ਮੌਤ ਦੇ ਮੂੰਹ ''ਚ ਗਈ ਭਾਰਤੀ ਵਿਦਿਆਰਥਣ ਦੇ ਪਰਿਵਾਰ ਨੇ ਕਿਹਾ- ਸਾਡੇ ਸੁਪਨੇ ਅਧੂਰੇ ਰਹਿ ਗਏ

12/12/2017 6:06:56 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਐਲੀਲੇਡ 'ਚ ਭਾਰਤੀ ਵਿਦਿਆਰਥਣ ਨਿਤੀਸ਼ਾ ਨੇਗੀ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ 'ਚ ਹੈ। ਬੀਤੇ ਐਤਵਾਰ ਨੂੰ 15 ਸਾਲਾ ਨਿਤੀਸ਼ਾ ਨੇਗੀ ਦੀ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਬੀਚ 'ਚ ਡੁੱਬਣ ਕਾਰਨ ਮੌਤ ਹੋ ਗਈ, ਬਚਾਅ ਅਧਿਕਾਰੀਆਂ ਦੀ ਟੀਮ ਨੇ ਖੋਜ ਤੋਂ ਬਾਅਦ ਉਸ ਦੀ ਲਾਸ਼ ਨੂੰ ਸੋਮਵਾਰ ਦੀ ਸਵੇਰ ਨੂੰ ਬਰਾਮਦ ਕੀਤਾ ਸੀ। 
ਦਰਅਸਲ ਨਿਤੀਸ਼ਾ ਸਕੂਲ ਪੱਧਰ 'ਤੇ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਲਈ ਦੱਖਣੀ ਆਸਟ੍ਰੇਲੀਆ ਆਈ ਸੀ। ਐਤਵਾਰ ਦੀ ਸ਼ਾਮ ਨੂੰ ਟੀਮ ਦੀਆਂ 4 ਹੋਰ ਕੁੜੀਆਂ ਨਾਲ ਨਿਤੀਸ਼ਾ ਐਡੀਲੇਡ ਦੇ ਗਲੈਨਲਗ ਬੀਚ 'ਤੇ ਗਈ ਸੀ, ਜਿੱਥੇ ਨਿਤੀਸ਼ਾ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀਆਂ ਸਾਥੀ ਖਿਡਾਰਣਾਂ ਨੂੰ ਬਚਾ ਲਿਆ ਗਿਆ।  
ਓਧਰ ਨਿਤੀਸ਼ਾ ਦੇ ਅੰਕਲ ਨੇ ਬਲਬੀਰ ਸਿੰਘ ਨੇ ਕਿਹਾ ਕਿ ਉਹ ਛੋਟੀ ਉਮਰ 'ਚ ਹੀ ਫੁੱਟਬਾਲ ਦੀ ਸਟਾਰ ਬਣ ਗਈ ਸੀ। ਸਿੰਘ ਨੇ ਦੱਸਿਆ ਕਿ ਉਹ ਭਾਰਤ 'ਚ ਵੱਡੇ ਪੱਧਰ 'ਤੇ ਖੇਡਣਾ ਚਾਹੁੰਦੀ ਸੀ ਅਤੇ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਉਹ ਆਪਣੇ ਪਿਤਾ ਦਾ ਸਹਿਯੋਗ ਕਰਨਾ ਚਾਹੁੰਦੀ ਸੀ, ਜੋ ਕਿ ਇਕ ਦੁਕਾਨਦਾਰ ਹਨ। ਉਨ੍ਹਾਂ ਇਸ ਦੇ ਨਾਲ ਹੀ ਦੱਸਿਆ ਕਿ ਨਿਤੀਸ਼ਾ ਨੇ ਛੋਟੀ ਉਮਰ 'ਚ ਹੀ ਖੇਡਾਂ 'ਚ ਕਈ ਤਰ੍ਹਾਂ ਦੇ ਤਮਗੇ ਜਿੱਤੇ ਸਨ ਪਰ ਅਫਸੋਸ ਉਸ ਨੂੰ ਤੈਰਨਾ ਨਹੀਂ ਸੀ ਆਉਂਦਾ। 
ਨਿਤੀਸ਼ਾ ਦੇ ਪਿਤਾ ਪੂਰਨ ਸਿੰਘ ਨੇਗੀ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਪਰਿਵਾਰ ਲਈ ਵੱਡੀ ਖੁਸ਼ੀ ਸੀ, ਜੋ ਕਿ ਸਾਡੇ ਤੋਂ ਕੋਹਾਂ ਦੂਰ ਹੋ ਗਈ ਹੈ। ਹੁਣ ਸਾਡਾ ਸਭ ਕੁਝ ਖਤਮ ਹੋ ਗਿਆ ਹੈ, ਸਾਡੇ ਸਾਰੇ ਸੁਪਨੇ ਅਧੂਰੇ ਰਹਿ ਗਏ। ਨੇਗੀ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਹਰ ਸਮੇਂ ਫੁੱਟਬਾਲ ਦਾ ਅਭਿਆਸ ਅਤੇ ਪੜ੍ਹਾਈ ਕਰਨ ਵੱਲ ਧਿਆਨ ਰਹਿੰਦਾ ਸੀ। ਪਰਿਵਾਰ ਨੇ ਆਪਣੀ ਧੀ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਨੂੰ ਮੰਗ ਕੀਤੀ ਹੈ ਕਿ ਬੀਚ 'ਤੇ ਤੈਰਾਕੀ ਕਰਨ 'ਤੇ ਪਾਬੰਦੀ ਲਾਈ ਜਾਵੇ। ਨਿਤੀਸ਼ਾ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਤੀਸ਼ਾ ਦੀ ਲਾਸ਼ ਐਤਵਾਰ ਨੂੰ ਭਾਰਤ ਆਵੇਗੀ, ਜਿਸ ਦੀ ਉਹ ਉਡੀਕ ਕਰ ਰਹੇ ਹਨ।


Related News