ਇਸ ਆਈਲੈਂਡ ''ਤੇ 10 ਦਿਨਾਂ ''ਚ ਆਇਆ 352 ਵਾਰ ਭੂਚਾਲ

10/18/2017 3:14:24 PM

ਸਪੇਨ(ਭਾਸ਼ਾ)— ਭੂਚਾਲ ਦੇ ਝਟਕੇ ਕਿਸੇ ਵੀ ਜਗ੍ਹਾ ਨੂੰ ਕੁੱਝ ਸਕਿੰਟਾਂ ਵਿਚ ਹੀ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ ਪਰ ਦੁਨੀਆ ਵਿਚ ਇਕ ਅਜਿਹਾ ਆਈਲੈਂਡ ਵੀ ਹੈ ਜਿੱਥੇ ਸਿਰਫ 10 ਦਿਨਾਂ ਦੇ ਅੰਦਰ 352 ਵਾਰ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਵਿਗਿਆਨੀਆਂ ਦੀ ਰਿਪੋਰਟ ਮੁਤਾਬਕ ਲਾ ਪਲਮਾ ਆਈਲੈਂਡ ਵਿਚ ਪਿਛਲੇ ਇਕ ਹਫ਼ਤੇ ਵਿਚ ਕਰੀਬ 300 ਤੋਂ ਜ਼ਿਆਦਾ ਵਾਰ ਭੂਚਾਲ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ਦੇ ਝਟਕਿਆਂ ਵਿਚੋਂ ਜ਼ਿਆਦਾਤਰ ਝਟਕੇ ਛੋਟੇ ਸਨ ਜਿਨ੍ਹਾਂ ਨੂੰ ਕਿਸੇ ਵੀ ਨਾਗਰਿਕ ਵੱਲੋਂ ਮਹਿਸੂਸ ਨਹੀਂ ਕੀਤਾ ਗਿਆ ਸੀ।
ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਹੁਣ ਵਿਗਿਆਨੀ ਲਾ ਪਲਮਾ ਵਿਚ 24 ਘੰਟੇ ਭੂਚਾਲ ਸੰਭਾਵਿਕ ਗਤੀਵਿਧੀਆਂ ਉੱਤੇ ਨਜ਼ਰ ਬਣਾਏ ਹੋਏ ਹਨ। ਇਸ ਦੇ ਨਾਲ ਹੀ ਵਿਗਿਆਨੀਆਂ ਨੇ ਆਈਲੈਂਡ ਉੱਤੇ ਸਥਿਤ ਸਰਗਰਮ ਜਵਾਲਾਮੁਖੀ ਦੇ ਸਲੋਪਸ ਉੱਤੇ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਆਈਲੈਂਡ ਉੱਤੇ 6 ਅਤੇ 7 ਅਕਤੂਬਰ ਨੂੰ ਭੂਚਾਲ ਦੇ 40 ਤੋਂ ਜ਼ਿਆਦਾ ਝਟਕੇ ਆਏ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਝਟਕਿਆਂ ਦੀ ਤੀਬਰਤਾ 2.7 ਸੀ। ਇਸ ਤੋਂ ਬਾਅਦ 13 ਅਕਤੂਬਰ ਨੂੰ ਕਰੀਬ 44 ਵਾਰ ਭੂਚਾਲ ਦੇ ਝਟਕੇ ਆਏ ਸਨ, ਜਿਨ੍ਹਾਂ ਦੀ ਤੀਬਰਤਾ 2.1 ਦੱਸੀ ਗਈ। ਨੈਸ਼ਨਲ ਜਿਓਗ੍ਰਾਫੀ ਇੰਸਟੀਚਿਊਟ ਮੁਤਾਬਕ ਆਈਲੈਂਡ ਉੱਤੇ ਸਥਿਤ ਜਵਾਲਾਮੁਖੀ ਦੀ ਹਰ ਦਿਨ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਇਕ ਟੀਮ ਨੂੰ ਲਾ ਪਲਮਾ ਸਥਿਤ ਜਵਾਲਾਮੁਖੀ ਦੀ ਸਟਡੀ ਲਈ ਵੀ ਭੇਜਿਆ ਜਾਵੇਗਾ।
ਨੈਸ਼ਨਲ ਜਿਓਗ੍ਰਾਫੀ ਇੰਸਟੀਚਿਊਟ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਦੇ ਪਿੱਛੇ 3 ਨਵੇਂ ਮਾਨੀਟਰਿੰਗ ਸਟੇਸ਼ਨ ਨੂੰ ਕਾਰਨ ਦੱਸਿਆ ਗਿਆ ਹੈ। ਲਾ ਪਲਮਾ ਵਿਚ ਕਰੀਬ 86,000 ਲੋਕ ਰਹਿੰਦੇ ਹਨ। ਇਹ ਆਈਲੈਂਡ ਸੈਲਾਨੀਆਂ ਵਿਚਕਾਰ ਕਾਫੀ ਮਸ਼ਹੂਰ ਵੀ ਹੈ, ਇਸ ਲਈ ਇੱਥੇ ਹਮੇਸ਼ਾ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਕ ਖਬਰ ਮੁਤਾਬਕ ਇਸ ਟਾਪੂ ਸਮੂਹ ਵਿਚ ਲਾ ਪਲਮਾ ਵਿਚ ਸਭ ਤੋਂ ਜ਼ਿਆਦਾ ਸਰਗਰਮ ਜਵਾਲਾਮੁਖੀ ਹੈ।
ਨੈਸ਼ਨਲ ਜਿਓਗ੍ਰਾਫੀ ਇੰਸਟੀਚਿਊਟ ਦੀ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਇੱਥੇ ਇਸ ਤੋਂ ਪਹਿਲਾਂ ਇਨ੍ਹੇ ਲਗਾਤਾਰ ਭੂਚਾਲ ਦੇ ਝਟਕੇ ਆਉਂਦੇ ਨਹੀਂ ਦੇਖੇ ਸਨ। ਇਸ ਲਈ ਇੰਸਟੀਚਿਊਟ ਨੇ ਆਈਲੈਂਡ ਉੱਤੇ ਆ ਰਹੇ ਭੂਚਾਲ ਦੇ ਝਟਕਿਆਂ ਉੱਤੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਉਹ ਕਾਫੀ ਗੰਭੀਰਤਾ ਨਾਲ ਇਸ ਦਾ ਅਧਿਐਨ ਕਰ ਰਹੇ ਹਨ।


Related News