‘ਹੀਰੇ ਵਰਗੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰਨ ਵੇਲੇ ਪਰਿਵਾਰ ਬਾਰੇ ਕਿਉਂ ਨਹੀਂ ਸੋਚਦੇ? ’
Thursday, Sep 10, 2020 - 12:45 PM (IST)
10 ਸਤੰਬਰ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਹਾੜੇ 'ਤੇ ਵਿਸ਼ੇਸ਼
ਅਕਸਰ ਅਸੀਂ ਆਪਣੇ ਵੱਡਿਆਂ ਤੋਂ ਇਹ ਗੱਲ ਸੁਣਦੇ ਆਏ ਹਾਂ ਕਿ ਹੌਸਲਾ ਨਾ ਹਾਰੋ। ਹਿੰਮਤ ਤੋਂ ਕੰਮ ਲਵੋ। ਕਦੇ ਕਾਹਲ਼ੀ ਨਾ ਕਰੋ। ਜਦੋਂ ਅਸੀਂ ਹਿੰਮਤੀ ਬਣਦੇ ਹਾਂ ਤਾਂ ਸਾਡੇ ਮਨ ਵਿੱਚੋਂ ਡਰ ਭੈਅ ਦੂਰ ਭੱਜ ਜਾਂਦਾ ਹੈ। ਜ਼ਿੰਦਗੀ ਬੜੀ ਅਨਮੋਲ ਚੀਜ਼ ਹੈ। ਅਸੀਂ ਸਾਰੇ ਪ੍ਰਾਣੀਆਂ ਤੋਂ ਅਕਲਮੰਦ ਹਾਂ। ਸਾਡੇ ਕੋਲ ਭਲੇ ਬੁਰੇ ਦੀ ਪਛਾਣ ਕਰਨ ਲਈ ਦਿਮਾਗ ਹੈ। ਅਸੀਂ ਆਪਣੀ ਮਰਜ਼ੀ ਦਾ ਖਾਂਦੇ ਹਾਂ ਪੀਂਦੇ ਹਾਂ। ਪ੍ਰੰਤੂ ਅਨਮੋਲ ਜ਼ਿੰਦਗੀ ਮਿਲਣ ਦੇ ਬਾਵਜੂਦ ਅੱਜ ਦਾ ਇਨਸਾਨ ਆਪਣੇ ਅੰਦਰ ਚਿੰਤਾ, ਡਰ, ਭੈਅ ਨੂੰ ਇਸ ਕਦਰ ਸਮੋਈ ਬੈਠਾ ਹੈ ਕਿ ਇਨ੍ਹਾਂ ਚਿੰਤਾਵਾਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਇਨਸਾਨ ਡਰ ਅਤੇ ਚਿੰਤਾ ਨੂੰ ਆਪਣੇ ਉੱਪਰ ਇਸ ਕਦਰ ਹਾਵੀ ਕਰੀ ਬੈਠਾ ਹੈ ਕਿ ਉਹ ਖੁਦਕੁਸ਼ੀ ਵਰਗੇ ਘਿਨੌਣੇ ਕੰਮ ਨੂੰ ਅੰਜ਼ਾਮ ਦੇ ਬੈਠਦਾ ਹੈ। ਲੋਕ ਆਪਣੀ ਹੀਰੇ ਵਰਗੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰਨ ਲੱਗਿਆਂ ਇੱਕ ਵਾਰ ਵੀ ਆਪਣੇ ਪਰਿਵਾਰ ਬਾਰੇ ਨਹੀਂ ਸੋਚਦੇ ਕਿ ਪਿੱਛੋਂ ਪਰਿਵਾਰ ਦਾ ਕੀ ਬਣੇਗਾ। ਸਿਰਫ਼ ਇੱਕ ਦੋ ਮਿੰਟ ਦੇ ਗੁੱਸੇ ਨੂੰ ਕੰਟ੍ਰੋਲ ਕਰਕੇ ਇਸ ਭਿਆਨਕ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਖੁਦਕੁਸ਼ੀ ਕਰਨ ਦੇ ਕਈ ਕਾਰਨ ਹੋ ਸਕਦੇ ਹਨ:
1. ਅਸਫ਼ਲਤਾ :
ਖ਼ੁਦਕੁਸ਼ੀ ਕਰਨ ਦਾ ਇੱਕ ਵੱਡਾ ਕਾਰਨ ਅਸਫ਼ਲਤਾ ਵੀ ਹੈ। ਮੰਨ ਲਓ ਕਿਸੇ ਹਾਲ ਵਿਚ ਬੈਠ ਕੇ ਬੱਚੇ ਪੇਪਰ ਦੇ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤ ਬੱਚੇ ਸਫ਼ਲ ਹੋ ਜਾਂਦੇ ਹਨ ਅਤੇ ਬਹੁਤ ਅਸਫ਼ਲ ਵੀ ਹੁੰਦੇ ਹਨ। ਹੁਣ ਜਿਹੜੇ ਬੱਚਿਆਂ ਦਾ ਆਪਣੀਆਂ ਭਾਵਨਾਵਾਂ ਉੱਤੇ ਕੰਟਰੋਲ ਹੁੰਦਾ ਹੈ, ਉਹ ਬੱਚੇ ਅਸਫ਼ਲਤਾ ਨੂੰ ਝੱਲ ਲੈਂਦੇ ਹਨ ਅਤੇ ਅੱਗੇ ਵਾਸਤੇ ਵਧੀਆ ਕਾਰਗੁਜ਼ਾਰੀ ਕਰਨ ਵਾਸਤੇ ਪ੍ਰਣ ਕਰਦੇ ਹਨ। ਪ੍ਰੰਤੂ ਜਿਨ੍ਹਾਂ ਬਚਿਆ ਲਈ ਅਸਫ਼ਲਤਾ ਡਰ ਹੈ, ਬੇਇਜ਼ਤੀ ਹੈ, ਉਹ ਬੱਚੇ ਕਈ ਵਾਰ ਖੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਂਦੇ ਹਨ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
2. ਘਰੇਲੂ ਕਾਰਨ :
ਕਈ ਵਾਰ ਵਿਅਕਤੀ ਆਪਣੇ ਪਰਿਵਾਰ, ਘਰਵਾਲੀ ਜਾਂ ਬੱਚਿਆਂ ਤੋਂ ਦੁਖੀ ਹੁੰਦਾ ਹੈ। ਬੱਚੇ ਕਹਿਣਾ ਨਹੀਂ ਮੰਨਦੇ ਜਾਂ ਆਚਰਣਹੀਣਤਾ ਨੂੰ ਲੈ ਕੇ ਬੰਦਾ ਚਿੰਤਾ ਵਿੱਚ ਰਹਿਣ ਲੱਗ ਜਾਂਦਾ ਹੈ ਅਤੇ ਖੁਦਕੁਸ਼ੀ ਕਰ ਬੈਠਦਾ ਹੈ। ਆਪਾਂ ਅਕਸਰ ਅਖ਼ਬਾਰਾਂ ਜਾਂ ਟੀ. ਵੀ. ਉੱਪਰ ਰੋਜ਼ਾਨਾ ਖ਼ਬਰਾਂ ਸੁਣਦੇ ਹਾਂ ਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਆਚਰਣਹੀਣਤਾ ਦੇ ਕਾਰਨ ਪਿਤਾ, ਭਰਾ ਜਾਂ ਕਿਸੇ ਹੋਰ ਮੈਂਬਰ ਦੁਆਰਾ ਖ਼ੁਦਕੁਸ਼ੀ ਕਰ ਲਈ ਹੈ, ਕਿਉਂਕਿ ਉਹ ਸੋਚਦੇ ਹਨ ਕਿ ਹੁਣ ਅਸੀਂ ਸਮਾਜ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਇਸੇ ਤਰ੍ਹਾਂ ਕਈ ਵਾਰ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਤੰਗ ਕੀਤਾ ਜਾਂਦਾ ਹੈ ਜੋ ਕਈ ਵਾਰ ਖ਼ੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਪ੍ਰਕਾਰ ਪਰਿਵਾਰ ਦੇ ਕਿਸੇ ਮੈਂਬਰ ਦੀ ਆਚਰਣ ਹੀਣਤਾ ਵੀ ਖ਼ੁਦਕੁਸ਼ੀ ਨੂੰ ਬਲ ਦਿੰਦੀ ਹੈ।
3. ਕਾਰੋਬਾਰ ਵਿੱਚ ਘਾਟਾ :
ਪੈਸਾ ਸਾਡੇ ਜੀਵਨ ਵਿੱਚ ਅਹਿਮ ਸਥਾਨ ਰੱਖਦਾ ਹੈ। ਪੈਸੇ ਬਿਨ ਜੀਵਨ ਨਿਰਬਾਹ ਨਹੀਂ ਹੁੰਦਾ। ਪੈਸਾ ਜ਼ਿੰਦਗੀ ਦਾ ਪਹੀਆ ਬਣ ਕੇ ਸਾਨੂੰ ਦੌੜਾਉਂਦਾ ਰਹਿੰਦਾ ਹੈ। ਪਰ ਕਈ ਵਾਰ ਕੁਦਰਤੀ ਕਾਰਨਾਂ ਜਾਂ ਹੋਰ ਕਾਰਨਾਂ ਕਰਕੇ ਇਨਸਾਨ ਕਾਰੋਬਾਰ ਵਿੱਚ ਹੋਏ ਘਾਟੇ ਕਾਰਨ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਖ਼ੁਦਕੁਸ਼ੀ ਦੇ ਰਾਹੇ ਪੈ ਜਾਂਦਾ ਹੈ।
ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ
4. ਸਰਕਾਰੀ ਨੀਤੀਆਂ ਅਤੇ ਸਹੂਲਤਾਂ ਦੀ ਘਾਟ :
ਸਬੰਧਤ ਸਰਕਾਰਾਂ ਵੱਲੋਂ ਲੋਕ ਹਿੱਤਾਂ ਦੇ ਵਿਰੁੱਧ ਫ਼ੈਸਲੇ ਜਾਂ ਆਮ ਲੋਕਾਂ ਤਕ ਸਰਕਾਰੀ ਸਹੂਲਤਾਂ ਦਾ ਨਾ ਪਹੁੰਚਣਾ ਕਈ ਵਾਰ ਖੁਦਕੁਸ਼ੀ ਦਾ ਕਾਰਨ ਬਣ ਜਾਂਦਾ ਹੈ। ਲੋਕ ਵਿਰੋਧੀ ਫ਼ੈਸਲੇ ਕਾਰਨ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ ਮਜਬੂਰੀ ਬਸ ਆਪਣੇ ਹੱਕ ਮੰਗਣ ਲਈ ਖੁਦਕੁਸ਼ੀਆਂ ਦਾ ਸਹਾਰਾ ਲੈਣਾ ਪੈਂਦਾ ਹੈ।
5. ਗਰੀਬੀ :
ਗਰੀਬੀ ਵੀ ਕਈ ਵਾਰ ਇਸ ਖੁਦਕੁਸ਼ੀ ਦਾ ਕਾਰਨ ਬਣ ਜਾਂਦੀ ਹੈ। ਗਰੀਬ ਵਿਅਕਤੀ ਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਜਦੋਂ ਪੈਸੇ ਦੀ ਕਮੀ ਹੁੰਦੀ ਹੈ ਉਹ ਅੰਦਰੋਂ ਅੰਦਰੀ ਝੁਰਦਾ ਰਹਿੰਦਾ ਹੈ। ਗਰੀਬੀ ਕਾਰਨ ਆਪਣੇ ਪਰਿਵਾਰ ਨੂੰ ਪਾਲਣ ਦੇ ਡਰ ਕਾਰਨ ਕਈ ਵਾਰ ਸਾਡੇ ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਅਸੀਂ ਆਪਣੀ ਹੀਰੇ ਵਰਗੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਾਂ।
ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ
6. ਸਹਿਣਸ਼ੀਲਤਾ ਦੀ ਕਮੀ :
ਅੱਜਕੱਲ੍ਹ ਲੋਕਾਂ ਵਿਚ ਪਿਆਰ ਮੁਹੱਬਤ ਦਾ ਨਸ਼ਾ ਹੀ ਖਤਮ ਹੋ ਗਿਆ ਹੈ। ਇੱਕ ਦੂਜੇ ਦੀ ਗੱਲ ਨੂੰ ਸਹਿ ਨਹੀਂ ਸਕਦੇ। ਕਿਸੇ ਵੱਲੋਂ ਆਖੀ ਨਿੱਕੀ ਤੋਂ ਨਿੱਕੀ ਗੱਲ ਵੀ ਦਿਲ 'ਤੇ ਲਾ ਬੈਠਦੇ ਹਨ ਕਿ ਗੱਲ ਲੜਾਈ ਝਗੜੇ ਤੱਕ ਆ ਜਾਂਦੀ ਹੈ। ਬਾਹਰਲੇ ਲੋਕਾਂ ਦੀ ਗੱਲ ਸੁਣਨਾ ਤਾਂ ਬਹੁਤ ਦੂਰ ਦੀ ਗੱਲ, ਕਈ ਵਾਰ ਬੱਚੇ ਆਪਣੇ ਮਾਂ ਬਾਪ ਦੀ ਗੱਲ ਨੂੰ ਵੀ ਨਹੀਂ ਸਹਾਰਦੇ। ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਡਰ ਕਾਰਨ ਉੱਚਾ ਨਹੀਂ ਬੋਲਦੇ ਕਿ ਕਿਤੇ ਉਹ ਜ਼ਿੰਦਗੀ ਤੋਂ ਹੀ ਨਾ ਹੱਥ ਧੋ ਬੈਠੇ।
7. ਸੋਸ਼ਲ ਮੀਡੀਆ ਅਤੇ ਗੇਮਜ਼ :
ਜਿੱਥੇ ਸੋਸ਼ਲ ਮੀਡੀਆ ਦੇ ਅਨੇਕਾਂ ਫਾਇਦੇ ਹਨ, ਉੱਥੇ ਇਸਦੇ ਨੁਕਸਾਨ ਵੀ ਬਹੁਤ ਹਨ। ਲੋਕ ਸੋਸ਼ਲ ਮੀਡੀਆ ਉੱਪਰ ਆਪਣੇ ਚਹੇਤਿਆਂ ਦੀ ਖ਼ਾਤਰ ਲੋਕਾਂ ਨਾਲ਼ ਵੈਰ ਪਾ ਲੈਂਦੇ ਹਨ। ਗਾਲੀ ਗਲੋਚ ਵੀ ਹੋ ਜਾਂਦਾ ਹੈ। ਕਈ ਵਾਰ ਗੱਲ ਖ਼ੁਦਕੁਸ਼ੀ ਤੱਕ ਵੀ ਪਹੁੰਚ ਜਾਂਦੀ ਹੈ। ਇਸਦੇ ਇਲਾਵਾ ਅੱਜਕਲ੍ਹ ਗੇਮਜ਼ ਵੀ ਅਜਿਹੀਆਂ ਆ ਗਈਆਂ ਹਨ ਕਿ ਬੱਚੇ ਜਾਂ ਵੱਡੇ ਗੇਮਜ਼ ਵਿਚ ਇੰਨਾ ਖੁਭ ਜਾਂਦੇ ਹਨ ਕਿ ਉਨ੍ਹਾਂ ਨੂੰ ਹਾਰ ਜਾਣ ਮਗਰੋਂ ਆਪਣੇ ਆਪ 'ਤੇ ਸ਼ਰਮਿੰਦਗੀ ਆਉਂਦੀ ਹੈ। ਕਈ ਵਾਰ ਇਹ ਸ਼ਰਮਿੰਦਗੀ ਆਤਮ-ਹੱਤਿਆ ਦਾ ਬਹੁਤ ਵੱਡਾ ਕਾਰਨ ਬਣ ਜਾਂਦੀ ਹੈ।
ਜਾਣੋ ਆਰਥਿਕ ਪੱਖੋਂ ਕਿੰਨਾ ਕੁ ਵੱਡਾ ਹੈ ‘ਪਬਜੀ’ ਦਾ ਮੱਕੜ ਜਾਲ (ਵੀਡੀਓ)
8. ਕਰਜ਼ਾ :
ਲੋਕ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ। ਫ਼ਿਰ ਜਦ ਖ਼ਰਚਾ ਪੂਰਾ ਨਹੀਂ ਹੁੰਦਾ ਤਾਂ ਕਰਜ਼ਾ ਚੁੱਕ ਲੈਂਦੇ ਹਨ। ਜਦ ਫਿਰ ਕਰਜ਼ਾ ਵਾਪਿਸ ਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਸਮੇਂ ਸਭ ਪੈਸਾ ਧੇਲੀ ਖ਼ਤਮ ਕਰ ਬੈਠਦੇ ਹਨ ਅਤੇ ਫਿਰ ਲੋਕਾਂ ਨੂੰ ਖੁਦਕੁਸ਼ੀਆਂ ਕਰਦੇ ਆਪਾਂ ਆਮ ਦੇਖਦੇ ਤੇ ਸੁਣਦੇ ਹਾਂ।
ਚੋਣਾਂ ਮੌਕੇ ਸਿਆਸੀ ਦਲਾਂ ਦੇ ਖਰਚਿਆਂ ਦਾ ਲੇਖਾ-ਜੋਖਾ, ਕਰੋੜਾਂ 'ਚ ਹੁੰਦੇ ਨੇ ਖਰਚੇ (ਵੀਡੀਓ)
WHO ਦੀ ਰਿਪੋਰਟ ਅਨੁਸਾਰ ਹਰੇਕ ਸਾਲ ਲੱਗਭਗ ਇੱਕ ਮਿਲੀਅਨ ਲੋਕ ਖੁਦਕੁਸ਼ੀ ਦਾ ਸ਼ਿਕਾਰ ਹੁੰਦੇ ਹਨ। ਇਸ ਰਿਪੋਰਟ ਮੁਤਾਬਕ ਇੱਕ ਲੱਖ ਪਿੱਛੇ ਸੋਲ੍ਹਾਂ ਵਿਅਕਤੀ ਜਾਂ ਹਰੇਕ ਚਾਲ਼ੀ ਸੈਕਿੰਡ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਦਾ ਸ਼ਿਕਾਰ ਹੋ ਰਿਹਾ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਪਰੋਕਤ ਕਾਰਨਾਂ ਨੂੰ ਵਾਚਣ ਤੋਂ ਬਾਅਦ ਹੁਣ ਇਸ ਗੱਲ ਉੱਪਰ ਵਿਚਾਰ ਕਰਨ ਬਣਦਾ ਹੈ ਕਿ ਇਸ ਭਿਆਨਕ ਵਿਚਾਰ ਨੂੰ ਆਪਣੇ ਮਨ ਵਿਚੋਂ ਕੱਢਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਣੀਆਂ ਭਾਵਨਾਵਾਂ ਉੱਪਰ ਨਿਯੰਤਰਿਤ ਹੋਣਾ ਚਾਹੀਦਾ ਹੈ। ਆਪਣੇ ਮਨ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਕਿਸੇ ਵੀ ਕੰਮ ਵਿਚ ਅਗਰ ਸਫ਼ਲਤਾ ਮਿਲਦੀ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਮੇਰਾ ਆਖਰੀ ਮੌਕਾ ਸੀ ਸਗੋਂ ਹਿੰਮਤ, ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਉਸੇ ਕੰਮ ਵਿੱਚ ਦੁਬਾਰਾ ਕੁੱਦਣਾ ਚਾਹੀਦਾ ਹੈ।
ਪ੍ਰੀਖਿਆ ਵਿੱਚੋਂ ਅਸਫ਼ਲ ਹੋਣ ਦਾ ਡਰ ਆਪਣੇ ਮਨ ਵਿੱਚੋਂ ਖਤਮ ਕਰਨਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਮੇਸ਼ਾ ਸਫ਼ਲ ਹੀ ਹੋਣਾ ਹੈ। ਪਰਿਵਾਰ ਅਤੇ ਗੁਆਂਢ ਵਿੱਚ ਇੱਕ ਦੂਜੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਇੱਕ ਦੂਜੇ ਦੀ ਗੱਲ ਸੁਣਨੀ ਚਾਹੀਦੀ ਹੈ। ਪੈਸਾ ਹੱਥਾਂ ਦੀ ਮੈਲ਼ ਹੈ। ਸੰਜਮ ਅਤੇ ਦ੍ਰਿੜ ਇਰਾਦੇ ਨਾਲ ਮੁਸੀਬਤ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਿਉਂਕਿ ਜਿੱਤਦੇ ਓਹੀ ਹਨ, ਜੋ ਲੜਦੇ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਯੋਗਤਾ ਦੇ ਆਧਾਰ 'ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਮਾਂ-ਬਾਪ ਦੇ ਨਾਲ ਜ਼ਿਆਦਾ ਸਮਾਂ ਗੁਜ਼ਾਰਨ। ਬੱਚਿਆਂ ਨੂੰ ਚਾਹੀਦਾ ਹੈ ਮਾਂ ਬਾਪ ਦੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਮਨਾਉਣਾ। ਗੱਲ ਸਿਰਫ ਇੱਕ ਦੋ ਮਿੰਟ ਦੀ ਹੀ ਹੁੰਦੀ ਹੈ, ਆਪਣੇ ਗੁੱਸੇ ਉੱਪਰ ਸਾਨੂੰ ਨਿਯੰਤਰਣ ਰੱਖਣਾ ਚਾਹੀਦਾ ਹੈ। ਜਿੰਨਾ ਹੋ ਸਕੇ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਅਤੇ ਯੋਗ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ਼ ਗੁਜ਼ਾਰੀਏ। ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲ਼ਦੀ।
"ਅਨਮੋਲ ਕੀਮਤੀ ਗਹਿਣਾ ਜੀਵਨ, ਵਾਰ-ਵਾਰ ਨਾ ਮਿਲ਼ਦਾ ਏ।
ਜੇ ਜ਼ਿੰਦਗੀ ਦਾ ਬੂਟਾ ਸੁੱਕ ਜਾਵੇ ਤਾਂ, ਮੁੜਕੇ ਕਦੀ ਨਾ ਖਿਲਦਾ ਏ।
ਬੇਸ਼ੱਕ ਦੁੱਖਾਂ-ਸੁੱਖਾਂ ਦਾ ਮਿਸ਼ਰਣ ਜ਼ਿੰਦਗੀ ਵਿੱਚ, ਦੱਬ ਦੱਬ ਕੇ ਹੈ ਭਰਿਆ।
ਉਸ ਮਾਂ-ਬਾਪ ਨੂੰ ਪੁੱਛੋ ਜੀਹਦਾ ਪੁੱਤ, ਵਿੱਚ ਜਵਾਨੀ ਮਰਿਆ।
ਰੱਖ ਮਨ ਉੱਤੇ ਕੰਟ੍ਰੋਲ, ਗੁੱਸੇ ਨੂੰ ਸਿੱਖ ਲੈ ਜਰਨਾ ਤੂੰ।
ਜਿੱਤ ਨੂੰ ਰੱਖ ਕੇ ਸਾਹਮਣੇ, ਸਿੱਖ ਹਾਲਾਤਾਂ ਦੇ ਨਾਲ਼ ਲੜਨਾ ਤੂੰ।
ਆਪਣੀ ਦੇਖ ਕੇ ਚਾਦਰ ਸਿੱਖ ਪੈਰਾਂ ਨੂੰ ਕਿਵੇਂ ਪਸਾਰੀਦਾ।
ਘਰ ਦੀ ਖਾ ਕੇ ਰੁੱਖੀ ਮਿੱਸੀ, ਓਏ ਸੱਜਣਾਂ ਫਿਰ ਡੰਗ ਸਾਰੀ ਦਾ।
'ਗੁਰਵਿੰਦਰਾ' ਪਾ ਲੈਂਦਾ ਸਭ ਖੁਸ਼ੀਆਂ, ਜੋ ਬੰਦਾ ਹੁੰਦਾ ਜਨੂੰਨੀ ਦਿਲ ਦਾ ਏ।
ਅਨਮੋਲ ਕੀਮਤੀ ਗਹਿਣਾ ਜੀਵਨ, ਵਾਰ-ਵਾਰ ਨਾ ਮਿਲ਼ਦਾ ਏ।"
ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋਬਾ. 98411-45000