ਪੈਟਰੋਲ ਹੋ ਸਕਦੈ ਜ਼ਿਆਦਾ ਮਹਿੰਗਾ, ਇਸ ਕਾਰਨ ਜੇਬ ''ਤੇ ਵਧੇਗਾ ਭਾਰ

12/12/2017 4:05:00 PM

ਨਵੀਂ ਦਿੱਲੀ— ਕੱਚੇ ਤੇਲ ਦੀ ਤੇਜ਼ੀ ਨੇ ਤੇਲ ਦਰਾਮਦਕਾਰ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ ਢਾਈ ਸਾਲਾਂ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋ ਸਕਦਾ ਹੈ। ਯੂ. ਕੇ. ਦੇ ਉੱਤਰੀ ਸਮੁੰਦਰ ਵਿੱਚ ਪ੍ਰਮੁੱਖ ਪਾਈਪਲਾਈਨ ਮੁਰੰਮਤ ਲਈ ਬੰਦ ਕੀਤੀ ਗਈ ਹੈ, ਜਿਸ ਕਾਰਨ ਕੱਚਾ ਤੇਲ ਪ੍ਰਤੀ ਬੈਰਲ 65 ਡਾਲਰ ਦੇ ਪਾਰ ਹੋ ਗਿਆ ਹੈ। ਉੱਥੇ ਹੀ, ਪਹਿਲਾਂ ਹੀ ਮਾਰਕੀਟ 'ਚ ਓਪੇਕ ਵੱਲੋਂ ਉਤਪਾਦਨ 'ਚ ਕੀਤੀ ਜਾ ਰਹੀ ਕਟੌਤੀ ਕਾਰਨ ਸਪਲਾਈ ਘੱਟ ਹੈ।
ਜਾਣਕਾਰੀ ਮੁਤਾਬਕ, ਫੋਰਟਾਈਜ਼ ਆਇਲ ਅਤੇ ਗੈਸ ਪਾਈਪਲਾਈਨ 'ਚ ਦਰਾੜ ਪੈਣ ਕਾਰਨ ਇਸ ਨੂੰ ਸੋਮਵਾਰ ਬੰਦ ਕਰ ਦਿੱਤਾ ਗਿਆ। ਇਹ ਬ੍ਰਿਟੇਨ ਦੀ ਪ੍ਰਮੁੱਖ ਪਾਈਪਲਾਈਨ ਹੈ, ਜਿਸ ਜ਼ਰੀਏ ਰੋਜ਼ਾਨਾ 4 ਲੱਖ 50 ਹਜ਼ਾਰ ਬੈਰਲ ਕੱਚਾ ਤੇਲ ਉੱਤਰੀ ਸਮੁੰਦਰ ਤੋਂ ਸਕਾਟਲੈਂਡ ਦੇ ਪ੍ਰੋਸੈਸਿੰਗ ਪਲਾਂਟ 'ਚ ਪਹੁੰਚਦਾ ਹੈ। ਫੋਰਟਾਈਜ਼ ਕੱਚਾ ਤੇਲ ਕਈ ਗ੍ਰੇਡ ਦੇ ਤੇਲਾਂ 'ਚੋਂ ਇਕ ਹੈ, ਜੋ ਬ੍ਰੈਂਟ ਕੱਚੇ ਤੇਲ ਦੀ ਕੀਮਤ ਤੈਅ ਕਰਦਾ ਹੈ। ਯੂ. ਕੇ. ਦੇ ਪਹਿਲੇ ਪ੍ਰਮੁੱਖ ਸਮੁੰਦਰੀ ਤੇਲ ਖੇਤਰ ਤੋਂ ਕੱਚਾ ਤੇਲ ਟਰਾਂਸਪੋਰਟ ਕਰਨ ਲਈ ਫੋਰਟਾਈਜ਼ ਪਾਈਪਲਾਈਨ ਸਿਸਟਮ 1975 'ਚ ਖੋਲ੍ਹਿਆ ਗਿਆ ਸੀ। ਪਾਈਪਲਾਈਨ ਬੰਦ ਹੋਣ ਦੀ ਖਬਰ ਤੋਂ ਬਾਅਦ ਕੌਮਾਂਤਰੀ ਮਾਰਕੀਟ 'ਚ ਬ੍ਰੈਂਟ ਕੱਚਾ ਤੇਲ 65.20 ਅਤੇ 65.35 ਡਾਲਰ ਪ੍ਰਤੀ ਬੈਰਲ ਦੇ ਦਾਇਰੇ 'ਚ ਪਹੁੰਚ ਗਿਆ। ਇਹ 24 ਜੂਨ 2015 ਤੋਂ ਬਾਅਦ ਦਾ ਉੱਚਾ ਪੱਧਰ ਹੈ।
ਉੱਥੇ ਹੀ, ਇਸ ਪਾਈਪਲਾਈਨ ਦੀ ਪ੍ਰਬੰਧਕ ਕੰਪਨੀ ਇਨਓਸ ਨੇ ਕਿਹਾ ਕਿ ਪਾਈਪ 'ਚ ਸਪਲਾਈ ਦਾ ਦਬਾਅ ਘਟਾਉਣ ਦੇ ਬਾਵਜੂਦ ਦਰਾੜ ਵਧ ਗਈ ਅਤੇ ਨਤੀਜੇ ਵਜੋਂ ਪ੍ਰਬੰਧਨ ਟੀਮ ਨੇ ਹੁਣ ਫੈਸਲਾ ਕੀਤਾ ਹੈ ਕਿ ਪਾਈਪਲਾਈਨ ਨੂੰ ਚੰਗੀ ਤਰ੍ਹਾਂ ਮੁਰੰਮਤ ਲਈ ਬੰਦ ਰੱਖਣਾ ਸਹੀ ਰਹੇਗਾ। ਕੰਪਨੀ ਮੁਤਾਬਕ, ਮੁਰੰਮਤ ਦੌਰਾਨ ਪਾਈਪਲਾਈਨ ਘੱਟੋ-ਘੱਟ ਦੋ ਹਫਤੇ ਤਕ ਬੰਦ ਰਹਿ ਸਕਦੀ ਹੈ। ਯੂ. ਕੇ. ਦੀ ਪ੍ਰਮੁੱਖ ਪਾਈਪਲਾਈਨ ਬੰਦ ਹੋਣ ਦੀ ਖਬਰ ਨਾਲ ਬਾਜ਼ਾਰ 'ਚ ਕੱਚਾ ਤੇਲ ਹੋਰ ਮਹਿੰਗਾ ਹੋਣ ਦੇ ਆਸਾਰ ਹਨ। ਯੂ. ਕੇ. ਆਇਲ ਅਤੇ ਗੈਸ ਦੀ ਪ੍ਰਮੁੱਖ ਕਾਰਜਕਾਰੀ ਨੇ ਕਿਹਾ ਕਿ ਅਸੀਂ ਇਨਓਸ ਨਾਲ ਲਗਾਤਾਰ ਸੰਪਰਕ 'ਚ ਹਾਂ ਅਤੇ ਹਾਲਾਤ 'ਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਿੰਨੀ ਜਲਦੀ ਹੋ ਸਕੇ ਇਹ ਪਾਈਪਲਾਈਨ ਚਾਲੂ ਹੋ ਜਾਵੇਗੀ।


Related News