ਜਾਣੋ ਆਨਰ ਕਿਲਿੰਗ ਵਿਰੁੱਧ ਪਾਕਿ ''ਚ ਪਾਸ ਹੋਏ ਬਿੱਲ ਬਾਰੇ ਕੀ ਬੋਲਿਆ ਅਮਰੀਕਾ
Saturday, Oct 08, 2016 - 05:25 PM (IST)
ਵਾਸ਼ਿੰਗਟਨ— ਅਮਰੀਕਾ ਨੇ ਪਰਿਵਾਰ ਦੀ ਝੂਠੀ ਸ਼ਾਨ ਖਾਤਰ (ਆਨਰ ਕਿਲਿੰਗ) ਕਤਲ ਵਿਰੁੱਧ ਪਾਸ ਪਾਕਿਸਤਾਨ ਦੇ ਬਿੱਲ ਦਾ ਸੁਆਗਤ ਕੀਤਾ ਹੈ। ਅਮਰੀਕਾ ਨੇ ਇਸ ਬਿੱਲ ਨੂੰ ਪਾਕਿਸਤਾਨ ''ਚ ਔਰਤਾਂ ਦੀ ਰੱਖਿਆ ਯਕੀਨੀ ਕਰਨ ਦੀ ਦਿਸ਼ਾ ''ਚ ਇਕ ਅਹਿਮ ਕਦਮ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ, ''''ਅਸੀਂ ਇਸ ਪਰੰਪਰਾ ਨੂੰ ਖਤਮ ਕਰਨ ਲਈ ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ।''''
ਉਨ੍ਹਾਂ ਕਿਹਾ ਕਿ ਇਹ ਬਿੱਲ ਪਾਕਿਸਤਾਨ ''ਚ ਔਰਤਾਂ ਅਤੇ ਲੜਕੀਆਂ ਦੀ ਰੱਖਿਆ ਅਤੇ ਸਮਾਜ ''ਚ ਉਨ੍ਹਾਂ ਦੀ ਪੂਰਨ ਹਿੱਸੇਦਾਰੀ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ''ਚ ਇਕ ਅਹਿਮ ਕਦਮ ਹੈ। ਕਿਰਬੀ ਨੇ ਕਿਹਾ, ''''ਅਗਲਾ ਅਹਿਮ ਕਦਮ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਅਤੇ ਅਪਰਾਧੀਆਂ ਨੂੰ ਜਵਾਬਦੇਹ ਬਣਾਉਣਾ ਹੈ ਅਤੇ ਅਸੀਂ ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਮਰਥਨ ਦਿੰਦੇ ਰਹਾਂਗੇ।''''
ਦੱਸਣ ਯੋਗ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਵਿਧਾਨ ਸਭਾ ਨੇ ਵੀਰਵਾਰ ਨੂੰ ਇਕ ਬਿੱਲ ਪਾਸ ਕਰ ਕੇ ਝੂਠੀ ਸ਼ਾਨ ਦੇ ਨਾਮ ''ਤੇ ਹੱਤਿਆ ਕਰਨ ਵਾਲੇ ਲੋਕਾਂ ਦੇ ਬਚ ਨਿਕਲਣ ਦਾ ਰਾਹ ਬੰਦ ਕਰ ਦਿੱਤਾ ਹੈ। ਬਿੱਲ ਤਹਿਤ ਜੇਕਰ ਪੀੜਤ ਦੇ ਪਰਿਵਾਰ ਵਾਲੇ ਕਾਤਲ ਨੂੰ ਮੁਆਫ ਵੀ ਕਰ ਦਿੰਦੇ ਹਨ ਤਾਂ ਵੀ ਉਸ ਲਈ ਉਮਰ ਕੈਦ ਦੀ ਸਜ਼ਾ ਜ਼ਰੂਰੀ ਹੋਵੇਗੀ। ਬਿੱਲ ''ਚ ਕਿਹਾ ਗਿਆ ਹੈ ਕਿ ਝੂਠੀ ਸ਼ਾਨ ਖਾਤਰ ਹਰ ਸਾਲ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਜਾਂਦੀ ਹੈ। ਇਹ ਬਿੱਲ ਪਾਸ ਕਰਨਾ ਜ਼ਰੂਰੀ ਸੀ ਤਾਂ ਕਿ ਇਨ੍ਹਾਂ ਅਪਰਾਧਾਂ ਨੂੰ ਵਾਰ-ਵਾਰ ਹੋਣ ਤੋਂ ਰੋਕਿਆ ਜਾ ਸਕੇ।
