ਉੱਤਰਾਖੰਡ ''ਚ ਮੁੜ ਕੁਦਰਤ ਦਾ ਕਹਿਰ, ਬੱਦਲ ਫਟਣ ਨਾਲ 17 ਦੀ ਮੌਤ ਤੇ 25 ਲਾਪਤਾ

08/15/2017 2:46:51 AM

ਪਿਥੌਰਾਗੜ੍ਹ— ਭਾਰਤ-ਚੀਨ ਅਤੇ ਨੇਪਾਲ ਦੀ ਸਰਹੱਦ ਨਾਲ ਜੁੜੇ ਪਿਥੌਰਾਗੜ੍ਹ ਜ਼ਿਲੇ ਦੇ ਦੁੰਗ-ਦੁੰਗ ਅਤੇ ਮਾਲਪਾ ਵਿਖੇ ਸੋਮਵਾਰ ਤੜਕੇ ਬੱਦਲ ਫਟਣ ਕਾਰਨ ਮਚੀ ਤਬਾਹੀ ਦੌਰਾਨ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਅਤੇ ਫੌਜ ਦੇ 8 ਜਵਾਨਾਂ ਸਮੇਤ 25 ਲਾਪਤਾ ਹੋ ਗਏ।

PunjabKesari
ਮਿਲੀਆਂ ਖਬਰਾਂ ਮੁਤਾਬਕ ਬੱਦਲ ਫਟਣ ਦੀ ਘਟਨਾ ਪਿੱਛੋਂ ਕਈ ਸੜਕਾਂ ਤੇ ਪੁਲ ਰੁੜ੍ਹ ਗਏ, ਜਿਸ ਕਾਰਨ ਬਚਾਅ ਤੇ ਰਾਹਤ ਕਾਰਜਾਂ ਲਈ ਗਈਆਂ ਟੀਮਾਂ ਰਾਹ ਵਿਚ ਹੀ ਫਸ ਗਈਆਂ। ਮਾਲਪਾ ਤੋਂ ਲੈ ਕੇ ਘਟੀਅਬੱਗਰ ਤਕ 3 ਹੋਟਲ, 4 ਦੁਕਾਨਾਂ ਅਤੇ ਇਕ ਪੁਲ ਰੁੜ੍ਹ ਗਿਆ। ਘਟੀਆਬੱਗਰ ਵਿਖੇ ਫੌਜ ਦੇ ਇਕ ਟਰਾਂਜ਼ਿਟ ਕੈਂਪ ਦੀ ਹੋਂਦ ਹੀ ਖਤਮ ਹੋ ਗਈ। ਫੌਜ ਦੇ 3 ਟਰੱਕ ਅਤੇ 6 ਹੋਰ ਮੋਟਰ-ਗੱਡੀਆਂ ਰੁੜ੍ਹ ਗਈਆਂ।

PunjabKesari
ਸਰਕਾਰੀ ਅਧਿਕਾਰੀਆਂ ਮੁਤਾਬਕ ਸੋਮਵਾਰ ਤੜਕੇ ਪੌਣੇ 3 ਵਜੇ ਦੇ ਲਗਭਗ 7 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ 'ਤੇ ਦੁੰਗ-ਦੁੰਗ ਵਿਖੇ ਬੱਦਲ ਫਟਣ ਦੀ ਪਹਿਲੀ ਘਟਨਾ ਵਾਪਰੀ। ਉਸ ਤੋਂ ਕੁਝ ਮਿੰਟਾਂ ਬਾਅਦ ਹੀ ਮਾਲਪਾ ਵਿਖੇ ਵੀ ਬੱਦਲ ਫਟ ਗਿਆ। ਇਸ ਕਾਰਨ ਸਿਮਪੋਲਾ ਦਰਿਆ ਵਿਚ ਹੜ੍ਹ ਆ ਗਿਆ। ਫੌਜ ਦੇ ਇਕ ਕੈਂਪ ਵਿਚ ਸੁੱਤੇ ਕੁਝ ਜਵਾਨਾਂ ਨੇ ਅਤਿਅੰਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਜਵਾਨਾਂ ਦਾ ਬਹੁਤ ਸਾਰਾ ਸਾਮਾਨ ਵੀ ਰੁੜ੍ਹ ਗਿਆ ਦੱਸਿਆ ਜਾਂਦਾ ਹੈ।

PunjabKesari
ਕੈਲਾਸ਼ ਮਾਨਸਰੋਵਰ ਦੇ ਯਾਤਰੀ ਸੁਰੱਖਿਅਤ-ਕੈਲਾਸ਼ ਮਾਨਸਰੋਵਰ ਦੇ ਯਾਤਰੀ ਸੁਰੱਖਿਅਤ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ 'ਤੇ ਰੁਕਣ ਲਈ ਕਿਹਾ ਗਿਆ ਹੈ। ਸੰਚਾਰ ਸੇਵਾਵਾਂ ਦੇ ਠੱਪ ਹੋਣ ਕਾਰਨ ਸੰਦੇਸ਼-ਵਾਹਕਾਂ ਨੂੰ ਭੇਜ ਕੇ ਕੈਲਾਸ਼ ਮਾਨਸਰੋਵਰ ਦੇ ਯਾਤਰੀਆਂ ਨੂੰ ਆਪਣੀ ਯਾਤਰਾ ਰੋਕਣ ਲਈ ਕਿਹਾ ਗਿਆ।
ਤ੍ਰਿਵੇਂਦਰ ਰਾਵਤ ਪੁੱਜੇ ਪਿਥੌਰਾਗੜ੍ਹ-ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਹੈਲੀਕਾਪਟਰ ਰਾਹੀਂ ਪਿਥੌਰਾਗੜ੍ਹ ਪੁੱਜੇ ਅਤੇ ਡੀ. ਐੱਮ. ਕੋਲੋਂ ਸਾਰੀ ਜਾਣਕਾਰੀ ਲਈ। ਉਸ ਤੋਂ ਬਾਅਦ ਉਨ੍ਹਾਂ ਬੱਦਲ ਫਟਣ ਦੀ ਘਟਨਾ ਪਿੱਛੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤਾ।


Related News