ ''ਆਪਣੀ ਮੰਡੀ''

06/26/2017 3:16:40 PM

ਗੁਰਦਾਸਪੁਰ - ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੀ ਅਗਵਾਈ ਤੇ ਦਿਸ਼ਾ–ਨਿਰਦੇਸ਼ਾਂ ਤਹਿਤ ਐਤਵਾਰ ਖੇਤੀਬਾੜੀ ਵਿਭਾਗ ਵੱਲੋਂ 'ਆਪਣੀ ਮੰਡੀ' ਦਾ ਆਗਾਜ਼ ਕਰ ਦਿੱਤਾ ਗਿਆ, ਜਿਸ ਵਿਚ ਜ਼ਿਲੇ ਦੇ ਅਗਾਂਹਵਧੂ ਕਿਸਾਨਾਂ ਤੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਨੇ 'ਆਪਣੀ ਮੰਡੀ' ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਲੋਕਾਂ ਨੂੰ ਆਪਣੀਆਂ ਤਿਆਰ ਕੀਤੀਆਂ ਸਬਜ਼ੀਆਂ, ਮਸਾਲੇ, ਅਚਾਰ ਤੇ ਫਲ ਆਦਿ ਸਿੱਧਾ ਪੁੱਜਦਾ ਕਰਨ ਦੇ ਮੰਤਵ ਨਾਲ ਬਚਪਨ ਸਕੂਲ ਨੇੜੇ ਖੇਤੀਬਾੜੀ ਮੁੱਖ ਦਫਤਰ ਵਿਖੇ 'ਆਪਣੀ ਮੰਡੀ' (ਕਿਸਾਨ ਬਾਜ਼ਾਰ) ਸ਼ੁਰੂ ਕੀਤੀ ਗਈ ਅਤੇ ਇਹ ਹਰ ਐਤਵਾਰ ਸ਼ਾਮ 4.30 ਤੋਂ 7 ਵਜੇ ਤੱਕ ਲੱਗਿਆ ਕਰੇਗੀ। ਅੱਜ ਲੋਕਾਂ ਨੇ ਦਾਲਾਂ, ਅੰਬ, ਹਰੀਆਂ ਮਿਰਚਾਂ, ਗੁੜ, ਫਲਾਂ ਦਾ ਸ਼ਰਬਤ ਤੇ ਸ਼ਹਿਦ ਵੱਡੀ ਮਾਤਰਾ ਵਿਚ ਖਰੀਦਿਆ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਇਨੋਵੇਸ਼ਨ ਐਕਟੀਵਿਟੀ ਦੇ ਤਹਿਤ ਕਿਸਾਨ ਅਤੇ ਖਪਤਕਾਰਾਂ ਦੀ ਸਹੂਲਤ ਲਈ ਕਿਸਾਨ ਦੀ ਉਪਜ ਲੋਕਾਂ ਤੱਕ ਸਿੱਧੇ ਤੌਰ 'ਤੇ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਅਧੀਨ ਕਿਸਾਨ ਆਪਣੀ ਉਪਜ ਨੂੰ ਸਿੱਧੇ ਤੌਰ 'ਤੇ ਗਾਹਕਾਂ ਨੂੰ ਵੇਚ ਸਕਣਗੇ, ਇਸ ਨਾਲ ਕਿਸਾਨ ਨੂੰ ਆਪਣੀ ਉਪਜ ਦਾ ਵਾਜਬ ਮੁੱਲ ਮਿਲੇਗਾ ਅਤੇ ਖਪਤਕਾਰ ਨੂੰ ਵੀ ਰੋਜ਼ਾਨਾ ਵਰਤੋਂ ਦੀਆਂ ਘਰੇਲੂ ਵਸਤਾਂ ਜਿਵੇਂ ਫਲ, ਸਬਜ਼ੀਆਂ, ਦਾਲਾਂ, ਦੁੱਧ, ਕਣਕ, ਚਾਵਲ, ਮਸਾਲੇ, ਅਚਾਰ  ਆਦਿ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਮਿਲਣਗੀਆਂ।
 


Related News