ਸ਼੍ਰੀ ਕ੍ਰਿਸ਼ਨ ਮੰਦਰ ਦੇ ਬਹਾਨੇ ਨਫ਼ਰਤੀ ਗੱਲਾਂ ਕਰਨ ਵਾਲਿਆਂ ਖ਼ਿਲਾਫ਼ ਪਟੀਸ਼ਨ ਪਾਉਣ ਜਾ ਰਹੇ ਹਾਂ : ਸਾਈਦਾ ਦੀਪ

Sunday, Jul 19, 2020 - 12:35 PM (IST)

ਹਰਪ੍ਰੀਤ ਸਿੰਘ ਕਾਹਲੋਂ

1947 ਵੰਡ ਤੋਂ ਬਾਅਦ ਪਿਛਲੇ 73 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਪਾਕਿਸਤਾਨ ਵਿਚ ਸਰਕਾਰੀ ਹਮਾਇਤ ਨਾਲ ਮੰਦਰ ਬਣਨ ਜਾ ਰਿਹਾ ਹੈ। ਇਸਲਾਮਾਬਾਦ ਵਿਚ ਸ਼੍ਰੀ ਕ੍ਰਿਸ਼ਨ ਮੰਦਰ ਬਣਨ ਨੂੰ ਲੈ ਕੇ ਪਾਕਿਸਤਾਨ ਵਿਚ ਕੁਝ ਜਥੇਬੰਦੀਆਂ ਵਿਰੋਧ ਵਿੱਚ ਉਤਰੀਆਂ ਹਨ। ਇਨ੍ਹਾਂ ਜਥੇਬੰਦੀਆਂ ਦੀ ਦਲੀਲ ਹੈ ਕਿ ਪਾਕਿਸਤਾਨ ਇਸਲਾਮੀ ਰਿਪਬਲਿਕ ਸਟੇਟ ਹੈ ਅਤੇ ਇੱਥੋਂ ਦਾ ਧਰਮ ਇਸਲਾਮ ਹੈ। 

ਸ਼੍ਰੀ ਕ੍ਰਿਸ਼ਨ ਮੰਦਰ ਦਾ ਵਿਰੋਧ ਕਰਦੇ ਹੋਏ ਕੁਝ ਲੋਕਾਂ ਨੇ ਨਫ਼ਰਤ ਅਤੇ ਹਿੰਸਾ ਨੂੰ ਵੀ ਅੰਜਾਮ ਦਿੱਤਾ ਹੈ। ਅਜਿਹੀਆਂ ਕੋਝੀਆਂ ਕਾਰਵਾਈਆਂ ’ਤੇ ਟਿੱਪਣੀ ਕਰਦਿਆਂ ਸੈਂਟਰ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਦੇ ਸਾਈਦਾ ਦੀਪ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸਭ ਹਵਾਲਿਆਂ ਦੀ ਸੂਚੀ ਬਣਾ ਕੇ ਅਦਾਲਤ ਵਿੱਚ ਅਜਿਹੀਆਂ ਜੱਥੇਬੰਦੀਆਂ ਅਤੇ ਲੋਕਾਂ ਖ਼ਿਲਾਫ਼ ਪਟੀਸ਼ਨ ਪਾਉਣ ਜਾ ਰਹੇ ਹਨ। 

ਸਾਈਦਾ ਕਹਿੰਦੇ ਹਨ ਕਿ ਇਹ ਵੱਡੀ ਮਿਸਾਲ ਹੈ, ਜਦੋਂ ਦੱਖਣੀ ਮੱਧ ਏਸ਼ੀਆ ਦੇ ਖਿੱਤੇ ਵਿਚ ਪਹਿਲੀ ਵਾਰ ਕੋਈ ਨਵਾਂ ਨਵੇਕਲਾ ਮੰਦਰ ਉਸਾਰਿਆ ਜਾ ਰਿਹਾ ਹੈ। ਸਈਦਾ ਮੁਤਾਬਕ ਸ਼੍ਰੀ ਕ੍ਰਿਸ਼ਨ ਮੰਦਰ ਦੇ ਜ਼ਮੀਨੀ ਮਾਮਲੇ ਨੂੰ ਲੈਕੇ ਬਹੁਤ ਨਫ਼ਰਤੀ ਪ੍ਰਚਾਰ ਕੀਤਾ ਹੈ। ਕਿਸੇ ਵੀ ਮੁਲਕ ਦੀ ਤਰੱਕੀ ਨਫ਼ਰਤ ਅਤੇ ਹਿੰਸਾ ਦੇ ਬਿਨਾਹ ’ਤੇ ਨਹੀਂ ਟਿਕੀ ਹੁੰਦੀ। ਸਟੇਟ ਦਾ ਕੋਈ ਧਰਮ ਨਹੀਂ ਹੋਣਾ ਚਾਹੀਦਾ। ਸਾਨੂੰ ਸੈਕੂਲਰ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ। 

‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ

ਇਸਲਾਮਾਬਾਦ 2016 ਵਿਚ ਨਵਾਜ਼ ਸ਼ਰੀਫ਼ ਸਰਕਾਰ ਵੱਲੋਂ ਕੈਪੀਟਲ ਡਿਵੈਲਪਮੈਂਟ ਅਥਾਰਟੀ ਦੇ ਹਵਾਲੇ ਨਾਲ ਮੰਦਰ ਲਈ ਜ਼ਮੀਨ ਦਿੱਤੀ ਗਈ ਸੀ। ਮੰਦਰ ਦੇ ਵਿਰੋਧ ਦੇ ਦਰਮਿਆਨ ਇਹ ਸਾਰਥਕ ਪੁਲਾਂਘ ਪੁੱਟੀ ਗਈ ਹੈ। ਮੰਦਰ ਦੇ ਹੱਕ ਵਿੱਚ ਨੈਸ਼ਨਲ ਅਸੈਂਬਲੀ ਵੀ ਨਿੱਤਰੀ ਹੈ। ਪਾਕਿਸਤਾਨ ਉਲਮਾ ਕੌਂਸਲ ਨੇ ਵੀ ਮੰਦਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। 

ਪਾਕਿਸਤਾਨ ਵਿਚ ਹਿੰਦੂ ਸਿੱਖ ਵਿਰਾਸਤੀ ਥਾਵਾਂ ਦੇ ਜਾਣਕਾਰ ਲਿਖਾਰੀ ਹਾਰੂਨ ਖ਼ਾਲਿਦ ਮੁਤਾਬਕ ਇਹ ਬਹੁਤ ਮਹੱਤਵਪੂਰਨ ਹੈ ਕਿ ਪਾਕਿਸਤਾਨ ਵਿਚ ਪਹਿਲੀ ਵਾਰ ਕੋਈ ਨਵਾਂ ਨਕੋਰ ਮੰਦਰ ਬਣਨ ਜਾ ਰਿਹਾ ਹੈ। ਸਰਕਾਰ ਦੀ ਸਹਿਮਤੀ ਨਾਲ, ਸਰਕਾਰੀ ਕੋਸ਼ ਨਾਲ ਇਹ ਪਹਿਲੀ ਵਾਰ ਮੰਦਰ ਤਿਆਰ ਹੋ ਰਿਹਾ ਹੈ। 

ਹਾਰੂਨ ਮੁਤਾਬਕ ਇਹ ਮਹੱਤਵਪੂਰਨ ਇਸ ਕਰਕੇ ਹੈ, ਕਿਉਂਕਿ ਭਾਰਤ ਦੇ ਉਲਟ ਪਾਕਿਸਤਾਨ ਇਸਲਾਮੀ ਪਛਾਣ ਦਾ ਦੇਸ਼ ਸੀ। ਬਤੌਰ ਦੇਸ਼ ਪਾਕਿਸਤਾਨ ਨੇ ਪਿਛਲੇ 15 ਸਾਲਾਂ ਵਿਚ ਆਪਣੀ ਪਛਾਣ ਅਤੇ ਨਜ਼ਰੀਏ ’ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਲਾਮਾਬਾਦ ਦੇ ਸ਼੍ਰੀ ਕ੍ਰਿਸ਼ਨ ਮੰਦਰ ਤੋਂ ਪਹਿਲਾਂ 2005 ਤੋਂ ਪਾਕਿਸਤਾਨ ਅੰਦਰ ਘੱਟ ਗਿਣਤੀ ਕੌਮਾਂ ਅਤੇ ਉਨ੍ਹਾਂ ਦੀਆਂ ਥਾਵਾਂ ਨੂੰ ਲੈ ਕੇ ਸੰਜੀਦਾ ਕੰਮ ਹੋਣੇ ਸ਼ੁਰੂ ਹੋਏ ਹਨ। ਇਸ ਸਾਲ ਪਹਿਲੀ ਵਾਰ ਹਿੰਦੂ ਧਰਮ ਵਿਚ ਖਾਸ ਅਸਥਾਨ ਰੱਖਦਾ 'ਕੱਟਸਰਾਜ ਮੰਦਰ' ਦਾ ਪੁਨਰ ਨਿਰਮਾਣ ਕੀਤਾ ਗਿਆ ਸੀ। 2016-17 ਤੋਂ ਪਾਕਿਸਤਾਨ ਕੈਲੰਡਰ ਵਿਚ ਹਿੰਦੂ ਤਿਉਹਾਰਾਂ ਨੂੰ ਵੀ ਮਾਨਤਾ ਦੇਣੀ ਸ਼ੁਰੂ ਕੀਤੀ ਹੈ। 

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ...

ਸਾਈਦਾ ਦੀਪ

PunjabKesari

ਸਾਈਦਾ ਦੀਪ ਮੁਤਾਬਕ ਉਨ੍ਹਾਂ ਦੀ ਸੰਸਥਾ ਸੈਂਟਰ ਫਾਰ ਪੀਸ ਐਂਡ ਸੈਕੁਲਰ ਸਟਡੀਜ਼ 1991 ਤੋਂ ਹੀ ਧਰਮ ਨਿਰਪੱਖ ਕਦਰਾਂ ਕੀਮਤਾਂ, ਅਹਿੰਸਾ, ਭਾਰਤ-ਪਾਕਿਸਤਾਨ ਦੋਸਤੀ, ਸ਼ਾਂਤੀ ਅਤੇ ਪਾਕਿਸਤਾਨ ਦੇ ਸਕੂਲਾਂ-ਕਾਲਜਾਂ ਵਿਚ ਮੁਹੱਬਤ ਅਤੇ ਸਾਂਝੀਵਾਲਤਾ ਦੇ ਪਾਠ ਪੜਾਉਣ ਲਈ ਸਰਗਰਮ ਭੂਮਿਕਾ ਅਦਾ ਕਰਦੇ ਆ ਰਹੇ ਹਨ। ਸਈਦਾ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਏਸ਼ੀਆ ਦੇ ਖਿੱਤੇ ਵਿੱਚ ਸਿਆਸੀ ਅਤੇ ਸਮਾਜਿਕ ਰਿਸ਼ਤਿਆਂ ਲਈ ਵੱਡੀ ਮਿਸਾਲ ਹੋ ਨਿਬੜਿਆ ਹੈ। ਦੁਨੀਆਂ ਦੇ ਹਰ ਦੇਸ਼ ਵਿਚ ਕੁਝ ਕੱਟੜ ਅੱਖੜ ਦਿਮਾਗ ਲੋਕ ਹੁੰਦੇ ਹਨ। ਸਾਨੂੰ ਲਗਾਤਾਰ ਅਮਨ ਅਤੇ ਮੁਹੱਬਤ ਲਈ ਜੂਝਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਖ਼ੁਸ਼ ਕਰਦੀਆਂ ਸੌਗਾਤਾਂ ਵੰਡਾਂਗੇ ਅਤੇ ਆਪਣੇ ਖਾਸ ਮਸਲੇ ਗੱਲਬਾਤ ਨਾਲ ਸੁਲਝਾਵਾਂਗੇ ਤਾਂ ਇੱਕ ਦਿਨ ਅਸੀਂ ਦੁਨੀਆ ਲਈ ਮਿਸਾਲ ਵੀ ਬਣਾਂਗੇ। 

ਰਾਵਲਪਿੰਡੀ ਅਤੇ ਇਸਲਾਮਾਬਾਦ ਦੋਵੇਂ ਇਕੱਠੇ ਸ਼ਹਿਰ ਹਨ। ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਵੰਡ ਤੋਂ ਬਾਅਦ ਬਣਿਆ ਹੋਇਆ ਸ਼ਹਿਰ ਹੈ। 1998 ਅਤੇ 2018 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਪਾਕਿਸਤਾਨ ਵਿਚ 24 ਲੱਖ ਦੇ ਲੱਗਭਗ ਹਿੰਦੂ ਆਬਾਦੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਸਿੰਧ ਵਿਖੇ 22 ਲੱਖ ਹਿੰਦੂ ਆਬਾਦੀ ਹੈ। ਪਾਕਿਸਤਾਨ ਹਿੰਦੂ ਕੌਂਸਲ ਦਾ ਅਕਤੂਬਰ 2019 ਵਿਚ ਦਾਅਵਾ ਸੀ ਕਿ ਪਾਕਿਸਤਾਨ ਵਿਚ 8 ਮਿਲੀਅਨ ਆਬਾਦੀ ਹਿੰਦੂਆਂ ਦੀ ਹੈ। 2018 ਦੀਆਂ ਪਾਕਿਸਤਾਨ ਚੋਣਾਂ ਵੇਲੇ ਸਿੰਧ ਤੋਂ ਗਿਆਨ ਚੰਦ ਅਸਰਾਨੀ ਅਤੇ ਹਰੀ ਰਾਮ ਕਿਸ਼ੋਰੀ ਲਾਲ ਜੇਤੂ ਆਗੂ ਬਣੇ। ਇਹ ਪਹਿਲੀ ਵਾਰ ਸੀ ਕਿ ਸਿੰਧ ਤੋਂ ਕੋਈ ਗੈਰ-ਮੁਸਲਿਮ ਆਗੂ ਜਿੱਤਿਆ।

‘ਪੰਜਾਬੀ ਕਵਿਤਾ’ ਵਾਲੇ ਅਦਬ ਦੇ ਨਿਸ਼ਕਾਮ ਸੇਵਾਦਾਰ ‘ਕਰਮਜੀਤ ਸਿੰਘ ਗਠਵਾਲਾ’

ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਦੇ ਅਵੈਕਿਊ ਟਰੱਸਟ ਦੀ ਜ਼ਮੀਨ 135000 ਏਕੜ ਦੇ ਲਗਭਗ ਹੈ। ਰਾਵਲਪਿੰਡੀ ਤੋਂ ਅਲੀ ਅੱਬਾਸ ਤੂਰ ਦੱਸਦੇ ਹਨ ਕਿ ਪਾਕਿਸਤਾਨ ਵਿੱਚ 428 ਪ੍ਰਾਚਿਨ ਇਤਿਹਾਸਕ ਮੰਦਰ ਹਨ। ਇਨ੍ਹਾਂ ਵਿੱਚੋਂ 400 ਮੰਦਰਾਂ ਦੀਆਂ ਸਿਰਫ਼ ਇਮਾਰਤਾਂ ਹੀ ਬਚੀਆਂ ਹਨ। ਬਾਕੀਆਂ ਵਿਚੋਂ ਸਿਰਫ 20-21 ਮੰਦਰ ਹਨ, ਜਿਥੇ ਏਸ ਵੇਲੇ ਪੂਜਾ ਹੁੰਦੀ ਹੈ। ਇਨ੍ਹਾਂ ਵਿਚੋਂ 16-17 ਮੰਦਰ ਇਕੱਲੇ ਸਿੰਧ ਵਿੱਚ ਹੀ ਹਨ। 

ਇਨ ਸਰਚ ਆਫ ਸ਼ਿਵਾ ਅਤੇ ਵਾਕਿੰਗ ਵਿਦ ਨਾਨਕ ਦੇ ਲਿਖਾਰੀ ਹਾਰੂਨ ਖ਼ਾਲਿਦ ਮੁਤਾਬਕ ਇਹ ਚੰਗਾ ਸੰਕੇਤ ਹੈ ਕਿ ਇਨ੍ਹਾਂ ਦਿਨਾਂ ਵਿਚ ਮੁਸਲਿਮ ਲੀਗ ਦੇ ਆਗੂ ਖ਼ਵਾਜਾ ਆਸਿਫ਼, ਪਾਕਿਸਤਾਨ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦੇ ਮੰਤਰੀ ਸ਼ਵਾਜ਼ ਚੌਧਰੀ ਸਮੇਤ ਪਾਕਿਸਤਾਨ ਉਲਮਾ ਕੌਂਸਲ ਮੰਦਰ ਦੇ ਹੱਕ ਵਿੱਚ ਨਿਤਰਕੇ ਆਏ ਹੈ।

ਹਾਰੂਨ ਖ਼ਾਲਿਦ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਮਾਮਲਿਆਂ ਦੇ ਖਾਸ ਜਾਣਕਾਰ ਹਨ। ਹਾਰੂਨ ਮੁਤਾਬਕ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਦੇ ਖਿਲਾਫ ਜਜ਼ਬਾਤ ਨਹੀਂ ਹਨ। ਜਦੋਂ-ਜਦੋਂ ਵੀ ਅਜੇਹੇ ਮਸਲੇ ਉੱਠਦੇ ਹਨ ਤੇ ਸਾਨੂੰ ਇਹ ਸਮਝਣ ਦੀ ਲੋੜ ਹੈ। ਇਹ ਹਿੰਦੂ ਮਸਲਿਆਂ ਦੇ ਨਾਮ 'ਤੇ ਪਾਕਿਸਤਾਨ ਵਿੱਚ ਵਿਰੋਧ ਭਾਰਤ ਦਾ ਹੁੰਦਾ ਹੈ। ਪਾਕਿਸਤਾਨ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਹਲਾਤ ਫਿਰ ਵੀ ਬਿਹਤਰ ਹਨ। ਇਹ ਕ੍ਰਿਸ਼ਚਨ ਅਤੇ ਅਹਿਮਦੀਆ ਦੇ ਮੁਕਾਬਲੇ ਵੱਧ ਸੁਖਾਵੇਂ ਹਨ। 

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ’

ਪਾਕਿਸਤਾਨ ਵਿਚ 1300 ਦੇ ਲੱਗਭਗ ਮੰਦਰ ਹਨ। ਇਨ੍ਹਾਂ ਵਿੱਚੋਂ 30 ਮੰਦਰ ਬਿਹਤਰ ਕਾਰਜ ਅਧੀਨ ਹਨ। ਇਸਲਾਮਾਬਾਦ ਵਿਖੇ ਸ਼੍ਰੀ ਕ੍ਰਿਸ਼ਨ ਮੰਦਰ ਦੀ ਉਸਾਰੀ ਦਾ ਕੰਮ ਜੁਲਾਈ ਦੀ 4 ਤਾਰੀਖ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼੍ਰੀ ਕ੍ਰਿਸ਼ਨ ਮੰਦਰ ਦੇ ਨਿਰਮਾਣ ਦੀ ਲਾਗਤ 598000 ਡਾਲਰ ਦੱਸੀ ਗਈ ਹੈ। ਫਿਲਹਾਲ ਪਾਕਿਸਤਾਨ ਇਸ ਮੰਦਰ ਦਾ ਨਿਰਮਾਣ ਕਰਕੇ ਨਵੀਂ ਘੜੀ 'ਨਵੇਂ ਪਾਕਿਸਤਾਨ' ਦਿੱਖ ਵਿਚ ਮਿਸਾਲ ਕਾਇਮ ਕਰਨਾ ਚਾਹੁੰਦੀ ਹੈ। ਹਾਰੂਨ ਮੁਤਾਬਕ 9/11 ਦੇ ਨਿਊਯਾਰਕ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਨੇ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਰਾਵਲਪਿੰਡੀ ਦੇ ਦੋ ਪ੍ਰਾਚੀਨ ਅਜਿਹੇ ਮੰਦਰ ਵੀ ਹਨ, ਜਿੱਥੇ ਹੋਲੀ ਅਤੇ ਦੀਵਾਲੀ ਦਾ ਤਿਉਹਾਰ ਮਨਾਉਣਾ ਵੀ ਸ਼ੁਰੂ ਕੀਤਾ ਹੈ। ਬਤੌਰ ਦੇਸ਼ ਪਾਕਿਸਤਾਨ ਆਪਣੇ ਆਪ ਨੂੰ ਬਦਲਨਾ ਚਾਹੁੰਦਾ ਹੈ। 

ਰਾਵਲਪਿੰਡੀ ਦੇ ਹਿੰਦੂ ਭਾਈਚਾਰੇ ਮੁਤਾਬਕ ਰਾਵਲਪਿੰਡੀ ਅਤੇ ਇਸਲਾਮਾਬਾਦ ਵਿਚ ਹਿੰਦੂ ਭਾਈਚਾਰੇ ਦੀਆਂ ਮੰਗਾਂ ਬਹੁਤ ਚਿਰ ਤੋਂ ਸਨ। ਇਨ੍ਹਾਂ ਮੰਗਾਂ ਵਿਚ ਇਕ ਮੰਗ ਸ਼੍ਰੀ ਕ੍ਰਿਸ਼ਨ ਮੰਦਰ ਦੀ ਅਤੇ ਦੂਜੀ ਮੰਗ ਸ਼ਮਸ਼ਾਨਘਾਟ ਦੀ ਸੀ। ਇਸਲਾਮਾਬਾਦ ਵਿਚ ਉਸਰਨ ਜਾ ਰਿਹਾ ਇਹ ਸਿਰਫ਼ ਸ਼੍ਰੀ ਕ੍ਰਿਸ਼ਨ ਮੰਦਰ ਨਹੀਂ ਹੈ ਸਗੋਂ ਇਹ ਭਾਈਚਾਰਕ ਕੇਂਦਰ ਹੈ। ਇੱਥੇ ਮੰਦਰ ਦੇ ਨਾਲ-ਨਾਲ ਸ਼ਮਸ਼ਾਨ ਘਾਟ ਅਤੇ ਭਾਈਚਾਰਕ ਹਾਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਸਲਾਮਾਬਾਦ ਵਿਚ 1 ਹਜ਼ਾਰ ਤੋਂ ਵੱਧ ਹਿੰਦੂ ਭਾਈਚਾਰੇ ਦੇ ਲੋਕ ਅਤੇ ਰਾਵਲਪਿੰਡੀ ਵਿੱਚ 3000 ਦੇ ਲੱਗਭਗ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ।

"ਜਿਵੇਂ ਮਹਾਨ ਸਰ ਗੰਗਾ ਰਾਮ ਨੇ ਆਧੁਨਿਕ ਲਾਹੌਰ ਦਾ ਨਿਰਮਾਣ ਕੀਤਾ। ਇੰਝ ਹੀ ਸਾਨੂੰ ਇਸ ਮੌਕੇ ਆਪਣੀ ਨੈਤਿਕ ਜ਼ਿੰਮੇਵਾਰੀ ਨਾਲ ਬਿਨਾਂ ਭੇਦ-ਭਾਵ ਦੇ ਕਿਸੇ ਵੀ ਸੰਸਥਾਵਾਂ ਨੂੰ ਬਿਹਤਰ ਅੰਜਾਮ ਤੱਕ ਪਹੁੰਚਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।" - ਡਾਕਟਰ ਰਮੇਸ਼ ਕੁਮਾਰ ਵੰਕਵਾਣੀ, ਮੈਂਬਰ ਨੈਸ਼ਨਲ ਅਸੈਂਬਲੀ ਪਾਕਿਸਤਾਨ

PunjabKesari


rajwinder kaur

Content Editor

Related News