ਨਵਾਜ਼ ਦੀ ਵਧੀ ਮੁਸ਼ਕਿਲ, ਧੀ-ਜਵਾਈ 'ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

10/20/2017 8:48:09 AM

ਇਸਲਾਮਾਬਾਦ,(ਬਿਊਰੋ)—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉੱਥੋਂ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ ਤੈਅ ਕੀਤੇ ਹਨ। ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ ਮੁਹੰਮਦ ਸਫਦਰ 'ਤੇ ਲੰਡਨ 'ਚ ਜਾਇਦਾਦਾਂ ਨਾਲ ਸੰਬੰਧ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਦੋਸ਼ ਤੈਅ ਕੀਤੇ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਉੱਤੇ ਲੰਡਨ 'ਚ ਆਲੀਸ਼ਾਨ ਫਲੈਟ ਦਾ ਮਾਲਕਾਨਾ ਹੱਕ ਰੱਖਣ ਦਾ ਦੋਸ਼ ਹੈ। ਅਦਾਲਤ 'ਚ ਸੁਣਵਾਈ ਦੌਰਾਨ ਮਰੀਅਮ ਅਤੇ ਉਨ੍ਹਾਂ ਦੇ ਪਤੀ ਅਦਾਲਤ 'ਚ ਮੌਜੂਦ ਸਨ। ਉੱਥੇ ਹੀ ਸ਼ਰੀਫ ਨੇ ਪੇਸ਼ੀ ਲਈ ਆਪਣੇ ਪ੍ਰਤੀਨਿਧੀ ਨੂੰ ਭੇਜਿਆ ਸੀ। ਕਿਹਾ ਜਾ ਰਿਹਾ ਹੈ ਕਿ ਸ਼ਰੀਫ ਬ੍ਰਿਟੇਨ 'ਚ ਆਪਣੀ ਬੀਮਾਰ ਪਤਨੀ ਦਾ ਇਲਾਜ ਕਰਵਾ ਰਹੇ ਹਨ ਅਤੇ ਇਸ ਕਾਰਨ ਉਹ ਅਦਾਲਤ 'ਚ ਪੇਸ਼ ਨਹੀਂ ਹੋਏ। 
ਸ਼ਰੀਫ ਪਰਿਵਾਰ ਖਿਲਾਫ ਲੰਡਨ ਸਥਿਤ ਉਨ੍ਹਾਂ ਦੀ ਐਵੇਨਫੀਲਡ ਜਾਇਦਾਦ, ਅਜੀਜੀਆ ਸਟੀਲ ਮਿਲਜ਼ ਅਤੇ ਨਾਲ ਹੀ 16 ਹੋਰ ਵਿਦੇਸ਼ੀ ਕੰਪਨੀਆਂ ਨਾਲ ਸੰਬੰਧਤ ਚਾਰ ਮਾਮਲਿਆਂ 'ਚ ਇਹ ਦੋਸ਼ ਲਗਾਏ ਗਏ ਹਨ। ਹਾਲਾਂਕਿ ਸ਼ਰੀਫ ਅਤੇ ਬਚਾਅ ਪੱਖ ਦੇ ਮੁੱਖ ਵਕੀਲ ਖਵਾਜਾ ਹੈਰਿਸ ਦੋਵੇਂ ਦੇਸ਼ ਤੋਂ ਬਾਹਰ ਹਨ। ਉੱਥੇ ਹੀ ਤਿੰਨੋ ਦੋਸ਼ੀ ਖੁਦ ਦੇ ਨਿਰਦੋਸ਼ ਹੋਣ ਦਾ ਦਾਅਵਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਸੁਪਰੀਮ ਕੋਰਟ ਨੇ 28 ਜੁਲਾਈ ਨੂੰ ਪਨਾਮਾ ਪੇਪਰ ਮਾਮਲੇ 'ਚ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾਇਆ ਸੀ, ਜਿਸ ਦੇ ਕੁਝ ਹਫਤੇ ਬਾਅਦ ਇਹ ਮਾਮਲੇ ਦਰਜ ਕੀਤੇ ਗਏ ਸਨ।


Related News