ਪੰਜਾਬੀਆਂ ਦਾ ਅੰਤਰਰਾਸ਼ਟਰੀ ਰਾਜਦੂਤ ਕੀ ਉਹ ਵਿਅਕਤੀ ਹੈ ਜਾਂ ਸੰਸਥਾ ?

09/15/2017 1:13:47 PM

ਪੰਜਾਬ ਵਿਚੋ ਤਕਰੀਬਨ 4 ਫੀਸਦੀ ਵਸੋਂ ਵਿਦੇਸ਼ਾਂ ਵਿਚ ਵਸਦੀ ਹੈ ਜੋ ਭਾਰਤ ਵਿਚ ਕੈਰਲਾ ਤੋ ਪ੍ਰਵਾਸ ਕਰਕੇ ਗਏ ਵਿਅਕਤੀਆਂ ਦੇ ਬਰਾਬਰ ਹੈ। ਜੇ ਕੁਲ ਵਸੋ ਦੇ ਹਿਸਾਬ ਪ੍ਰਵਾਸੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਸਿੱਖਾਂ ਦੀ ਗਿਣਤੀ ਕੁਲ ਵਸੋ ਦਾ ਤਕਰੀਬਨ 7 ਫੀਸਦੀ ਹੈ ਜੋ ਕਿ ਦੁਨੀਆਂ ਭਰ ਵਿਚ ਧਰਮ ਦੇ ਆਧਾਰ ਤੇ ਸਭ ਤੋ ਵਧ ਗਿਣਤੀ ਬਣਦੀ ਹੈ। ਇੰਨਾਂ ਪੰਜਾਬੀਆਂ ਨੇ ਦੁਨੀਆਂ ਦੇ ਵਖ-2 ਦੇਸ਼ਾਂ ਵਿਚ ਵਿਦਿਅਕ, ਇੰਨਜਿਨੰਰਿੰਗ, ਮੈਡੀਕਲ, ਖੋਜਾਂ, ਖੇਤੀ, ਵਕਾਲਤ ਅਤੇ ਰਾਜਨੀਤੀ ਵਿਚ ਬਹੁਤ ਉਚੀਆਂ ਪ੍ਰਾਪਤੀਆਂ ਕੀਤੀਆਂ ਹਨ। ਪਰ ਇੰਨਾਂ ਪ੍ਰਾਪਤੀਆਂ ਬਾਰੇ ਜਿਹੜੀ ਜਾਣਕਾਰੀ ਇਕਲੇ ਤੌਰ ਤੇ ਸ੍ਰ. ਨਰਪਾਲ ਸਿੰਘ ਸ਼ੇਰਗਿਲ ਨੇ ਆਪਣੇ ਵਲੋ ਤਿਆਰ ਕੀਤੀ ਡਾਇਰੈਕਟਰੀ ''ਇੰਡਅਨਜ਼ ਅਬਰੋਡ'' ਵਿਚ ਦਿਤੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਵਲੋ ਕੱਦੀ ਦਿਤੀ ਗਈ ਹੋਵੇ। ਪਰ ਇਹ ਕਾਰਜ ਸ੍ਰ. ਨਰਪਾਲ ਸਿੰਘ ਸ਼ੇਰਗਿਲ ਸਿਰਫ ਇਸ ਸਾਲ ਹੀ ਨਹੀ ਸਗੋ, ਉਹ ਪਿਛਲੇ ਤਕਰੀਬਨ 15 ਸਾਲਾਂ ਤੋ ਕਰ ਰਿਹਾ ਹੈ।
2004 ਵਿਚ ਸਭ ਤੋ ਪਹਿਲਾਂ ਉਸ ਨੇ ਦੁਨਿਆਂ ਭਰ ਵਿਚ ਸਿਖ ਪਗੜੀ ਬਾਰੇ ਜਾਣਕਾਰੀ ਦਿਤੀ, ਜਿਸ ਸਮੇ ਸਿਖ ਪਹਿਚਾਣ ਬਾਰੇ ਦਸਣਾ ਜਰੂਰੀ ਸੀ, ਜਿਸ ਨੂੰ ਉਸ ਨੇ ਬਾਦ ਵਿਚ 2005 ਅਤੇ 2011 ਵਿੱਚ ਫਿਰ ਦੁਹਰਾਇਆ ਸੀ ਇਸ ਬਾਰੇ ਜਾਣਕਾਰੀ ਦੇਣ ਦਾ ਕਾਰਣ ਇਹ ਸੀ ਕਿ 2002 ਤੋ ਬਾਦ ਸਿੱਖਾਂ ਦੀ ਪਗੜੀ ਕਰਕੇ, ਕਈ ਲੋਕਾਂ ਵਲੋ ਬਗੈਰ ਇਸ ਨੂੰ ਘੋਖਣ ਦੇ ਨਫਰਤ ਫੈਲਾਈ ਗਈ ਸੀ, ਜਿਸ ਕਰਕੇ, ਨਰਪਾਲ ਸਿੰਘ ਸ਼ੇਰਗਿਲ ਨੇ ਇਕਲੇ ਤੌਰ ਤੇ ਬਗੈਰ ਕਿਸੇ ਸੰਸਥਾ ਦੀ ਮਦਦ ਤੋ  ਸਿੱਖਾਂ ਬਾਰੇ ਅਤੇ ਸਿਖ ਪਗੜੀ ਬਾਰੇ ਜਾਣਕਾਰੀ ਦਿਤੀ ਅਤੇ ਉਹਨਾਂ ਲੋਕਾਂ ਦੇ ਉਹਨਾਂ ਸੰਕਿਆਂ ਨੂੰ ਦੂਰ ਕੀਤਾ। ਇਸ ਦੇ ਨਾਲ ਹੀ ਉਸ ਵਲੋ ਸਿੱਖਾਂ ਵਲੋ ਵਖਰੇ-2 ਦੇਸ਼ਾਂ ਵਿਚ ਉਨ੍ਹਾਂ ਵਲੋ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਜਾਣਕਾਰੀ ਦਿਤੀ ਗਈ।
ਪਟਿਆਲਾ ਜਿਲੇ 'ਚ ਪਿੰਡ ਮਜਾਲ ਖੁਰਦ ਦੇ ਜੰਮਪਲ ਇਸ ਪੰਜਾਬੀ ਰਾਜਦੂਤ ਨੇ ਆਪਣੀ ਮੁੱਢਲੀ ਵਿਦਿਆ ਪਿੰਡ ਤੋ ਪ੍ਰਾਪਤ ਕੀਤੀ ਅਤੇ ਉਚੇਰੀ ਵਿਦਿਆ ਪਟਿਆਲੇ ਤੋ ਪ੍ਰਾਪਤ ਕਰਣ ਤੋ ਬਾਦ, ਉਹ ਇੰਗਲੈਂਡ ਵਿਚ ਚਲੇ ਗਏ। ਬਚੱਪਨ ਤੋਂ ਹੀ ਪੜ੍ਹਣ ਲਿੱਖਣ ਦਾ ਵੱਡਾ ਸ਼ੌਕ ਸੀ ਜਿਸ ਲਈ ਉਹ ਇੰਗਲੈਡ ਵਿੱਚ ਆਪਣੇ ਕਾਰੋਬਾਰ ਤੋ ਜਿਆਦਾ, ਲਿਖਣ ਦੇ ਕਾਰਜ ਨਾਲ ਸਬੰਧਿਤ ਰਹੇ ਜਿਸ ਲਈ ਉਹਨਾਂ ਵਲੋ  ਕਈ ਦੇਸ਼ਾਂ ਦੀ ਯਾਤਰਾਂ ਕਰਣ ਤੋਂ ਬਾਦ ਪੰਜਾਬੀਆਂ ਬਾਰੇ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਵੀ ਕੀਤੀ ਅਤੇ ਉਹਨਾਂ ਨਾਲ ਮਿਲ ਕੇ, ਇਕ ਵਡੀ ਡਾਇਰੈਕਟਰੀ ਤਿਆਰ ਕਰਣ ਦੇ ਕੰਮ ਵਿਚ ਰੁੱਝ ਗਏ। ਉਸ ਡਾਇਰੈਕਟਰੀ ਨੂੰ ਤਿਆਰ ਕਰਣ ਲਈ ਹੀ ਉਹਨਾਂ ਨੂੰ ਸ਼ੁਰੂ ਵਿਚ ਕੋਈ 2 ਸਾਲ ਦਾ ਸਮਾਂ ਲਗ ਗਿਆ। ਇਹ ਕਿਹਾ ਜਾ ਸਕਦਾ ਹੈ ਕਿ ਨਰਪਾਲ ਸਿੰਘ ਸ਼ੇਰਗਿਲ ਦਾ ਇਹ ਜਨੂੰਨ ਸੀ, ਕਿ ਜੀਵਨ ਦਾ ਵੇਰਵਾ ਪ੍ਰਾਪਤ ਕਰਨ ਵਿਚ ਸਭ ਤੋ ਵੱਡੀ ਗੱਲ ਇਹ ਸੀ ਕਿ ਉਸ ਨੇ ਹਰ ਉਸ ਪੰਜਾਬੀ ਨੂੰ ਉਤਸ਼ਾਹਿਤ ਕੀਤਾ ਜੋ ਭਾਵੇ ਵਿਦੇਸ਼ਾਂ ਵਿਚ ਸਨ ਪਰ ਉਹਨਾਂ ਦੇਸ਼ਾਂ ਦੇ ਸਮਾਜਿਕ ਅਤੇ ਆਰਥਿਕ ਕੰਮਾਂ ਵਿਚ ਵਡਾ ਯੋਗਦਾਨ ਪਾ ਰਹੇ ਸਨ।
ਉਹਨਾਂ ਨੇ ਸਭ ਤੋ ਪਹਿਲਾਂ 1985 ਵਿੱਚ ਖੋਜ਼ ਕਰਕੇ ਦੁਨੀਆਂ ਦੇ ਵੱਖ-2 ਦੇਸ਼ਾਂ ਦੇ ਤਕਰੀਬਨ 2000 ਗੁਰਦਵਾਰਿਆਂ ਅਤੇ ਸੰਸਥਾਵਾਂ ਦੀ ਡਾਇਰੈਕਟਰੀ ਤਿਆਰ ਕੀਤੀ। ਇਸ ਅੰਤਰਰਾਸ਼ਟਰੀ ਡਾਇਰੈਕਟਰੀ ਜਿਸ ਵਿਚ ਯੂਰਪ, ਅਮਰੀਕਾਂ, ਅਫਰੀਕਾ, ਅਸਟ੍ਰੇਲੀਆਂ ਅਤੇ ਏਸ਼ੀਆ ਦੀਆਂ ਵੱਖ-2 ਸੰਸਥਾਵਾਂ ਅਤੇ ਵਿਅਕਤੀਆਂ ਦਾ ਵੇਰਵਾ ਦਿਤਾ ਗਿਆ ਹੈ, ਉਸ ਦਾ ਦੂਜਾ ਐਡੀਸ਼ਨ 1995 ਵਿਚ ਅੰਮ੍ਰਿਤਸਰ ਵਿਚ ਹੋਏ ਵਿਸ਼ਵ ਸਿੱਖ ਸੰਮੇਲਨ ਤੇ ਸ੍ਰੀ ਅਕਾਲ ਤਖੱਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦੇ ਨਾਲ ਜਥੇਦਾਰ ਗੁਰਚਰਨ ਸਿੰਘ ਟੋਹੜਾ ਜੋ ਉਸ ਵਕਤ ਸ੍ਰੋਮਣੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਨ ਅਤੇ ਅਮਰੀਕਾ ਵਿਚ ਰਹਿੰਦੇ ਸਰਦਾਰ ਹਰਭਜਨ ਸਿੰਘ ਯੋਗੀ ਹੁਰਾਂ ਨੇ ਜਾਰੀ ਕੀਤੀ। ਉਸ ਸਮੇਂ ਵੱਡੀ ਗਿਣਤੀ ਵਿੱਚ ਸਿੱਖ ਰਾਜਨੀਤੀਵਾਨਾਂ, ਵਿਦਅਕ ਮਾਹਿਰਾਂ ਅਤੇ ਆਮ ਲੋਕਾਂ ਵਲੋ ਨਰਪਾਲ ਸਿੰਘ ਸ਼ੇਰਗਿਲ ਦੇ ਇਸ ਕੰਮ ਦੀ ਬਹੁਤ ਜਿਆਦਾ ਸਰਾਹਨਾ ਕੀਤੀ ਗਈ। ਹਰ ਕੋਈ ਮਹਿਸੂਸ ਕਰ ਰਿਹਾ ਸੀ ਅਤੇ ਪੁਛ ਰਿਹਾ ਸੀ ਕਿ ਕੀ ਇਹ ਸਾਰਾ ਕੰਮ ਸ੍ਰ: ਨਿਰਪਾਲ ਸਿੰਘ ਸ਼ੇਰਗਿਲ ਨੇ ਇਕਲੇ ਨੇ ਹੀ ਕੀਤਾ ਹੈ ਜਾਂ ਉਹ ਕਿਸੇ ਸੰਸਥਾ ਨਾਲ ਸਬੰਧਿਤ ਹੈ ਕਿਉ ਜੋ ਹਰ ਇਕ ਇਹ ਮਹਿਸੂਸ ਕਰ ਰਿਹਾ ਸੀ ਕਿ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਬਾਰੇ  ਵਿਸਥਾਰ ਵਿਚ ਵੇਰਵੇ ਪ੍ਰਾਪਤ ਕਰਣੇ ਕੋਈ ਆਸਾਨ ਕੰਮ ਨਹੀ ਸੀ।

ਸ੍ਰ. ਨਰਪਾਲ ਸਿੰਘ ਸ਼ੇਰਗਿਲ ਵਲੋ ਦਿਤੀ ਜਾਣਕਾਰੀ ਅਨੁਸਾਰ ਇਸ ਵਕਤ ਦੁਨੀਆਂ ਦੇ 170 ਦੇਸ਼ਾਂ ਵਿੱਚ ਪੰਜਾਬੀ ਪੁੱਜ ਚੁੱਕੇ ਹਨ। ਭਾਵੇ ਕਿ ਜਿਆਦਾਤਰ ਪੰਜਾਬੀ ਇੰਗਲੈਡ, ਕਨੈਡਾ, ਅਮਰੀਕਾ ਆਦਿ ਉਹਨਾਂ ਦੇਸ਼ਾਂ ਵਿਚ ਗਏ ਹਨ ਜਿੰਨਾਂ ਦਾ ਅੰਗਰੇਜ਼ੀ ਸਾਮਰਾਜ ਦੇ ਅਧੀਨ ਰਹਿੰਦਿਆ ਉਹਨਾਂ ਦੇਸ਼ਾਂ ਨਾਲ ਸਬੰਧ ਸੀ ਜਾਂ ਜਿੰਨਾਂ ਦੇਸ਼ਾਂ ਵਿਚ ਅੰਗ੍ਰੇਜੀ ਬੋਲੀ ਜਾਂਦੀ ਸੀ। ਪਰ ਇਸ ਤੋ ਇਲਾਵਾਂ ਬਹੁਤ ਬਾਰੇ ਪੰਜਾਬੀ ਅਫਰੀਕਾ ਦੇ ਦੇਸ਼ਾਂ ਵਿਚ ਗਏ ਹਨ ਅਤੇ ਉਥੋ ਦੀਆਂ ਉਚੀਆਂ ਸਥਿਤੀਆ ਤੇ ਤਾਇਨਾਤ ਹਨ। ਇਸ ਵਕਤ ਪੰਜਾਬੀ, ਮਲੇਸ਼ੀਆਂ, ਸਿੰਗਾਪੁਰ, ਫਿਲਪਾਈਨ, ਇੰਡੋਨੇਸ਼ੀਆਂ, ਬਰਮਾਂ, ਥਾਈਲੈਡ, ਫੀਜੀ, ਤਨਜਾਨੀਆਂ, ਕੀਨੀਆਂ, ਯੂਗਾਂਡਾ, ਸਪੇਨ, ਸਾਈਪਰਸ, ਇਟਲੀ, ਅਸਟਰੀਆਂ ਆਦਿ ਵਖ-2 ਦੇਸ਼ਾਂ ਵਿਚ ਵਸ ਗਏ ਹਨ ਅਤੇ ਉਹਨਾਂ ਵੱਲੋ ਉਹਨਾਂ ਦੇਸ਼ਾਂ ਵਿਚ ਆਪਣੀਆਂ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਹਨ। ਨਰਪਾਲ ਸਿੰਘ ਸ਼ੇਰਗਿਲ ਨੇ ਪੰਜਾਬੀਆਂ ਦੀਆਂ ਉਹਨਾਂ ਖਾਸ ਵਿਸ਼ੇਸਤਾਈਆਂ ਨੂੰ ਉਜ਼ਾਗਰ ਕੀਤਾ ਹੈ ਜਿੰਨਾਂ ਵਿਚ ਉੁਸ ਨੇ ਉਹਨਾਂ ਦੇਸ਼ਾਂ ਵਿਚ ਵੱਸਦੇ ਹੋਏ ਉਸ ਰਹਿਣ ਵਾਲੇ ਦੇਸ਼ਾਂ ਵੱਲ ਵਫਾਦਾਰੀ ਦੀਆਂ ਮਿਸਾਲਾਂ ਵੀ ਦਿਤੀਆਂ ਹਨ।
ਭਾਵੇ ਕਿ ਨਰਪਾਲ ਸਿੰਘ ਸ਼ੇਰਗਿਲ ਪਿਛਲੇ 55 ਕੁ ਸਾਲਾਂ ਤੋਂ ਇੰਗਲੈਡ ਵਿਚ ਰਹਿ ਰਿਹਾ ਹੈ, ਪਰ ਉਹ ਲਗਾਤਾਰ ਆਪਣੀ ਜਨਮ ਭੂਮੀ ਪਟਿਆਲਾ ਨਾਲ ਜੁੜਿਆ ਰਿਹਾ ਹੈ, ਇਹ ਉਸ ਦੀ ਮਿੱਟੀ ਦਾ ਮੋਹ ਹੀ ਹੈ ਜੋ ਉਸ ਨੂੰ ਕਈ-2 ਵਾਰ ਇੰਗਲੈਡ ਤੋ ਪਟਿਆਲਾ ਅਤੇ ਫਿਰ ਅਗੇ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ ਆਦਿ ਸ਼ਹਿਰਾਂ ਵੱਲ ਖਿੱਚ ਲਿਆਉਦਾਂ ਹੈ। ਉਸ ਦਾ ਭਾਰਤ ਅਤੇ ਭਾਰਤ ਤੋਂ ਬਾਅਦ ਦੋਸਤਾਂ ਮਿਤਰਾਂ ਦਾ ਇੰਨਾਂ ਵੱਡਾ ਅਦਾਰਾ ਹੈ ਕਿ ਜਿਸ ਵਿੱਚ ਉਹਨਾਂ ਦੇਸ਼ਾਂ ਦੇ ਕੇਦਰੀ ਮੰਤਰੀਆਂ, ਪ੍ਰਾਤਾਂ ਦੇ ਮੰਤਰੀਆਂ, ਅਗਾਹਵਧੂ ਸਨਅਤਕਾਰਾਂ ਖੇਤੀ ਮਾਹਿਰਾਂ, ਜਜਾਂ, ਵਕੀਲਾਂ, ਰਾਜਨੀਤਿਕ ਲੀਡਰਾਂ, ਲੇਖਕਾਂ, ਖਿਡਾਰੀਆਂ ਆਦਿ ਨਾਲ ਇੰਨੇ ਨੇੜੇ ਦੇ ਸਬੰਧ ਹਨ ਕਿ ਉਹ ਉਹਨਾਂ ਦੇ ਪ੍ਰੀਵਾਰਾਂ ਬਾਰੇ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਵੀ ਜਾਣਕਾਰੀ ਰੱਖਦਾ ਹੈ।
13 ਅਪ੍ਰੈਲ 2017 ਨੂੰ ਵਿਸਾਖੀ ਵਾਲੇ ਦਿਨ ਨਰਪਾਲ ਸਿੰਘ ਸ਼ੇਰਗਿਲ ਵਲੋ ਤਿਆਰ ਕੀਤੀ ਅੰਤਰਾਸ਼ਟਰੀ ਡਾਇਰੈਕਟਰੀ ਨਾ ਸਿਰਫ ਪੰਜੁਬ ਵਿੱਚ ਸਗੋ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ। ਜਿਥੇ ਉਹ ਪੰਜਾਬੀਆਂ ਦੇ ਕੰਮਾਂ ਨੁੰ ਉਜਾਗਰ ਕਰਦਾ ਹੈ, ਉਤਸਾਹਿਤ ਕਰਦਾ ਹੈ ਅਤੇ ਉਹਨਾਂ ਬਾਰੇ ਦੁਨੀਆਂ ਭਰ ਵਿੱਚ ਜਾਣਕਾਰੀ ਫੈਲਾਉਦਾ ਹੈ, ਉਥੇ ਉਹ ਪੰਜਾਬੀਆਂ ਦਾ ਖੈਰਖਾਹ ਅਤੇ ਪ੍ਰੀਵਾਰ ਦਾ ਮੁੱਖੀ ਹੋਣ ਕਰਕੇ ਸਮੇਂ-2 ਤੇ ਸੁਚੇਤ ਵੀ ਕਰਦਾ ਰਹਿੰਦਾ ਹੈ। ਪਿਛਲੇ 55 ਸਾਲਾਂ ਦੇ ਕਾਰਜਸੀਲ ਸਮੇਂ ਵਿਚ ਜਿੰਨ੍ਹਾਂ ਕੰਮ ਇੱਕਲੇ ਵਿਅਕਤੀ ਨੇ ਪੰਜਾਬੀਆਂ ਇਕ ਅੰਤਰਰਾਸਟਰੀ ਰਾਜਦੂਤ ਵਜੋ ਕੀਤਾ ਹੈ, ਉਸ ਨੂੰ ਵੇਖਣ ਤੇ ਇਕ ਦਮ ਇਹ ਭੁਲੇਖਾ ਪੈਦਾ ਹੈ ਕਿ ਇਹ ਵਿਅਕਤੀ ਹੈ ਕਿ ਇਕ ਸੰਸਥਾ ਹੈ।
ਲੇਖਕ, ਇੰਡੀਅਨ ਕੌਂਸਿਲ ਆਫ ਸੋਸਲ ਸਾਇੰਸੀਸ 
ਨਿਊ ਦਿਲੀ ਦਾ ਸੀਨੀਅਰ ਫੈਲੋ ਹੈ। 
ਡਾ. ਸ.ਸ. ਛੀਨਾ


Related News