ਪਿਤਾ ਨੂੰ ਕੁਝ ਹੋਇਆ ਤਾਂ ਮੋਦੀ ਦੀ ਚਮੜੀ ਉਧੇੜ ਦਿਆਂਗੇ

11/28/2017 9:09:13 AM

ਪਟਨਾ — ਲਾਲੂ ਪ੍ਰਸਾਦ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਏ ਜਾਣ ਤੋਂ ਕਲਪੇ ਹੋਏ ਉਨ੍ਹਾਂ ਦੇ ਵੱਡੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਮੋਦੀ ਵਿਰੁੱਧ ਬੇਹੱਦ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਬੇਟੀ ਦੇ ਵਿਆਹ 'ਚ ਤੋੜ-ਭੰਨ ਕਰਨ ਦੀ ਧਮਕੀ ਦੇਣ ਪਿੱਛੋਂ ਹੁਣ ਉਨ੍ਹਾਂ ਕਿਹਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਮੜੀ ਉਧੇੜ ਦੇਣਗੇ।
ਤੇਜ ਪ੍ਰਤਾਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਅਤੇ ਮੇਰੇ ਪਿਤਾ ਲਾਲੂ ਪ੍ਰਸਾਦ ਨੂੰ ਅਕਸਰ ਹੀ ਵੱਖ-ਵੱਖ ਪ੍ਰੋਗਰਾਮਾਂ 'ਚ ਜਾਣਾ ਪੈਂਦਾ ਹੈ। ਸੁਰੱਖਿਆ ਵਾਪਸ ਲਏ ਜਾਣ 'ਤੇ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਸੁਰੱਖਿਆ ਵਾਪਸ ਲੈ ਕੇ ਇਕ ਤਰ੍ਹਾਂ ਨਾਲ ਲਾਲੂ ਪ੍ਰਸਾਦ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜੇ ਮੇਰੇ ਪਿਤਾ ਨੂੰ ਕੁਝ ਹੋਇਆ ਤਾਂ ਅਸੀਂ ਇਸ ਦਾ ਮੂੰਹ-ਤੋੜ ਜਵਾਬ ਦੇਵਾਂਗੇ ਤੇ ਪ੍ਰਧਾਨ ਮੰਤਰੀ ਦੀ ਚਮੜੀ ਉਧੇੜ ਦੇਵਾਂਗੇ।


Related News