ਸਕੂਲ ਸਿੱਖਿਆ ਮਹਿਕਮੇ ਨੇ ‘ਸਵਯਮ ਚੈਨਲ’ ਜ਼ਰੀਏ ਆਨਲਾਈਨ ਸਿੱਖਿਆ ਦੇ ਖੇਤਰ ’ਚ ਕੀਤੀ ਅਹਿਮ ਪ੍ਰਾਪਤੀ

Wednesday, Jun 03, 2020 - 01:43 PM (IST)

ਬਿੰਦਰ ਸਿੰਘ ਖੁੱਡੀ ਕਲਾਂ
ਮੋਬ: 98786-05965

ਕੋਰੋਨਾ ਪਾਬੰਦੀਆਂ ਬਦੌਲਤ ਸਕੂਲਾਂ ਦੀ ਹੋਈ ਤਾਲਾਬੰਦੀ ਨੇ ਸਿੱਖਿਆ ਵਿਭਾਗ ਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਕਰਵਾਇਆ। ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਕਾਰਨ ਮਾਰਚ ਮਹੀਨੇ ਹੀ ਸਕੂਲਾਂ ਦੀ ਤਾਲਾਬੰਦੀ ਹੋਣ ਨਾਲ, ਜਿੱਥੇ ਪ੍ਰੀਖਿਆਵਾਂ ਕਰਵਾਉਣ ਦਾ ਕੰਮ ਅੱਧ ਵਿਚਕਾਰ ਲਟਕ ਗਿਆ, ਉੱਥੇ ਹੀ ਹੋ ਚੁੱਕੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਘੋਸ਼ਣਾ ਅਤੇ ਨਵੇਂ ਦਾਖਲਿਆਂ ਦੀ ਫਿਕਰਮੰਦੀ ਵੀ ਸਿਰ 'ਤੇ ਖੜ੍ਹੀ ਸੀ। ਨਵੇਂ ਸੈਸ਼ਨ ਦੀ ਸ਼ੁਰੂਆਤ ਆਪਣੇ ਆਪ 'ਚ ਇੱਕ ਬਹੁਤ ਵੱਡੀ ਚੁਣੌਤੀ ਸੀ।

ਸਰਕਾਰੀ ਸਕੂਲਾਂ ਲਈ ਇਹ ਚੁਣੌਤੀਆਂ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸਨ। ਲੋੜਵੰਦ ਪਰਿਵਾਰਾਂ ਅਤੇ ਦੂਰ ਦੁਰਾਡੇ ਖੇਤਰਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਬਣਾਉਣਾ ਕੋਈ ਆਸਾਨ ਕਾਰਜ਼ ਨਹੀਂ ਸੀ। ਅਧਿਆਪਕਾਂ ਦੇ ਜ਼ਜਬੇ ਨੇ ਇਨ੍ਹਾਂ ਚੁਣੌਤੀਆਂ ਨੂੰ ਕਬੂਲ ਕੇ ਇਤਿਹਾਸ ਸਿਰਜਣ ਵਰਗਾ ਕਾਰਜ ਕੀਤਾ। ਵਿਭਾਗੀ ਹੁਕਮਾਂ ਅਨੁਸਾਰ ਅਧਿਆਪਕਾਂ ਨੇ ਜਿੱਥੇ ਹੋ ਚੁੱਕੀਆਂ ਪ੍ਰੀਖਿਆਵਾਂ ਦੇ ਨਤੀਜੇ ਨਿਰਧਾਰਤ ਸਮੇਂ 'ਤੇ ਐਲਾਨੇ ਉੱਥੇ ਹੀ ਦਾਖਲਾ ਮੁਹਿੰਮ ਨੂੰ ਵੀ ਇਸ ਤਰੀਕੇ ਨਾਲ ਆਯੋਜਿਤ ਕੀਤਾ ਕਿ ਬਹੁਗਿਣਤੀ ਮਾਪੇ ਸਰਕਾਰੀ ਸਕੂਲਾਂ ਵੱਲ ਆਕਰਸ਼ਿਤ ਹੋਣ ਲੱਗੇ। ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਸਰਕਾਰੀ ਸਕੂਲ਼ਾਂ ਦੇ ਅਧਿਆਪਕਾਂ ਨੇ ਮਾਪਿਆਂ ਨੂੰ ਫੋਨ ਕਾਲ 'ਤੇ ਹੀ ਉਨ੍ਹਾਂ ਦੇ ਬੱਚੇ ਦਾ ਦਾਖਲ਼ਾ ਕਰਨ ਦੀ ਸਹੂਲਤ ਦਿੱਤੀ। ਕਈ ਸਕੂਲਾਂ ਵੱਲੋਂ ਗੂਗਲ ਦਾਖਲਾ ਫਾਰਮ ਵੀ ਜਾਰੀ ਕੀਤੇ ਗਏ।

ਨਤੀਜਿਆਂ ਅਤੇ ਦਾਖਲਿਆਂ ਤੋਂ ਵੀ ਵੱਡੀ ਚੁਣੌਤੀ ਸੀ, ਨਵਾਂ ਵਿੱਦਿਅਕ ਸ਼ੈਸਨ ਸ਼ੁਰੂ ਕਰਨਾ। ਸਰਕਾਰੀ ਸਕੂਲਾਂ 'ਚ ਪੜ੍ਹਦੇ ਬਹੁਗਿਣਤੀ ਵਿਦਿਆਰਥੀਆਂ ਕੋਲ ਸੰਚਾਰ ਦੇ ਆਧੂਨਿਕ ਸਾਧਨਾਂ ਦੀ ਅਣਹੋਂਦ ਵੱਡੀ ਰੁਕਾਵਟ ਸੀ। ਜੇਕਰ ਵਿਦਿਆਰਥੀਆਂ ਕੋਲ ਸਮਾਰਟ ਫੋਨ ਜਿਹੀਆਂ ਸਹੂਲਤਾਂ ਉਪਲਬਧ ਵੀ ਸਨ ਤਾਂ ਦੂਰ ਦੁਰਾਡੇ ਪੇਂਡੂ ਖੇਤਰਾਂ 'ਚ ਇੰਟਰਨੈੱਟ ਆਦਿ ਦੀ ਸਮੱਸਿਆ ਵੀ ਪ੍ਰਮੁੱਖ ਸੀ। ਕਈ ਪਰਿਵਾਰਾਂ 'ਚ ਬੱਚਿਆਂ ਦੀ ਗਿਣਤੀ ਅਨੁਸਾਰ ਫੋਨਾਂ ਦੀ ਉਪਲਬਧਤਾ ਨਾ ਹੋਣਾ ਵੀ ਵੱਡੀ ਸਮੱਸਿਆ ਸੀ। ਇਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਜਜ਼ਬਾ ਹੀ ਸੀ ਕਿ ਉਨ੍ਹਾਂ ਹਰ ਤਰ੍ਹਾਂ ਦੇ ਮੁਸ਼ਕਲ ਹਾਲਾਤਾਂ ਨੂੰ ਕਬੂਲਦਿਆਂ ਆਪਣੇ ਵਿਦਿਆਰਥੀਆਂ ਨਾਲ ਸੋਸ਼ਲ ਮੀਡੀਆ ਜ਼ਰੀਏ ਰਾਬਤਾ ਬਣਾਇਆ। ਵਿਦਿਆਰਥੀਆਂ ਦੇ ਵਟਸਅਪ ਗਰੁੱਪ ਬਣਾਉਣ ਤੋਂ ਇਲਾਵਾ ਯੂ-ਟਿਊਬ ਆਦਿ ਸਾਧਨਾਂ ਜ਼ਰੀਏ ਵਿਦਿਆਰਥੀਆਂ ਤੱਕ ਪੜ੍ਹਨ ਸਮੱਗਰੀ ਭੇਜਣੀ ਸ਼ੁਰੂ ਕੀਤੀ। ਮੁੱਖ ਦਫਤਰ ਵੱਲੋਂ ਪੁਸਤਕਾਂ ਦੀ ਘਾਟ ਨੂੰ ਪੀ.ਡੀ.ਐੱਫ ਪੁਸਤਕਾਂ ਭੇਜ ਕੇ ਪੂਰਾ ਕਰਨ ਦੀ ਕੋਸ਼ਿਸ਼ ਦੇ ਨਾਲ-ਨਾਲ ਐਜੂਸੈੱਟ ਅਤੇ ਈ-ਕੰਟੈਂਟ ਸਮੱਗਰੀ ਭੇਜਣੀ ਸ਼ੁਰੂ ਕੀਤੀ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਨਾਲ ਪੂਰੀ ਤਰ੍ਹਾਂ ਜੋੜਨਾ ਸਰਕਾਰੀ ਸਕੂਲਾਂ ਲਈ ਵੱਡੀ ਚੁਣੌਤੀ ਸੀ। ਬੇਸ਼ੱਕ ਇਨ੍ਹਾਂ ਖੇਤਰਾਂ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੇ ਫੋਨ ਕਰਕੇ ਪੜਾਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਆਨਲਾਈਨ ਪੜ੍ਹਾਈ ਨੂੰ ਅਸਰਦਾਰ ਬਣਾਉਣ ਲਈ ਕੁੱਝ ਨਵਾਂ ਕੀਤੇ ਜਾਣ ਦੀ ਜਰੂਰਤ ਸੀ।

ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ, ਜਿੱਥੇ ਦੂਰਦਰਸ਼ਨ ਨਾਲ ਸੰਪਰਕ ਬਣਾਕੇ ਆਨਲਾਈਨ ਜਮਾਤਾਂ ਦੇ ਪ੍ਰਬੰਧ ਕੀਤੇ ਗਏ। ਉੱਥੇ ਹੀ ਭਾਰਤ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵੱਲੋਂ ਸੰਚਾਲਿਤ ਸਿੱਖਿਆ ਚੈਨਲ ''ਸਵਯਮ ਪ੍ਰਭਾ'' ਤੋਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕੀਤਾ ਗਿਆ। ਇਸ ਚੈਨਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਚੈਨਲ ਫਰੀ ਟੂ ਏਅਰ ਹੈ। ਭਾਵ ਇਹ ਚੈਨਲ ਮੁਫਤ ਹੋਣ ਕਾਰਨ ਹਰ ਤਰ੍ਹਾਂ ਦੀ ਡਿਸ਼ ਅਤੇ ਕੇਬਲ 'ਤੇ ਉਪਲਬਧ ਹੈ। ਹੁਣ ਜਦੋਂ ਟੈਲੀਵੀਜ਼ਨ ਹਰ ਘਰ 'ਚ ਮੌਜੂਦ ਹੈ ਤਾਂ ਇਸ ਚੈਨਲ ਤੋਂ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਨਾਲ ਸਰਕਾਰੀ ਸਕੂਲ ਆਪਣੇ ਹਰ ਵਿਦਿਆਰਥੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਹਨ।

ਸਵਯਮ ਪ੍ਰਭਾ ਚੈਨਲ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰੋਜ਼ਾਨਾ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ 7ਵੀਂ ਅਤੇ 8ਵੀ ਜਮਾਤਾਂ ਨੂੰ ਮਾਹਿਰ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਹੈ। ਸ਼ਾਮ 4 ਵਜੇ ਤੋਂ ਲੈ 6 ਵਜੇ ਤੱਕ 6ਵੀਂ ਅਤੇ 12ਵੀਂ ਜਮਾਤਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਨ੍ਹਾਂ ਆਨਲਾਈਨ ਜਮਾਤਾਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹੀ ਪੜਾਇਆ ਜਾਂਦਾ ਹੈ। ਆਪਣੇ ਹੀ ਅਧਿਆਪਕਾਂ ਤੋਂ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲ ਵਰਗਾ ਮਾਹੌਲ ਮਹਿਸੂਸ ਕਰਦੇ ਹਨ। ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਇੰਨਾ ਜ਼ਿਆਦਾ ਸਹਿਜ ਅਤੇ ਸਰਲ ਹੁੰਦਾ ਹੈ ਕਿ ਹਰ ਪੱਧਰ ਦਾ ਵਿਦਿਆਰਥੀ ਸਾਰੀ ਗੱਲ ਸਮਝਦਾ ਚਲਿਆ ਜਾਂਦਾ ਹੈ। ਇਨ੍ਹਾਂ ਜਮਾਤਾਂ 'ਚ ਵਿਦਿਆਰਥੀਆਂ ਦੀ ਰੁਚੀ ਵੇਖਣ ਵਾਲੀ ਹੁੰਦੀ ਹੈ। ਵਿਦਿਆਰਥੀ ਬਕਾਇਦਾ ਕਾਪੀ ਅਤੇ ਪੈੱਨ ਲੈ ਕੇ ਸਾਰਾ ਕੁੱਝ ਨੋਟ ਕਰਦੇ ਹਨ। ਪ੍ਰਸਾਰਿਤ ਹੋਣ ਵਾਲੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਅਗਾਊਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ।

ਟੈਲੀਵੀਜ਼ਨ ਤੋਂ ਆਨਲਾਈਨ ਜਮਾਤ ਲਗਾਉਣ ਉਪਰੰਤ ਵਿਦਿਆਰਥੀਆਂ ਨੂੰ ਜੇਕਰ ਕਿਸੇ ਪ੍ਰਕਾਰ ਦੀ ਸ਼ੰਕਾ ਰਹਿੰਦੀ ਹੈ ਤਾਂ ਉਹ ਆਪਣੇ ਅਧਿਆਪਕਾਂ ਨਾਲ ਵਟਸਅਪ ਗਰੁੱਪ ਜਾਂ ਫੋਨ ਕਾਲ ਜ਼ਰੀਏ ਸਪੱਸ਼ਟ ਕਰ ਲੈਂਦੇ ਹਨ। ਅਧਿਆਪਕਾਂ ਵੱਲੋਂ ਇਨ੍ਹਾਂ ਟੈਲੀਵੀਜਨ ਦੀਆਂ ਜਮਾਤਾਂ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਘਰ ਦਾ ਕੰਮ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੀ ਦੁਹਰਾਈ ਅਤੇ ਟੈਸਟਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਵਿਭਾਗ ਵੱਲੋਂ ਗਠਿਤ ਹਰ ਪ੍ਰਕਾਰ ਦੀਆਂ ਟੀਮਾਂ ਦੇ ਆਪਸੀ ਸਹਿਯੋਗ ਦੀ ਬਦੌਲਤ ਆਨਲਾਈਨ ਸਿੱਖਿਆ ਨੂੰ ਪ੍ਰਭਾਵੀ ਬਣਾਉਣਾ ਸੰਭਵ ਹੋ ਸਕਿਆ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਹਰ ਪ੍ਰਕਾਰ ਦੀ ਵਿਭਾਗੀ ਜਾਣਕਾਰੀ ਪੁੱਜਦੀ ਕਰਨ ਲਈ ਵਿਭਾਗ ਦੀ ਮੀਡੀਆ ਟੀਮ ਜ਼ਿਕਰਯੋਗ ਭੂਮਿਕਾ ਨਿਭਾ ਰਹੀ ਹੈ।
 


rajwinder kaur

Content Editor

Related News