ਸੈਰ-ਸਪਾਟਾ ਵਿਸ਼ੇਸ਼ 10 : ਪੰਜਾਬੀ ਗੱਭਰੂਆਂ ਵਲੋਂ ਤਾਲਾਬੰਦੀ ਦੌਰਾਨ ਕੀਤੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ

Monday, Oct 26, 2020 - 01:53 PM (IST)

ਸੈਰ-ਸਪਾਟਾ ਵਿਸ਼ੇਸ਼ 10 : ਪੰਜਾਬੀ ਗੱਭਰੂਆਂ ਵਲੋਂ ਤਾਲਾਬੰਦੀ ਦੌਰਾਨ ਕੀਤੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ

ਅੰਮ੍ਰਿਤ ਪਾਲ ਸਿੰਘ
91 94653 83711

ਕੋਰੋਨਾ ਕਾਲ ਦੀ ਅਖੌਤੀ ਤਾਲਾਬੰਦੀ ਦੇ ਚੱਲਦਿਆਂ ਬੱਗੜ ਹੋਣੀਂ ਪੰਜਾਬ ਘੁੰਮ ਰਹੇ ਨੇ। ਅੱਜ ਚੰਨਣਗੀਹਰੇ ਅੰਗੂ ਤਿੱਖੜ ਦੁਪਹਿਰੇ ਨਿਕਲ ਸਫ਼ਰ ਸ਼ੁਰੂ ਕੀਤਾ। ਪਹਿਲਾ ਪੜਾਅ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੇ ਖੇਤਾਂ ‘ਚ ਵੱਡੇ ਬਾਈ ਬਿੱਲੇ ਧਾਲੀਵਾਲ ਦੀ ਮੋਟਰ ’ਤੇ ਗੱਲਾਂ ਦਾ ਕੜਾਹ ਬਣਾਉਦਿਆਂ ਕੀਤਾ। 70-80 ਕਿੱਲੋਮੀਟਰ ਪੈਡਲ ਮਾਰਕੇ ਜ਼ਿਲ੍ਹੇ ਮੋਗੇ ਦੇ ਪਿੰਡ ਸੈਦੋਕੇ ਲੰਘ ਇਤਿਹਾਸਿਕ ਪਿੰਡ ਤਖਤੂਪੁਰਾ ਸਾਹਿਬ ਲਿਵੇ ਗੌਦਰੇਜ ਨੰਬਰ ਵੰਨ ਨਾਲ ਝੱਗੋ ਝੱਗ ਹੁੰਦਿਆਂ ਮੋਟਰ ਦੀ ਖੇਲ ‘ਚ ਚੰਗੇ ਇਸ਼ਨਾਨੇ ਕਰਨ ਬਾਅਦ ਪਿੰਡ ਬੌਡੇ ‘ਚ ਗੋਪੀ ਘਰੋਂ ਰਲਮੇਂ ਜੂਸ ਤੋਂ ਦਸ ਮਿੰਟ ਬਾਅਦ ਪੀਤੇ ਕੋਸੇ ਦੁੱਧ ਨਾਲ ਹੱਡਾਂ ਦੀ ਟਕੋਰ ਕੀਤੀ। ਪਹਿਲੀ ਰਾਤ ਪਿੰਡ ਲੋਪੋਂ ਦੀ ਢਾਣੀ ਤੇ ਗੱਗੂ ਅਰਗਿਆਂ ਨਾਲ ਕੋਠੇ ’ਤੇ ਤਾਰਿਆਂ ਛਾਵੇਂ ਰਾਤੀਂ ਇੱਕ ਵਜੇ ਤੱਕ ਯੱਕੜ ਮਾਰਦਿਆਂ ਲੰਘੀ। ਅਗਲਾ ਸਫ਼ਰ ਸੁਲਤਾਨਪੁਰ ਲੋਧੀ ਤੱਕ ਹੋਵੇਗਾ। ਪੈਂਪਰਾਂ, ਲੇਸ ਚਿਪਸਾਂ, ਕੋਕਾਂ ਨਾਲ ਲੱਦੇ ਸ਼ਹਿਰਾਂ ਤੇ ਵੱਡੀਆਂ ਸੜਕਾਂ ਤੋਂ ਪਾਸੇ ਪਗਡੰਡੀਆਂ, ਪਹੀਆਂ, ਲਿੰਕ ਰੋੜਾਂ ਤੇ ਦੌਂਹ ਚਹੁੰ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਜਾਣਾ। ਰਾਹ ਦਾ ਕੋਈ ਮਿੱਤਰ ਪਿਆਰਾ ਹੋਇਆ ਤਾਂ ਸੁਨੇਹਾ ਘੱਲਿਓ, ਟੱਕਰਾਂਗੇ। ਸਿਹਤ, ਹਾਲਾਤ, ਸੈਕਲ ਤਕੜੇ ਰਹੇ ਤਾਂ ਅੱਗੇ ਚੱਲਾਂਗੇ।

ਦੂਜੇ ਦਿਨ ਮੋਗੇ ਨੇੜਲੇ ਪਿੰਡ ਢੁੱਡੀਕਿਆਂ ਦੇ ਸਿਕੰਦਰ ਨੇ ਸੈਕਲ ਦੀ ਚੈਨ ਨੂੰ ਗਲੀਸ ਲਾਕੇ ਜਕੋਤਕੀ ‘ਚ ਪਏ ਚਿੱਤ ਨੂੰ ਰੈਲਾ ਕੀਤਾ ਤੇ ਮੁਕਲਾਵੇ ਜਾਂਦੀ ਮੁਟਿਆਰ ਵੰਗੂ ਬੁਸ ਬੁਸ ਕਰਦਾ ਥੋੜ੍ਹੇ ਚਿਰ ਬਾਅਦ ਚਾਅ ਨਾਲ ਪੈਡਲ ਮਾਰਦਾ ਨਾਲ ਹੋ ਤੁਰਿਆ।

ਅਜੀਤਵਾਲ ਦੇ ਪੁਲਸ ਥਾਣੇ ਦੌਧਰ ਦੇ ਸੁਖਵਿੰਦਰ ਕੋਲੋਂ ਚਾਹ ਪੀ, ਕੋਕਰੀ, ਭਿੰਡਰ ਹੁੰਦੇ ਵੱਡੀ ਸੜਕ ਤੋਂ ਸ਼ਾਹਕੋਟ ਵੱਲ ਮੁੜੇ। ਸਾਇਕਲ ਦਾ ਇਹ ਸੁਖ ਆ ਕਿ ਖਾਧਾ ਪੀਤਾ ਨਾਲੋਂ ਨਾਲ ਹਜ਼ਮ ਹੋ ਜਾਂਦਾ। ‘ਇੱਟਸ ਡਰਿਜ਼ਲਿੰਗ’ ਟੈਪ ਮੌਸਮ ਦੌਰਾਨ ਰਾਹ ‘ਚੋਂ ਕਿੱਲੋ ਦੇ ਹਿਸਾਬ ਨਾ ਫੜ੍ਹੇ ਕੇਲੇ ਸਤਲੁਜ ਦੇ ਪੁਲ ਤੇ ਖਾਕੇ ਗੱਟੀ ਰਾਏਪੁਰ ਦੇ ਗੁਰਪ੍ਰੀਤ ਤੋਂ ਲੋਕੇਸ਼ਨ ਮੰਗਾਕੇ ਬਾਹਮਣੀਆਂ ਵੱਲ ਮੁੜੇ। ਤੇਗੇ ਲੋਟ ਲੱਗੇ ਖੜਵੰਜੇ ਤੇ ਬੁੜ੍ਹਕਦੇ ਸੈਕਲ ਨੇ ਵਾਹਵਾ ਭੁੱਖ ਲਾਈ। ਗੁਰਪ੍ਰੀਤ ਦੇ ਮੁੰਡੇ ਦੀ ਜਨਮ ਦੀ ਖ਼ੁਸ਼ੀ ‘ਚ ਲਿਆਂਦੇ ਰਸਗੁੱਲੇ ‘ਕੌਟਨ ਕੈਂਡੀ’ ਵੰਗੂ ਮੂੰਹ ‘ਚ ਖੁਰਦੇ ਗਏ। ਖੀਰ ਨੂੰ ਗੇੜਾ ਦੇਕੇ ਅੱਠ ਸਾਢੇ ਅੱਠ ਸੁਲਤਾਨਪੁਰ ਲੋਧੀ ਸਰਾਂ ਦੇ ਦਫ਼ਤਰ ‘ਚ ਅਧਾਰ ਕਾਰਡ ਰੱਖ ਕਮਰੇ ‘ਚ ਜਾ ਲੱਤਾਂ ਪਸਾਰੀਆਂ।

PunjabKesari

ਸਵੇਰੇ ਵੇਈਂ ਨਦੀ ਦੇ ਕੰਢੇ ਸਬੱਬੀਂ ਮਿਲੇ ਵੱਡੇ ਬਾਈ ਜੱਗੀ ਮਾਸਟਰ ਨੇ ਲਿਫ਼ਾਫ਼ਾ ਭਰ ਖਾਣ ਪੀਣ ਦਾ ਸਮਾਨ ਲਿਆ ਰੱਖਿਆ।

ਗੋਇੰਦਵਾਲ ਸਾਹਿਬ ਦੇ ਨੇੜੇ ਕੈਂਟਰ ਮੂਹਰੇ ਆ ਰੁਕਿਆ ਤੇ ਵਿੱਚੋਂ ਉੱਤਰੇ ਬਾਈ ਰਿੱਕੀ ਨੇ ਦੱਸਿਆ ਕਿ ਓਹ ਆਲਮਗੀਰ ਤੋਂ ਖੇਮਕਰਨ ਜਾ ਰਿਹਾ। ਫੇਸਬੁੱਕ ਮਿੱਤਰ ਸੂਚੀ ‘ਚ ਬੈਠੇ ਏਸ ਬਾਈ ਨੇ ਸਾਨੂੰ ਪਛਾਣ ਕੇ ਕੈਂਟਰ ਰੋਕਿਆ। ਖੈਰ, ਅੱਧਾ ਘੰਟਾ ਯੱਕੜ ਮਾਰੇ।

ਖਡੂਰ ਸਾਬ੍ਹ ਦਰਸ਼ਨ ਕਰ ਤਰਨਤਾਰਨ ਪਹੁੰਚੇ। ਤਰਨਤਾਰਨ ਦੇ ਬਾਈ ਪਾਰਸ ਹੋਣਾਂ ਘਰੋਂ ਏਥੋਂ ਦੀ ਮਸ਼ਹੂਰ ਮਿਠਾਈ ਖਾਕੇ ਦਸਾਂ ਮਿੰਟਾਂ ਬਾਅਦ ਤਿੰਨ ਤਿੰਨ ਰੋਟੀਆਂ ਵਿੱਚਦੀ ਗੂਠਾ ਟਪਾਕੇ ਵਿਦਾ ਹੋਏ। ਏਥੇ ਸਾਡਾ ਡੇਰਾ ਨਸ਼ਾ ਛੁਡਾਊ ਕੇਂਦਰ ‘ਚ ਸੀ। ਏਥੇ ਭਰਤੀ ਭਰਾਵਾਂ ਨੇ ਸਣੇ ਸੈਕਲ ਕੁੱਲ ਲੀੜਾ ਲੱਤਾ ਧੋਕੇ ਅਗਲੇ ਸਫ਼ਰ ਲਈ ਤਿਆਰ ਕੀਤਾ।

ਲਗਦਾ ਸੀ ਭਾਰ ਘਟੂ ਪਰ ਜਿਹੜੇ ਹਿਸਾਬ ਨਾਲ ਪਨੀਰ ਹੋਣੀਂ ਟੱਕਰ ਰਹੇ ਨੇ, ਹੌਲਦਾਰ ਰੈਂਕ ਜਿੰਨਾ ਢਿੱਡ ਨਿੱਕਲ ਸਕਦਾ। ਜਿਨ੍ਹਾਂ ਵੀਰਾਂ ਕੋਲ ਰਹੇ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜਿਨ੍ਹਾਂ ਨੂੰ ਹਜੇ ਪਿੱਪਲ਼ ਲੱਗਣਾ ਉਨ੍ਹਾਂ ਦਾ ਅਗਾਊਂ ਧੰਨਵਾਦ।

ਸਫ਼ਰ ’ਤੇ ਮੇਰੇ ਨਾਲ ਨਿਕਲੇ ਸਿਕੰਦਰ ਦੀ ਕਹਾਣੀ ਬੜੀ ਖ਼ਾਸ ਆ। ਇਹ ਯੂ-ਟਿਊਬ ਤੇ ਵਾਹਵਾ ਵਾਇਰਲ ਹੋਇਆ ਸੀ। ਬੀ.ਟੈੱਕ. ਪੜ੍ਹੇ ਨੇ 2009 ਤੋਂ 2014 ਤੱਕ ਸਿਕੰਦਰ ਨਸ਼ਿਆਂ ਦੇ ਦਰਿਆ ਦੇ ਦੂਜੇ ਪਾਸੇ ਜਾ ਲੱਗਾ ਸੀ। ਚਿੱਟਾ ਕਾਲਾ ਕੁੱਲ ਛਕਿਆ। ਸਫ਼ਰ ਦੌਰਾਨ ਜਦੋਂ ਬੈਠੀਦਾ ਤਾਂ ਸਿਕੰਦਰ ਆਵਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਦਾ ਰਹਿੰਦਾ।

PunjabKesari

ਦਾਦੀ ਨੂੰ ਚਿੱਟਾ ਫੜ੍ਹਾ ਦਿੰਦਾ ਕਿ ਕਿਤੇ ਮੈਂ ਸਾਰਾ ਕੱਠਾ ਸਮਾਨ ਨਾ ਲਾ ਲਵਾਂ, ਰਾਤ ਨੂੰ ਦਾਦੀ ਤੋਂ ਥੋੜ੍ਹਾ ਥੋੜ੍ਹਾ ਲੈ ਲੈਂਦਾ। ਮਾਂ, ਭੈਣ ਦੇ ਕੱਪੜੇ ਚੋਰੀ ਕਰਕੇ 300 ਰੁਪੈ ‘ਚ ਵੇਚ ਆਇਆ। ਚੋਰੀਆਂ, ਲਾਹਨਤਾਂ, ਛਿੱਤਰ, ਟੋਪੀਆਂ ਪਾਓਂਦਾ ਨਸ਼ੇ ਖਾਤਰ।

ਆਂਗਣਵਾੜੀ ‘ਚ ਲੱਗੀ ਮਾਂ ਨੂੰ ਕੁੱਟ ਪੈਸੇ ਖੋਂਹਦਾ। ਪਿਓ ਦੇ ਗੱਤਲ ‘ਚ ਰੈਂਬੜਾ ਠੋਕਿਆ ਤੇ ਕੁੱਟ ਕੁੱਟ ਲੱਤ ਤੇ ਬਾਂਹ ਤੋੜੀ। ਅਖੀਰ ਤੂਤ ਦੀ ਛਟੀ ਨਾਲ ਮਾਂ ਕੁੱਟੀ ਤੇ ਮਾਰ ਮਾਰ ਬਾਹਾਂ ਨੀਲੀਆਂ ਕਰਤੀਆਂ। ਰਾਤੋ ਰਾਤ ਘਰਦਿਆਂ ਏਹਨੂੰ ਨਸ਼ਾ ਛੁਡਾਊ ਸੈਂਟਰ ਨੂੰ ਚਕਾਤਾ। ਓਥੇ ਰਹਿਕੇ ਕਹਿੰਦਾ ਮੈਂ ਸਾਰਾ ਦਿਨ ਮਾਂ ਪਿਓ ਨੂੰ ਮਾਰਨ ਦੀਆਂ ਸਲਾਹਾਂ ਕਰਦਾ ਕਿ ਘਰੇ ਜਾਕੇ ਜ਼ਹਿਰ ਦੇ ਦੇਣਾ।

ਪਰ ਮੱਤ ਓਦੋਂ ਬਦਲੀ ਜਦੋਂ ਮਹੀਨੇ ਬਾਅਦ ਬੀਬੀ ਬਾਪੂ ਮਿਲਣ ਆਏ। ਜਿਹੜੇ ਪਿਓ ਨੂੰ ਜ਼ਹਿਰ ਦੇਣ ਬਾਰੇ ਸੋਚ ਰਿਹਾ ਸੀ ਓਹ ਹੱਥ ‘ਚ ਸੇਬਾਂ ਦਾ ਲਿਫ਼ਾਫ਼ਾ ਫੜ੍ਹੀ ਖਲੋਤਾ ਸੀ ਤੇ ਮਾਂ ਓਹੀ ਕੁੱਟੀਆਂ ਬਾਹਾਂ ਅੱਡੀ ਪੁੱਤ ਨੂੰ ਜੱਫੀ ਪਾਓਣ ਖਾਤਰ ਖੜ੍ਹੀ ਸੀ। ਕੈਂਸਰ ਨਾਲ ਮਾਂ-ਪਿਓ ਚਲੇ ਗਏ, ਹੁਣ ਦਾਦੀ ਨਾਲ ਰਹਿੰਦਾ ਤੇ ਮਾਣ ਨਾਲ ਕਹਿੰਦਾ ਮੈਂ ਘਰ ਖਾਣ ਵਾਲੇ ਬੰਦੇ ਨੇ ਨਵਾਂ ਮਕਾਨ ਪਾ ਲਿਆ।

ਦਿਹਾੜੀ ਦੇ 7-7 ਟੀਕੇ ਲਾਓਣ ਵਾਲਾ ਚੋਬਰ ਹੁਣ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਮਲੀਆਂ ਦੀ ਕੌਂਸਲਿੰਗ ਕਰਦਾ ਤੇ ਸੈਮੀਨਾਰ ਲਾਓਂਦਾ, ਲੈਕਚਰ ਦਿੰਦਾ। ਪੰਜਾਬ HIV ਕੰਟਰੋਲ ਕਮੇਟੀ ‘ਚ ਮੋਹਰੀ ਹੋਕੇ ਵਿਚਰਦਾ। ਉਡੂੰ ਉਡੂੰ ਕਰਦਾ ਚੋਬਰ ਮੇਰੇ ਬਰੋਬਰ ਸ਼ੂਕਦਾ ਜਾਂਦਾ।

PunjabKesari

ਸੋਮਵਾਰੀ ਮੱਸਿਆ ਕਰਕੇ ਤਰਨਤਾਰਨ ਵਾਹਵਾ ਕੱਠ ਵੱਠ ‘ਚ ਦਰਸ਼ਨ ਕੀਤੇ। ਜੰਡਿਆਲਾ ਰੋਡ ਤੇ ਸੈਕਲ ਖਿੱਚੇ ਤੇ ਵੱਡੇ ਹਾਈਵੇ ਕੋਲ ਪਿੰਡ ਸ਼ਫੀਪੁਰ ਵੱਡੇ ਬਾਈ ਅਮਨਤਾਜ ਕੋਲ ਜਾ ਬਰੇਕ ਲਾਈ। ਗੁਰਸਿੱਖ ਪਰਿਵਾਰ ਨਾਲ ਗੱਲਾਂ ਕਰਦਿਆਂ, ਪ੍ਰਸ਼ਾਦਾ ਛਕ, ਗਲ ਤੱਕ ਛਲਕਦੀਆਂ ਸੇਵੀਆਂ ਨਾਲ ਅੰਮ੍ਰਿਤਸਰ ਵੱਲ ਵਧੇ। ਗੋਲਡਨ ਗੇਟ ਤੋਂ ਗੁਰਪ੍ਰੀਤ ਦੇ ਬੁਲਟ ਦੀ ਪੈੜ ਨੱਪਦਿਆਂ ਚੰਗੀ ਸਪਰਿੰਟ ਲਾਕੇ ਖਾਲਸਾ ਕਾਲਜ ਲਾਗੇ ਗੋਪੀ ਘਰੇ 25 ਤੇ ਏਸੀ ਸੈੱਟ ਕਰ ਘੜੀ ਲੱਕ ਸਿੱਧਾ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਜਾ ਕੀਤੇ।

ਸਵੇਰੇ ਡਕੈੱਥਲਨ ‘ਚ ਸਾਈਕਲ ਦੀ ਹੱਥ ਫੇਰੀ ਕਰਾਓਣ ਖਾਤਰ ਦੋ ਕੁ ਐਪਾਂ ਇੰਸਟਾਲ ਕਰ ਮਾਲ ‘ਚ ਵੜੇ। ਲਿੱਚਗੜਿੱਚੀਆਂ ਕਰਦਿਆਂ ਨੇ ਸ਼ਾਮੀਂ 6-7 ਵਜੇ ਸੋਹਣਾ ਕੰਮ ਕਰਕੇ ਸੈਕਲ ਦਿੱਤੇ।

ਥੋਹਰਾਂ ਦੇ ਬਾਦਸ਼ਾਹ ਬਾਈ ਨਵਤੇਜ ਘਰੋਂ ਥੋਹਰਾਂ ਦੇ ਦਰਸ਼ਨ ਕਰਕੇ ਸਮੋਸਾ ਛਕ ਕੇ ਪੈਂਦੀ ਭੂਰ ‘ਚ ਰਵਾਨਾ ਹੋਏ ਤੇ ਵੇਰਕਾ ਲੰਘ ਗੋਪਾਲਪੁਰ ਦੇ ਢਾਬੇ ‘ਤੋਂ ਪੁਲਸੀਏ ਮਿੱਤਰ ਕਰਮ ਕੋਲੋਂ ਦੁੱਧ ਦਾ ਪਿਆਲਾ ਛਕਿਆ। ਮੀਂਹ ਪੈਂਦੇ ‘ਚ ਰਾਹ ਦਸੇਰੀ ਗੂਗਲ ਬੀਬੀ ਦੇ ਆਖੇ ਲੱਗ ਇਲਾਕੇ ਦੇ ਸਿਰਕੱਢ ਆਗੂ ਪਰ ਬੇਹੱਦ ਹੰਬਲ ਬੰਦੇ ਚੌਂਗਵੀਏ ਮਿੱਤਰ ਪ੍ਰਿੰਸ ਕੋਲ ਉੱਪੜੇ। ਸਨਮਾਨ ਲੈ ਕੇ ਬਾਬਾ ਬੁੱਢਾ ਸਾਬ੍ਹ ਜਨਮ ਅਸਥਾਨ ਦੇ ਦਰਸ਼ਨ ਕੀਤੇ ਤੇ ਬਟਾਲੇ ਸ਼ਹਿਰ ਦੇ ਵਿੱਚ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਾਲੇ ਥਾਂ ਬਣੇ ਗੁਰਦੁਆਰਾ ਕੰਧ ਸਾਬ੍ਹ ਦੇ ਦਰਸ਼ਨ ਮੇਲੇ ਕੀਤੇ। ਸੱਦਾਚੂਰ ਪਿੰਡੋਂ ਆਏ ਨਵਜੋਤ ਸਿੰਘ ਬਾਜਵਾ ਵੀਰ ਤੋਂ ਆਗਿਆ ਲੈ, ਸੱਜਰੇ ਆਸ਼ਕਾਂ ਵੰਗੂ ਅਨਰਜੀ ਖਾਤਰ ਚਾਕਲੇਟਾਂ ਖਾਂਦੇ, ਹਰਿਔਲ ਮਾਰਦੀ ਸ਼ਹੀਦਾਂ ਦੀ ਧਰਤੀ ਕਾਹਨੂੰਵਾਨ ਜਾ ਨਿੱਕਲੇ। ਸ਼ਾਮੀਂ ਏਥੋਂ ਧਾਰੀਵਾਲ ਹੋਕੇ ਛੋਟੇਪੁਰ ਨਾਲ ਬੌਬੀ ਕੋਲ ਅਵਾਨ ਪਿੰਡ ‘ਚ ਬੈਠੇ ਹੁਣ। ਅਗਲਾ ਸਫਰ ਚੱਕਣਾ ਏਥੋਂ।

PunjabKesari

ਸਾਈਕਲ ਦਾ ਇਹ ਗੁਣ ਆ ਕਿ ਥੋਨੂੰ ਸਬਰ ਦਿੰਦਾ, ਅੰਦਰ ਕਾਹਲ ਨਹੀਂ ਰਹਿੰਦੀ, ਠਰੰਮ੍ਹੇ ਨਾਲ ਤੁਰਦਾ ਬੰਦਾ। ਕਾਰ ਤੇ ਟੌਲਾਂ ਮੂੰਹੇ ਨੰਗ ਹੋਇਆ ਬੰਦਾ ਹੁਰਲ ਹੁਰਲ ਕਰਦਾ ਦਰਬਾਰ ਸਾਹਿਬ ਸੈਲਫੀਆਂ ਖਿੱਚ ਮੁੜ ਜਾਂਦਾ। ਇਹ ਪਵਿੱਤਰ ਥਾਂਵਾਂ ਸੈਕਲ ਕਰਕੇ ਹੀ ਦੇਖ ਰਹੇ ਹਾਂ। ਬੜੇ ਥਾਂ ਨੇ ਪੰਜਾਬ ‘ਚ ਦੇਖਣ ਆਲੇ ਨਿੱਕਲੋ, ਦੇਖੋ...ਰਾਹ ‘ਚ ਮਿਲੇ ਮਿੱਤਰਾਂ ਤੋਂ ਪਹਿਲਾਂ ਪ੍ਰਸ਼ਾਦਾ ਛਕਾਓਣ ਵਾਲੀਆਂ ਓਹਨ੍ਹਾਂ ਦੀਆਂ ਮਾਂਵਾਂ ਦਾ ਬਹੁਤ ਬਹੁਤ ਧੰਨਵਾਦ । 

ਤੜਕੇ ਸੰਦੇਹਾਂ ਉੱਠ, ਧੋਤੇ ਲੀੜੇ ਝੋਲਿਆਂ ’ਚ ਪਾ ਇਤਿਹਾਸਿਕ ਧਰਤੀ ਗੁਰਦਾਸ ਨੰਗਲ ਦੀ ਗੜ੍ਹੀ ਵੱਲ ਚਾਲੇ ਪਾਏ। ਏਥੋਂ ਸੰਨ 1715 ਨੂੰ ਬੰਦਾ ਸਿੰਘ ਬਹਾਦਰ ਹੋਣਾਂ ਨੂੰ ਅੱਠ ਸੌ ਸਿੰਘਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਗੜ੍ਹੀ ਦਾ ਥਾਂ ਆਲੇ ਦੁਆਲੇ ਤੋਂ ਵਾਹਵਾ ਉੱਚਾ।

ਸਾਡਾ ਅਗਲਾ ਪੜਾਅ ਗੁਰਦਾਸਪੁਰ ਦੇ ਲਾਗੇ ਪੈਂਦੇ ਪਿੰਡ ਹਯਾਤ ਨਗਰ ਦੇ ਸਕੇ ਭਰਾਵਾਂ ਰਣਜੋਤ ਤੇ ਲਵਜੋਤ ਦੇ ਘਰ ਸੀ। ਗੁਰੂ ਸਾਬ੍ਹ ਦੀ ਉਸਤਤ ਕਰਦਾ ਹਰੇਕ ਬੰਦਾ ਸਾਡੇ ਸਤਿਕਾਰ ਦਾ ਪਾਤਰ ਹੁੰਦਾ। ਇਹ ਦੋਵੇਂ ਵੀਰ ਪੰਜਾਬੀ ਦੇ ਰਵਾਇਤੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ। ਸਾਰੰਦਾ, ਰਬਾਬ ਆਪ ਬਣਾਓਂਦੇ ਤੇ ਵਜਾਉਂਦੇ ਨੇ। ਅਸੀਂ ਲਾਈਵ ਹੋਏ ਸੀ ਪਰ ਏਅਰਟੈੱਲ, ਸੈੱਲਵੰਨ, ਜੀਓ ਤਿੰਨੇ ਨੈੱਟਵਰਕ ਫੇਲ੍ਹ ਰਹੇ, ਅਵਾਜ਼ ਟੁੱਟਦੀ ਰਹੀ। ਸਾਡੀ ਕੰਧ ’ਤੇ ਪਿਆ ਲਾਈਵ ਸੁਣਿਓ। ਕਮਾਲ ਦੇ ਗੁਣੀ ਬੰਦੇ।

ਘਰੇ ਬੜੀ ਰੀਝ ਨਾਲ ਸੱਜ ਵਿਆਹੀ ਵਹੁਟੀ ਵੰਗੂ ਲਿਸ਼ਕਿਆ ਪੁਸ਼ਕਿਆ 75 ਮਾਡਲ ਸ਼ਿੰਗਾਰਿਆ ਗਦਰ ਆਲਾ ਟਰੱਕ ਖਲੋਤਾ। ਜਿਹੜਾ ਸਿਰਫ ਅਨੰਦਪੁਰ ਸਾਬ੍ਹ ਜਾਣ ਲਈ ਵਰਤਦੇ ਨੇ।

ਏਥੋਂ ਵਿਦਾ ਲੈ ਵਾਹਵਾ ਪੈਂਡਾ ਮਾਰ ਬਾਰਠ ਸਾਬ੍ਹ ਪਹੁੰਚੇ। ਅੱਗੋਂ ਮਾਨ ਸਿੰਘ ਹੋਣਾਂ ਦੇ ਜੰਮੂ ਵੱਲ ਨਾਨਕੇ ਪਿੰਡ ਮਾਧੋਪੁਰ ਡੇਰੇ ਲਾਏ। ਰਾਵੀ ਇਸ਼ਨਾਨ ਕਰਕੇ, ਤਸਵੀਰਾਂ ਖਿੱਚ, ਲੰਗਰ ਛਕ, ਠੰਡੇ ਮੌਸਮ ‘ਚ ਖੇਸ ਖਿੱਚ ਟੈਮ ਨਾਲ ਘੂਕ ਸੁੱਤੇ।

ਅੱਜ ਸ਼ੇਰੇ-ਏ-ਪੰਜਾਬ ਦੇ ਨਾਂ ਤੇ ਬਣੀ ਰਣਜੀਤ ਸਾਗਰ ਡੈਮ ਝੀਲ ਵੱਲ ਜਾਣਾ....ਚੜ੍ਹਾਈ ਆਲਾ ਇਲਾਕਾ...ਅੱਜ ਸਰੀਰ ਜੋਹ ਕੇ ਦੇਖਣਾ....ਮਾਧੋਪੁਰ ਨੇੜਲੇ ਰਾਵੀ ਲਾਗੇ ਪਹਾੜ ਦੇ ਪੈਰਾਂ ‘ਚ ਵੱਸਦੇ ਪਿੰਡ ਜੈਣੀ ਖਲਕੀ ਤੋਂ ਸਾਝਰੇ ਉੱਠ ਪਹਾੜਾਂ ਵੱਲ ਜਾਣ ਲਈ ਲਾਂਗੜ ਕਸ ਲਏ ਸੀ। ਪੰਡਤਾਂ ਵੰਗੂ ਯੁੱਧਵੀਰ ਘਰੋਂ ਆਏ ਰੋਟੀ ਦੇ ਨਿਓਂਤੇ ਤੇ, ਓਹਦੇ ਘਰ ਜਾ ਸੈਕਲ ਸਟੈਂਡ ਲਾਏ। ਮਾਲਵੇ ਦੀ ਆਖਤ ਭਿੰਡੀਆਂ ਦੀ ਦਾਲ ਨਾਲ ਤਿੰਨ ਖੂੰਜੇ ਸ਼ੁਕੀਨ ਜੇ ਪਰੌਂਠਿਆਂ ਨੂੰ ਗੇੜਾ ਦਿੱਤਾ। ਏਧਰ ਰੋਟੀ ਦੇ ਨਾਲ਼ੋਂ ਨਾਲ ਅੰਬ ਚੂਪੇ ਜਾਂਦੇ ਨੇ।

PunjabKesari

ਸਰਦਾਰ ਮਾਨ ਸਿੰਘ ਤੇ ਯੁੱਧਵੀਰ ਸਾਡੇ ਰਾਹ ਦਸੇਰੇ ਬਣ ਕਿੱਕ ਮਾਰ ਸਾਡੇ ਅੱਗੇ ਤੁਰੇ। ਜਗਿਆਲ ਤੋਂ ਮਿਲੇ ਮਿੱਤਰਾਂ ਤੋਂ ਜੂਸ, ਬਿਸਕੁੱਟ ਫੜ੍ਹ ਪੱਟਾਂ ਦਾ ਜ਼ੋਰ ਦੇਖਣ ਪਹਾੜਾਂ ਵੱਲ ਚੜ੍ਹੇ। ਪਹਾੜਾਂ ਦਾ ਨਾਂ ਆਓਂਦਿਆਂ ਹਿਮਾਚਲ ਈ ਦਿਮਾਗ ‘ਚ ਆਓਂਦਾ। ਅਸੀਂ ਬਹੁਤੇ ਏਸ ਗੱਲ ਤੋਂ ਅਣਜਾਣ ਆਂ ਕਿ ਪੰਜਾਬ ‘ਚ ਵੀ ਏਨੇ ਸੋਹਣੇ ਪਹਾੜ ਨੇ।

ਕਿਤੇ ਤਿੱਖੀ ਚੜ੍ਹਾਈ ਸੀ, ਦੂਜੀ ਤੀਜੇ ਗੇਅਰ ‘ਚ ਰੰਭਦੀ ਗਾਂ ਵੰਗੂ ਅੜਾਟ ਪਾਓਦੇ ਜਾਂਦੇ ਟਰੱਕਾਂ ਬਰੋਬਰ ਅਸੀਂ ਕੀੜੀ ਚਾਲੇ ਚੱਲੇ ਤੇ ਕਿਤੇ ਢਾਲ ਤੇ ਪੰਜਾਹ ਦੀ ਸਪੀਡ ਤੇ ਸੈਕਲ ਉੱਤਰੇ। ਬੇਹੱਦ ਸੋਹਣਾ ਸਫਰ ਸੀ। ਧਾਰ ਕਲਾਂ ਤੋਂ ਦਨੇਰਾ ਵੱਲ ਤੇ ਅੱਗੋਂ ਕਸ਼ਮੀਰ ਨੂੰ ਜੋੜਦੇ ਰਣਜੀਤ ਸਾਗਰ ਝੀਲ ਤੇ ਬਣੇ ਨਵੇਂ ਪੁਲ ‘ਬਸੌਲੀ ਪੁਲ’ ਵੱਲ ਗਏ। ਪੁਲ ਤੇ ਕਿਸੇ ਦਾ ਆਓਣਾ ਜਾਣਾ ਬੰਦ ਸੀ। ਪਰ ਸਾਇਕਲਾਂ ਤੇ ਆਓਣ ਕਰਕੇ ਪੁਲਸੀਏ ਨੇ ਸਾਨੂੰ ਜਾਣ ਦਿੱਤਾ। ਦਿਹਾੜੀ ‘ਚ 115 ਕਿ.ਮੀ. ਦੇ ਲਾਗੇ ਤਾਗੇ ਪੈਂਡਾ ਵੱਢਿਆ। ਕਮਾਲ ਸਫਰ ਸੀ।ਜਗਿਆਲ ਦੇ ਮਿੱਤਰ ਬਾਈ ਬਿੱਲੂ ਤੇ ਮਨਪ੍ਰੀਤ ਸੰਧੂ ਮਿਲੇ।

ਇਹ ਸ਼ਹਿਰ ਨੂੰ ਮਿੰਨੀ ਚੰਡੀਗੜ੍ਹ ਕਹਿੰਦੇ ਨੇ। ਸੜਕਾਂ, ਚੌਂਕ, ਮਾਰਕੀਟ, ਦਰੱਖ਼ਤ, ਲਾਈਟਾਂ ਸਭ ਚੰਡੀਗੜ੍ਹ ਵੰਗੂ ਨੇ। ਏਥੇ ਰਣਜੀਤ ਸਾਗਰ ਡੈਮ ਤੇ ਕੰਮ ਕਰਦੇ ਕੁੱਲ ਮੁਲਾਜ਼ਮਾਂ ਦੇ ਟੱਬਰ ਰਹਿੰਦੇ ਨੇ।

ਰਾਤੀਂ ਸਾਡਾ ਸਟੇਅ ਏਥੋਂ ਦੇ ਇੱਕ ਦਫ਼ਤਰ ਵਿੱਚ ਸੀ। ਭੁੰਜੇ ਗੱਦੇ ਸਿੱਟ, 25 ਤੇ ਚੱਲਦੇ ਏਸੀ ਨਾਲ ਘੂਕ ਸੁੱਤੇ। ਏਥੋਂ ਵਾਪਸੀ ਦਾ ਸਫ਼ਰ ਸ਼ੁਰੂ। 

ਜਗਿਆਲ ਤੋਂ ਸਵੇਰੇ ਉੱਠ ਸੱਤ ਸਾਢੇ ਸੱਤ ਸਫਰ ਸ਼ੁਰੂ ਕੀਤਾ। ਡਮਟਾਲ ਆਕੇ ਪਰੌਠੇਂ ਛਕਕੇ ਅੱਗੇ ਵਧੇ। ਬਹੁਤਾ ਸਫ਼ਰ ਹਾਈਵੇ ਤੇ ਸੀ। ਹਾਈਵੇ ਤੇ ਸੈਕਲ ਚਲਾਓਣਾ ਬੋਰਿੰਗ ਹੁੰਦਾ। ਤੇਜ ਮਸ਼ੀਨਰੀ ਤੇ ਪ੍ਰੈਸ਼ਰ ਹਾਰਨਾਂ ਤੋਂ ਬਚਣ ਲਈ ਵਿੰਕ ਮਿਊਜ਼ਿਕ ਐਪ ਤੇ ਸਰਤਾਜ ਦੇ ਗਾਣੇ ‘ਪਲੇਅ ਆਲ’ ਕਰਕੇ ਸਫ਼ਰ ਵੱਢਿਆ। ਦਸੂਹਾ ਲੰਘ ਸੱਜੇ ਹੱਥ ਗਰਨਾ ਸਾਹਿਬ ਵੱਲ ਮੁੜ 20-21 ਕਿ.ਮੀ. ਪਿੰਡਾਂ ਵਿੱਚਦੀ ਪਿੰਡ ‘ਮਿਆਣੀ ਪਹੁੰਚੇ। ਗੱਲਾਂ ਮਾਰ, ਲੰਗਰ ਛਕ, ਕੇਸੀ ਨਾਹਕੇ ਇੰਸਟਾ ਤੇ ਲਾਈਵ ਹੋਏ। ਮੇਰੇ ਨਾਲ ਦਾ ‘ ਦ ਗਰੇਟ ਅਲੈੱਗਜ਼ਡਰ’ ਜਾਣੀ ਕਿ ਸਿਕੰਦਰ ਸੋਹਣਾ ਗਵੱਈਆ ਵੀ ਆ। ਮਹਿਫ਼ਲਾਂ ਲਾਕੇ ਲਮਲੇਟ ਹੋਗੇ।

ਸਵੇਰੇ ਅਤਿੰਦਰ ਹੋਣਾਂ ਤੇ ਹੋਰਾਂ ਮਿੱਤਰਾਂ ਨੂੰ ਮਿਲ ਟਾਂਡੇ ਵੱਲ ਵਧੇ। ਸਰਤਾਜ ਦਾ ਪਿੰਡ ਲੰਘ, ਹੁਸ਼ਿਆਰਪੁਰ ਤੋਂ ਊਨਾ ਰੋਡ ਤੇ ਪੈਂਦੇ ਪਿੰਡ ਚੱਕ ਸਾਧੂ ਉੱਪੜੇ। ਏਥੇ ਟਰੈਕਿੰਗ ਲਈ ਦੋ ਤਿੰਨ ਥਾਂਵਾਂ ਨੇ ਪਰ ਸਾਇਕਲਿੰਗ ਨਹੀਂ। ਚੋਆਂ ਦਾ ਇਲਾਕਾ ਏਹੇ, ਬੇਅਬਾਦ ਪੈਲੀਆਂ ਵੀ ਨੇ। ਮੱਕੀ ਦਾ ਕੱਦ ਕਾਠ ਬਹੁਤ ਤਕੜਾ ਹੁੰਦਾ ਏਧਰ, ਇਹੋ ਮੁੱਖ ਫਸਲ ਏਥੇ।

PunjabKesari

ਨਿੱਕੇ ਨਿੱਕੇ ਪਿੰਡ ਦੇਖਦੇ ਮਾਹਲਪੁਰ ਪਹੁੰਚੇ। ਅਮਰਜੀਤ ਕੋਲੋਂ ਪਰਸ਼ਾਦੇ ਛਕਕੇ ਗੜ੍ਹਸ਼ੰਕਰ ਵੱਲ ਵਧੇ। ਦਿਨ ਢਲੇ ਖੌਣੀ ਕੀ ਪੌਣ ਆਓਂਦੀ ਆ ਸੈਕਲ ਯਕਦਮ ਤੇਜ਼ ਹੋ ਜਾਂਦੇ ਨੇ। ਟਾਪ ਗੇਅਰਾਂ ‘ਚ 21 ਕਿੱਲੋਮੀਟਰ ਪੈਂਡਾ 45 ਕੁ ਮਿੰਟਾਂ ‘ਚ ਕੱਢਕੇ ਗੜ੍ਹਸ਼ੰਕਰ ਪਹੁੰਚੇ। ਏਥੋਂ ਨੂਰਪੁਰ ਬੇਦੀ ਵੱਲ ਵਧੇ। ਕਰੈਸ਼ਰਾਂ ਕਰਕੇ ਜੰਨ ਦੀਆਂ ਗੱਡੀਆਂ ਅੰਗੂ ਟਰੱਕਾਂ ਦਾ ਲਾਰਾ ਨਹੀਂ ਟੁੱਟਦਾ ਏਸ ਸੜਕ ਤੋਂ। ਹੇਠ ਉੱਤਾ ਕਰਕੇ ਸਾਡੀ ਠਾਹਰ ਹਿਮਾਚਲ ‘ਚ ਸੰਤੋਖਗੜ੍ਹ ਤੱਕ 148 ਕਿਲੋਮੀਟਰ ਪੈਂਡਾ ਵੱਢਿਆ।

ਏਥੋਂ ਅੱਜ ਬਿਭੋਰ ਸਾਹਬ ਵੱਲ, ਨੰਗਲ ਤੇ ਖਾਲਸੇ ਦੀ ਜਨਮ ਭੋਇੰ ਸ੍ਰੀ ਅਨੰਦਪੁਰ ਸਾਹਿਬ ਵੱਲ ਵਧਾਂਗੇ 

ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ‘ਚ ਪੈਂਦਾ ਤੇ ਹਿਮਾਚਲ ‘ਚ ਪੰਜਾਬੀਆਂ ਦੇ ਵੜਨ ਤੇ ਪਾਬੰਦੀ ਆ। ਪਰ ਵਾਹਣੋ ਵਾਹਣੀ ਹੋਕੇ ਅਸੀਂ ਸੰਤੋਖਗੜ੍ਹ ਪਹੁੰਚੇ ਸੀ। ਸਵੇਰੇ ਨੌਂ ਕੁ ਵਜੇ ਉੱਠ ਨਾਹ ਧੋ ਫੇਰ ਪੰਜਾਬ ਵੱਲ ਚਾਲੇ ਪਾਏ। ਨੰਗਲ ਸ਼ਹਿਰ ਤੋਂ ਵੱਡੇ ਬਾਈ ਰਾਕੇਸ਼ ਵਰਮਾ ਹੋਣੀ ਪਰਸ਼ਾਦਾ ਲੈਕੇ ਪਾਰਕ ‘ਚ ਆ ਪਹੁੰਚੇ।

ਪਰੌਂਠੇ ਛਕਕੇ, ਤਸਵੀਰਾਂ ਖਿੱਚ, ਬਿਭੋਰ ਸਾਹਬ ਵੱਲ ਚਾਲੇ ਪਾਏ। ਸਤਲੁਜ ਦੇ ਕੰਢੇ ਬਣੇ ਏਸ ਪਵਿੱਤਰ ਥਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੌਪਈ ਸਾਹਬ ਦੀ ਰਚਨਾ ਕੀਤੀ ਸੀ। ਗਲ ਤੱਕ ਖੀਰ ਨਾਲ ਡੱਕਕੇ ਦੋ ਘੰਟੇ ਜੋੜਾ ਘਰ ਦਾ ਪੱਖਾ ਚਲਾਕੇ ਭੁੰਜੇ ਲੇਟੇ ਮਾਰੇ।

ਅੱਗੇ ਢਾਲ ਉੱਤਰਕੇ ਨਾਨਕਸਰ ਆਸ਼ਰਮ ਜਾ ਚਾਹ ਨਾਲ ਮਟਰ ਛਕੇ। ਪੱਕੇ ਅੰਬਾਂ ਦੇ ਦਰੱਖਤਾਂ ਨਾਲ ਘਿਰਿਆ, ਪੰਛੀਆਂ ਦੀ ਸੁਣਦੀ ਚਹਿਕ ਤੇ ਸਤਲੁਜ ਦੇ ਐਨ ਨਾਲ ਬਣਿਆ ਇਹ ਥਾਂ ਬੜਾ ਸੋਹਣਾ।

ਸ਼ਾਮੀਂ ਨੰਗਲ ਟਾਊਨ ਦਾ ਭਲਵਾਨੀ ਗੇੜਾ ਦੇਕੇ ਭਾਖੜਾ ਦੇ ਨਾਲ ਨਾਲ ਖਾਲਸੇ ਦੀ ਜਨਮ ਭੋਇੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਝੱਜ ਪਿੰਡ ਤੋਂ ਆਏ ਪਿੰਦਰ ਹੋਣਾਂ ਨਾਲ 11 ਵਜੇ ਤੱਕ ਯੱਕੜਾਂ ਮਾਰਦੇ ਰਹੇ।

ਜਗਬਾਣੀ ਸੈਰ ਸਪਾਟਾ ਲੇਖ ਦਾ ਬਾਕੀ ਹਿੱਸਾ ਅਗਲੇ ਸੋਮਵਾਰ...

PunjabKesari


author

rajwinder kaur

Content Editor

Related News