ਦਿੱਲੀ ''ਚ ਨਾਰਥ-ਈਸਟ ਦੀ ਔਰਤ ਨਾਲ ਬਦਸਲੂਕੀ, ਗੋਲਫ ਕਲੱਬ ''ਚੋਂ ਕੱਢਿਆ ਬਾਹਰ

06/27/2017 3:00:31 PM

ਨਵੀਂ ਦਿੱਲੀ— ਦਿੱਲੀ ਗੋਲਫ ਕਲੱਬ ਵੱਲੋਂ ਮੇਘਾਲਿਆ ਦੀ ਇਕ ਬਜ਼ੁਰਗ ਔਰਤ ਨਾਲ ਗਲਤ ਵਤੀਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮੇਘਾਲਿਆ ਦੀ ਇਕ ਔਰਤ ਤੈਲਿਨ ਲਿੰਗਦੋਹ ਦਿੱਲੀ ਗੋਲਫ ਕਲੱਬ 'ਚ ਡਿਨਰ ਕਰਨ ਗਈ ਸੀ, ਜਿੱਥੇ ਉਨ੍ਹਾਂ ਨੇ ਆਪਣੀ ਪਾਰੰਪਰਿਕ ਡਰੈੱਸ ਜੈਨਸੇਮ ਪਾਈ ਸੀ। ਡਿਨਰ ਕਰਨ ਦੌਰਾਨ ਇਕ ਸ਼ਖਸ ਉੱਥੇ ਆਇਆ ਅਤੇ ਉਨ੍ਹਾਂ ਨੂੰ ਡਾਈਨਿੰਗ ਹਾਲ 'ਚੋਂ ਬਾਹਰ ਨਿਕਲਣ ਲਈ ਕਿਹਾ। ਉਸ ਸ਼ਖਸ ਨੇ ਬਹੁਤ ਹੀ ਕਠੋਰ ਲਹਿਜੇ 'ਚ ਉਨ੍ਹਾਂ ਨੂੰ ਕਿਹਾ ਕਿ ਇਹ ਜਗ੍ਹਾ ਨੌਕਰਾਣੀਆਂ ਲਈ ਨਹੀਂ ਹੈ। 
ਇਸ ਗੱਲ 'ਤੇ ਤੈਲਿਨ ਲਿੰਗਦੋਹ ਨੇ ਕਿਹਾ ਕਿ ਉਹ ਸ਼ਖਸ ਕਾਫੀ ਕਠੋਰ ਸੀ। ਮੈਨੂੰ ਸ਼ਰਮ ਮਹਿਸੂਸ ਹੋਈ ਅਤੇ ਗੁੱਸਾ ਵੀ ਆਇਆ। ਤੈਲਿਨ ਲਿੰਗਦੋਹ ਆਸਾਮ ਸਰਕਾਰ ਦੇ ਸਿਹਤ ਸਲਾਹਕਾਰ ਦੀ ਗਵਰਨੈਂਸ ਹਨ। ਉਹ ਦਿੱਲੀ ਗੋਲਫ ਕਲੱਬ ਦੇ ਇਕ ਮੈਂਬਰ ਦੇ ਸੱਦੇ 'ਤੇ ਉੱਥੇ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ 'ਚ ਲੰਡਨ, ਅਬੂ ਧਾਬੀ ਅਤੇ ਦੁਬਈ ਵਰਗੇ ਦੇਸ਼ਾਂ ਦੇ ਵੱਡੇ ਤੋਂ ਵੱਡੇ ਰੈਸਟੋਰੈਂਟ 'ਚ ਜਾ ਚੁਕੀ ਹੈ ਪਰ ਐਤਵਾਰ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਤੋਂ ਇਸ ਤਰ੍ਹਾਂ ਦਾ ਵਤੀਰਾ ਨਹੀਂ ਕੀਤਾ। ਉੱਥੇ ਹੀ ਮਾਮਲੇ 'ਚ ਦਿੱਲੀ ਗੋਲਫ ਕਲੱਬ ਨੇ ਮੁਆਫ਼ੀ ਮੰਗੀ ਹੈ। ਕਲੱਬ ਵੱਲੋਂ ਆਏ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਸੀ। ਮਹਿਮਾਨ ਨੂੰ ਬਾਹਰ ਨਿਕਲਣ ਲਈ ਨਹੀਂ ਕਿਹਾ ਜਾਣਾ ਚਾਹੀਦਾ ਸੀ। ਕਲੱਬ ਨੇ ਕਿਹਾ ਕਿ ਇਸ ਸੰਬੰਧ 'ਚ ਸਟਾਫ ਤੋਂ ਜਵਾਬ ਮੰਗਿਆ ਗਿਆ ਹੈ ਅਤੇ ਕਾਰਵਾਈ ਦੀ ਪ੍ਰਕਿਰਿਆ 'ਚ ਹੈ।


Related News