ਇਕ ਜਿਸਮਾਨੀ ਅਤੇ ਰੂਹਾਨੀ ਇਬਾਦਤ ਦਾ ਨਾਂ ਹੈ 'ਰੋਜ਼ਾ'

04/14/2021 12:21:48 PM

ਅੱਲ੍ਹਾ ਪਾਕ ਨੇ ਆਪਣੇ ਬੰਦਿਆਂ ਦੇ ਜੀਵਨ ਗੁਜ਼ਾਰਨ  ਲਈ, ਜੋ ਕਾਇਦੇ ਤੇ ਕਾਨੂੰਨ ਬਣਾਏ ਨੇ, ਯਕੀਨਨ ਉਨ੍ਹਾਂ ਵਿਚ ਸਮੁੱਚੀ ਮਨੁੱਖਤਾ ਲਈ ਆਸਾਨੀਆਂ ਤੇ ਭਲਾਈਆਂ ਹਨ । ਇਹੋ ਵਜ੍ਹਾ ਹੈ ਕਿ ਇਨ੍ਹਾਂ ਦੀ ਪੈਰਵੀ ਕਰਨ ਤੇ' ਹਰ ਪੈਗੰਬਰ, ਨਬੀ ਅਤੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਅਨੁਆਈਆਂ ਨੇ ਜ਼ੋਰ ਦਿੱਤਾ ਹੈ। ਕੁਰਆਨ-ਮਜੀਦ ਵਿਚ, ਜੋ ਦਿਸ਼ਾ-ਨਿਰਦੇਸ਼ ਦਰਜ ਹਨ, ਉਨ੍ਹਾਂ ਦਾ ਸਹੀ ਢੰਗ ਨਾਲ ਅਧਿਐਨ ਕਰਦਿਆਂ ਜੇਕਰ ਉਨ੍ਹਾਂ ਅਸੂਲਾਂ ’ਤੇ ਚੱਲਿਆ ਜਾਵੇ ਤਾਂ ਨਿਰਸੰਦੇਹ ਮਨੁੱਖਾਂ ਦੀਆਂ ਬਹੁਤ ਸਾਰੀਆਂ ਔਕੜਾਂ ਆਪਣੇ ਆਪ ਹੀ ਹਲ ਹੋ ਜਾਣ। ਜਿਨ੍ਹਾਂ ਇਬਾਦਤਾਂ ਨੂੰ ਕੁਰਾਨ ਨੇ ਰੋਜ਼ਾਨਾ ਜੀਵਨ 'ਚ ਕਰਨ ਦੀ ਤਾਕੀਦ ਤੇ ਜੋਰ ਦਿੱਤਾ ਹੈ, ਜੇਕਰ ਉਨ੍ਹਾਂ ’ਤੇ ਗੋਹ ਨਾਲ ਵਿਚਾਰ ਕਰੀਏ ਤਾਂ ਯਕੀਨਨ ਉਨ੍ਹਾਂ ਵਿਚ ਮਨੁੱਖਤਾ ਲਈ ਬਹੁਤ ਸਾਰੀਆਂ ਭਲਾਈਆਂ ਮੌਜੂਦ ਹਨ।

ਇਸਲਾਮ ਦੀ ਬੁਨਿਆਦ ਮੂਲ ਰੂਪ 'ਚ ਪੰਜ ਸਿਧਾਂਤਾਂ - ਕਲਮਾ, ਨਮਾਜ਼, ਰੋਜ਼ਾ, ਜ਼ਕਾਤ, ਹੱਜ 'ਤੇ ਕਾਇਮ ਹੈ। ਭਾਵ, ਇਸਲਾਮ ਦੇ ਅਨੁਯਾਈ ਦਾ ਈਮਾਨ ਉਦੋਂ ਤਕ ਮੁਕੰਮਲ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਉਹ ਇਨ੍ਹਾਂ ਦੱਸੇ ਗਏ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਅਮਲੀ ਰੂਪ 'ਚ ਨਹੀਂ ਉਤਾਰਦਾ ।
ਇਸ ਤੋਂ ਪਹਿਲਾਂ ਕਿ ਅਸੀਂ ਰੋਜ਼ਾ ਦੇ ਜਿਸਮਾਨੀ ਅਤੇ ਰੂਹਾਨੀ ਫ਼ਾਇਦਿਆਂ ਦੀ ਗੱਲ ਕਰੀਏ ਆਓ ਪਹਿਲਾਂ ਇਸਲਾਮ ਦੇ ਇਨ੍ਹਾਂ ਪੰਜਾਂ ਸਿਧਾਂਤਾਂ ਬਾਰੇ ਮੁਖਤਸਰਨ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ।

ਕਲਮਾ:- ਕਲਮੇ ਦਾ ਅਰਥ ਹੈ ਕਿ ਰੱਬ ਇਕ ਹੈ, ਉਸ ਦਾ ਕੋਈ ਸ਼ਰੀਕ ਨਹੀਂ। ਰੱਬ ਤੋਂ ਇਲਾਵਾ ਕੋਈ ਵੀ ਇਬਾਦਤ ਜਾਂ ਬੰਦਗੀ ਦੇ ਲਾਇਕ ਨਹੀਂ ਅਤੇ ਹਜ਼ਰਤ ਮੁਹੰਮਦ ਸਾਹਿਬ (ਸ:) ਉਸ ਦੇ ਸੱਚੇ ਪੈਗ਼ੰਬਰ ਅਤੇ ਰਸੂਲ ਹਨ।

ਨਮਾਜ਼:- ਜਦ ਕੋਈ ਬੰਦਾ ਸੱਚੇ ਦਿਲੋਂ ਕਲਮਾ ਪੜ੍ਹਦਾ ਹੈ, ਭਾਵ ਸਾਰੇ ਜਹਾਨਾਂ ਦਾ ਰੱਬ ਇਕ ਹੋਣ ਦਾ ਇਕਰਾਰ ਕਰਦਾ ਹੈ ਤਾਂ ਉਸ ਉੱਪਰ ਇਕ ਦਿਨ 'ਚ ਪੰਜ ਨਮਾਜ਼ (ਫਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ) ਨਿਸ਼ਚਿਤ ਸਮੇਂ ਦੌਰਾਨ ਪੜ੍ਹਨਾ ਫਰਜ਼ ਹੋ ਜਾਂਦੀਆਂ ਹਨ।

ਰੋਜ਼ਾ :- ਰਮਜ਼ਾਨ ਮਹੀਨੇ ਦੌਰਾਨ ਰੱਖੇ ਜਾਂਦੇ ਰੋਜ਼ੇ ਇਸਲਾਮ ਦੇ ਪੰਜ ਸਿਧਾਂਤਾਂ 'ਚੋਂ ਇਕ ਹਨ। ਰੋਜ਼ਾ ਜਿਸਮਾਨੀ ਦੇ ਨਾਲ-ਨਾਲ ਰੂਹਾਨੀ ਇਬਾਦਤ ਵੀ ਹੈ। ਕੁਰਆਨ ਮਜੀਦ 'ਚ ਅੱਲ੍ਹਾਂ ਪਾਕ ਫਰਮਾਉਂਦੇ ਹਨ, 'ਐ ਈਮਾਨ ਵਾਲਿਉ! ਤੁਹਾਡੇ ਉੱਪਰ ਉਸੇ ਤਰ੍ਹਾਂ ਰੋਜ਼ੇ ਫ਼ਰਜ਼ ਕੀਤੇ ਗਏ ਹਨ, ਜਿਵੇਂ ਤੁਹਾਡੇ ਤੋਂ ਪਹਿਲੇ ਲੋਕਾਂ ਉੱਪਰ ਫ਼ਰਜ਼ ਕੀਤੇ ਗਏ ਸਨ ਤਾਂ ਕਿ ਤੁਸੀਂ ਪਰਹੇਜ਼ਗਾਰ (ਬੁਰਾਈਆਂ ਤੋਂ ਬਚਣ ਵਾਲੇ) ਬਣੋ।' ਇਕ ਹੋਰ ਥਾਂ ਅੱਲ੍ਹਾ ਪਾਕ ਫਰਮਾਉਂਦੇ ਨੇ ਕਿ 'ਰੋਜ਼ਾ ਮੇਰੇ ਲਈ ਹੈ ਤੇ ਮੈਂ ਇਸ ਦੀ ਜਜ਼ਾ (ਇਨਾਮ) ਵੀ ਖ਼ੁਦ ਹੀ ਦੇਵਾਂਗਾ। ਹਜ਼ਰਤ ਮੁਹੰਮਦ ਸਾਹਿਬ ਫਰਮਾਉਂਦੇ ਹਨ ਕਿ 'ਰੋਜ਼ਾ ਨਰਕ ਦੀ ਅੱਗ ਤੋਂ ਢਾਲ ਹੈ।'

ਜ਼ਕਾਤ:- ਜ਼ਕਾਤ ਉਨ੍ਹਾਂ ਮਾਲਦਾਰਾਂ ਜਾਂ ਧਨਵਾਨ ਲੋਕਾਂ 'ਤੇ ਫਰਜ਼ ਹੈ, ਜਿਨ੍ਹਾਂ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਬਵੰਜਾ ਤੋਲੇ ਚਾਂਦੀ ਜਾਂ ਇਸ ਦੀ ਕੀਮਤ ਦੇ ਬਰਾਬਰ ਨਕਦੀ ਹੋਵੇ ਜਾਂ ਚਾਂਦੀ ਅਤੇ ਸੋਨੇ ਦੋਵਾਂ ਦੀ ਸਮੁੱਚੀ ਮਾਲੀਅਤ ਸਾਢੇ ਬਵੰਜਾ ਤੋਲੇ ਚਾਂਦੀ ਦੇ ਬਰਾਬਰ ਹੋਵੇ। ਇਸ ਤੋਂ ਵਧੇਰੇ ਚਾਂਦੀ ਜਾਂ ਨਕਦੀ ਆਦਿ ਮੌਜੂਦ ਹੋਵੇ ਤਾਂ ਇਸ ਸੂਰਤ 'ਚ ਜ਼ਕਾਤ ਅਦਾ ਕਰਨਾ ਉਸ ਮੁਸਲਮਾਨ ਲਈ ਫਰਜ ਜਾਂ ਵਾਜ਼ਿਬ ਹੋ ਜਾਂਦਾ ਹੈ। ਭਾਵ ਅਜਿਹੇ ਰੱਜੇ-ਪੁਜੇ ਸਾਹਿਬ-ਏ-ਦੌਲਤ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਸਾਲ ਦੀ ਮੁੱਦਤ ਲੰਘਣ ਉਪਰੰਤ ਅਪਣੀ ਇਸ ਰਕਮ 'ਚੋਂ ਢਾਈ ਫ਼ੀਸਦੀ ਦੇ ਹਿਸਾਬ ਨਾਲ ਬਣਦੀ ਜ਼ਕਾਤ ਗ਼ਰੀਬਾਂ 'ਚ ਵੰਡੇ। ਇਹ ਵੀ ਲਾਜ਼ਮੀ ਹੈ ਕਿ ਜਦ ਕਿਸੇ ਗ਼ਰੀਬ ਲੋੜਵੰਦ ਨੂੰ ਜ਼ਕਾਤ ਦਿੱਤੀ ਜਾਵੇ ਤਾਂ ਇਸ ਦਾ ਵਿਖਾਵਾ ਨਾ ਕੀਤਾ ਜਾਵੇ। ਭਾਵ ਜੇਕਰ ਸੱਜੇ ਹੱਥ ਨਾਲ ਦਿੰਦਾ ਹੈ ਤਾਂ ਖੱਬੇ ਹੱਥ ਨੂੰ ਵੀ ਪਤਾ ਨਾ ਲੱਗੇ। ਬਾਕੀ ਉਹ ਰੱਬ ਤਾਂ ਮਨੁੱਖ ਦੇ ਅੰਦਰ ਉੱਠਣ ਵਾਲੇ ਵਸਵਸਿਆਂ ਤੋਂ ਵੀ ਜਾਣੂ ਹੈ।

ਹੱਜ: - ਇਸੇ ਪ੍ਰਕਾਰ ਹਰ ਸਾਹਿਬ-ਏ–ਦੌਲਤ ਮੁਸਲਮਾਨ 'ਤੇ, ਭਾਵ ਹੱਜ ਦੇ ਸਫ਼ਰ ਦਾ ਖ਼ਰਚਾ ਚੁੱਕਣ ਵਾਲੇ ਉੱਪਰ ਪੂਰੀ ਉਮਰ ਵਿਚ ਇਕ ਵਾਰ 'ਹੱਜ' ਕਰਨਾ ਵੀ ਵਾਜਬ ਹੈ।

ਆਓ ਹੁਣ ਆਪਾਂ ਰੋਜ਼ਾ ਦੇ ਸੰਦਰਭ ਵਿਚ ਕੁਝ ਮੁੱਖ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਰੋਜਾ ਸੂਰਜ ਨਿਕਲਣ ਤੋਂ ਕੋਈ ਸਵਾ-ਡੇਢ ਘੰਟਾ ਪਹਿਲਾਂ ਰੱਖਿਆ ਜਾਂਦਾ ਹੈ ਅਰਥਾਤ ਪਹੁ-ਫੁੱਟਣ ਤੋਂ ਪਹਿਲਾਂ-ਪਹਿਲਾਂ ਇਕ ਰੋਜ਼ੇਦਾਰ ਨੂੰ ਆਪਣੀ ਜ਼ਰੂਰਤ ਅਨੁਸਾਰ ਖਾ-ਪੀ ਲੈਣਾ ਜਰੂਰੀ ਹੈ। ਸਰਘੀ ਵੇਲੇ ਦੇ ਇਸ ਖਾਣੇ ਨੂੰ 'ਸਿਹਰੀ' ਆਖਦੇ ਹਨ। ਸਿਹਰੀ ਕਰਨਾ ਸੁੰਨਤ ਹੈ ( ਸੁੱਨਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਹਜ਼ਰਤ ਮੁਹੰਮਦ ਸਲੱਲਾ ਹੋ ਅਲੈਹਵ ਸਲੱਮ ਨੇ ਅਪਣੇ ਜੀਵਨ 'ਚ ਕੀਤਾ ਹੋਵੇ) ਇਥੇ ਜਿਕਰਯੋਗ ਹੈ ਕਿ ਸਿਹਰੀ ਦਾ ਖਾਣਾ ਬਹੁਤ ਸਾਰੀਆਂ ਬਰਕਤਾਂ ਨਾਲ ਭਰਿਆ ਹੁੰਦਾ ਹੈ। ਸਿਹਰੀ ਕਰਨ ਉਪਰੰਤ ਇਕ ਰੋਜ਼ੇਦਾਰ ਪੂਰਾ ਦਿਨ ਨਾ ਹੀ ਕੁਝ ਖਾਂਦਾ ਹੈ ਅਤੇ ਨਾ ਹੀ ਪੀਂਦਾ ਹੈ।

ਜਦੋਂ ਕਿ ਸੂਰਜ ਛਿਪਣ ਨਾਲ ਰੋਜ਼ਾ ਅਫ਼ਤਾਰ ਕੀਤਾ ਜਾਂਦਾ ਹੈ ਭਾਵ ਰੋਜ਼ਾ ਖੋਲ੍ਹਿਆ ਜਾਂਦਾ ਹੈ। ਰੋਜ਼ੇ ਨੂੰ ਖਜ਼ੂਰ ਨਾਲ ਖੋਲ੍ਹਣਾ ਸੁੰਨਤ ਤੇ ਅਫਜ਼ਲ ਸਮਝਿਆ ਜਾਂਦਾ ਹੈ। ਇਥੇ ਜਿਕਰਯੋਗ ਹੈ ਕਿ ਖਜੂਰ ਕਾਰਬੋਹਾਈਡਰੇਟਸ ਨਾਲ ਇਕ ਭਰਪੂਰ ਗ਼ਿਜ਼ਾ ਹੈ। ਇਹ ਖ਼ਾਲੀ ਪੇਟ ਨੂੰ ਦੂਜੇ ਖਾਣੇ ਹਜ਼ਮ ਕਰਨ ਅਤੇ ਮਿਹਦੇ ਨੂੰ ਤਾਕਤ ਬਖ਼ਸ਼ਣ ਦੇ ਨਾਲ-ਨਾਲ ਭੋਜਨ ਕਰਨ ਦੇ ਯੋਗ ਬਣਾਉਂਦੀ ਹੈ।ਰੋਜ਼ਿਆਂ ਦੌਰਾਨ ਪੰਜ ਫਰਜ਼ ਨਮਾਜ਼ਾਂ ਤੋਂ ਇਲਾਵਾ ਇਸ਼ਾ ਦੀ ਨਮਾਜ਼ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਮਸਜਿਦ ਵਿਚ ਤਰਾਵੀਹ ਦੀ ਨਮਾਜ਼ ਅਦਾ ਕਰਨ ਦਾ ਅਹਿਤਮਾਮ ਕੀਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਤਰਾਵੀਹ ਦੀ ਨਮਾਜ਼ ਮੌਕੇ ਮੁਸਲਿਮ ਪੂਰਾ ਕੁਰਾਨ ਸੁਣਦੇ ਹਨ ਪਰ ਜੇਕਰ ਕੋਈ ਹਾਫਿਜ਼ (ਜਿਸ ਦੇ ਕੁਰਾਨ ਜੁਬਾਨੀ ਯਾਦ ਹੋਵੇ) ਨਾ ਹੋਵੇ ਤਾਂ ਤਰਾਵੀਹ ਦੀ ਨਮਾਜ਼ ਸੂਰਤਾਂ ਨਾਲ ਵੀ ਕਰਵਾਈ ਜਾ ਸਕਦੀ ਹੈ।

ਗੌਰਤਲਬ ਕਿ ਰੋਜ਼ਾ ਮਹਿਜ਼ ਪੂਰਾ ਦਿਨ ਭੁੱਖੇ ਪਿਆਸੇ ਰਹਿਣ ਦਾ ਨਾਂ ਨਹੀਂ ਹੈ। ਸਗੋਂ ਰੋਜ਼ੇ ਦੌਰਾਨ ਸਾਡੇ ਸਰੀਰ, ਦਿਲ-ਓ-ਦਿਮਾਗ਼ ਅਤੇ ਇਖਲਾਕ 'ਚੋਂ ਵੀ ਰੋਜ਼ੇ ਦੀ ਝਲਕ ਪ੍ਰਤੱਖ ਵਿਖਾਈ ਦੇਣੀ ਚਾਹੀਦੀ ਹੈ। ਰੋਜ਼ੇ ਦੌਰਾਨ ਜਿੱਥੇ ਖਾਣ-ਪੀਣ ਦੀ ਮਨਾਹੀ ਹੈ, ਉੱਥੇ ਆਪਣੀ ਦੇਹ ਨੂੰ ਵੀ ਪਵਿੱਤਰ ਰੱਖਣਾ ਹੁੰਦਾ ਹੈ। ਅੱਖਾਂ ਦਾ ਵੀ ਰੋਜ਼ਾ ਹੁੰਦਾ ਹੈ ਤੇ ਅਸੀਂ ਕੋਈ ਮੰਦੀ ਚੀਜ਼ ਨਾ ਵੇਖੀਏ। ਕੰਨਾਂ ਦਾ ਰੋਜ਼ਾ ਇਹ ਹੈ ਕਿਸੇ ਦੀ ਚੁਗਲੀ-ਨਿੰਦਿਆ ਨਾ ਸੁਣਨੀ ਤੇ ਨਾ ਹੀ ਕਿਸੇ ਨੂੰ ਕੁਰਾਹੇ ਪਾਉਣ ਵਾਲੀਆਂ ਆਵਾਜ਼ਾਂ ਸੁਨਣੀਆਂ ਹਨ। ਇਸੇ ਪ੍ਰਕਾਰ ਜ਼ੁਬਾਨ ਦਾ ਰੋਜ਼ਾ ਇਹ ਹੈ ਕਿ ਕਿਸੇ ਨਾਲ ਮੰਦਾ ਨਾ ਬੋਲਿਆ ਜਾਵੇ, ਜ਼ੁਬਾਨ ਤੋਂ ਉਸ ਅੱਲ੍ਹਾ ਪਾਕ ਦੀ ਸਿਫ਼ਤ ਹੀ ਨਿਕਲੇ ਜਿਸ ਨੇ ਇਸ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ । ਇਸੇ ਤਰ੍ਹਾਂ ਹੱਥਾਂ ਤੇ ਪੈਰਾਂ ਦਾ ਵੀ ਰੋਜ਼ਾ ਹੈ ਕਿ ਇਨ੍ਹਾਂ ਹੱਥਾਂ ਨਾਲ ਅਸੀਂ ਕੋਈ ਮਾੜਾ ਕਾਰਜ ਨਹੀਂ ਕਰਨਾ ਅਤੇ ਪੈਰਾਂ ਨਾਲ ਕਿਸੇ ਮਾੜੀ ਥਾਂ ਚੱਲ ਕੇ ਨਹੀਂ ਜਾਣਾ, ਜਿੱਥੇ ਕਿ ਪਾਪ ਹੁੰਦੇ ਹੋਣ। ਕਿਸੇ ਨਾਲ ਬੇਈਮਾਨੀ ਜਾਂ ਠੱਗੀ ਨਹੀਂ ਮਾਰਨੀ। ਕਿਸੇ ਨਾਲ ਲੜਨਾ ਨਹੀਂ, ਜੇ ਕੋਈ ਲੜੇ ਤਾਂ ਉਸ ਨੂੰ ਇਹੋ ਕਹਿਣਾ ਹੈ ਕਿ ਮੈਂ ਤਾਂ ਰੋਜ਼ੇ ਨਾਲ ਹਾਂ।

ਰੋਜ਼ੇ ਦੇ ਜਿਸਮਾਨੀ ਫ਼ਾਇਦੇ:- ਰੋਜ਼ੇ ਰੱਖਣ ਦੇ ਜਿੱਥੇ ਬਹੁਤ ਸਾਰੇ ਰੂਹਾਨੀ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਤੋਂ ਇਕ ਮੁਸਲਮਾਨ ਨੂੰ ਸੱਚੇ-ਸੁੱਚੇ ਰਹਿਣ, ਨੇਕ ਕੰਮ ਕਰਨ ਤੇ ਬੁਰੇ ਕੰਮਾਂ ਤੋਂ ਬਚਣ ਦੀ ਪ੍ਰੇਰਣਾ ਮਿਲਦੀ ਹੈ। ਇਸ ਦੇ ਨਾਲ-ਨਾਲ ਰੋਜ਼ਿਆਂ ਦੇ ਬਹੁਤ ਸਾਰੇ ਜਿਸਮਾਨੀ ਫ਼ਾਇਦੇ ਹਨ। ਅਸੀਂ ਜਾਣਦੇ ਹਾਂ ਕਿ ਸਾਡਾ ਸਰੀਰ ਇਕ ਮਸ਼ੀਨ ਵਾਂਗ ਹੈ। ਜਿਵੇਂ ਮਸ਼ੀਨਾਂ ਅਕਸਰ ਲਗਾਤਾਰ ਕੰਮ ਕਰਦਿਆਂ ਗਰਮ ਹੋ ਜਾਂਦੀਆਂ ਹੈ ਤਾਂ ਅਜਿਹੇ ਚ ਮਸ਼ੀਨਾਂ ਨੂੰ ਕੁਝ ਸਮੇਂ ਲਈ ਰੋਕ ਦਿੰਦੇ ਹਾਂ ਤਾਂ ਕਿ ਉਹ ਮੁੜ ਵਧੀਆ ਢੰਗ ਨਾਲ ਕੰਮ ਕਰਨ ਦੇ ਸਮਰੱਥ ਹੋ ਸਕਣ। ਮਸ਼ੀਨ ਵਾਂਗ ਹੀ ਸਾਡਾ ਸਰੀਰ ਵੀ ਬਾਰਾਂ ਮਹੀਨੇ ਤੀਹ ਦਿਨ ਭਾਵ ਚੌਵੀ ਘੰਟੇ ਨਿਰੰਤਰ ਕੰਮ ਕਰਦਾ ਰਹਿੰਦਾ ਹੈ, ਜਿਸ ਦੇ ਚਲਦਿਆਂ ਇਸ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣ ਜਾਂ ਸਿਹਤ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਅਸੀਂ ਰਮਜ਼ਾਨ ਦੇ ਮਹੀਨੇ ਵਿਚ ਰੋਜ਼ੇ ਰੱਖਦੇ ਹਾਂ ਤਾਂ ਸਾਡੇ ਮਿਹਦੇ ਸਮੇਤ ਜਿਸਮ ਦੇ ਸਮੁੱਚੇ ਅੰਗਾਂ ਨੂੰ ਬਹੁਤ ਆਰਾਮ ਮਿਲਦਾ ਹੈ। ਜਿਸ ਦੇ ਫਲਸਰੂਪ ਸਾਡੇ ਸਰੀਰ ਦੇ ਵੱਖ-ਵੱਖ ਅੰਗ ਸਕੂਨ ਅਤੇ ਤਰੋ-ਤਾਜ਼ਗੀ ਮਹਿਸੂਸ ਕਰਦੇ ਹਨ। ਇਸ ਦੇ ਨਾਲ ਨਾਲ ਰੋਜ਼ਾ ਰੱਖਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲਦੀ ਹੈ। ਕਿਉਂਕਿ ਰੋਜ਼ੇ ਦੌਰਾਨ ਖ਼ੂਨ ਦਾ ਵਹਾਅ ਅਤੇ ਰਫ਼ਤਾਰ ਮੁਨਾਸਿਬ ਹੋ ਜਾਂਦੀ ਹੈ। ਰੋਜ਼ਾ ਰੱਖਣ ਨਾਲ ਹੱਡੀਆਂ ਦੇ ਗੁੱਦੇ ਵਿਚ ਸਰੀਰ ਦੀ ਲੋੜ ਅਨੁਸਾਰ ਖ਼ੂਨ ਦੇ ਨਵੇਂ ਖੁਲੀਏ ਬਣਦੇ ਹਨ। ਰੋਜ਼ੇ ਵੱਧਦੇ ਹੋਏ ਵਜ਼ਨ ਨੂੰ ਵੀ ਸਹੀ ਕਰਨ ਚ ਸਹਾਈ ਹੁੰਦੇ ਹਨ। ਰੋਜ਼ਾ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਵੱਧਰੇ ਕੋਲੈਸਟ੍ਰੋਲ ਨਾਲ ਪੀੜਤ ਮਰੀਜ਼ਾਂ ਨੂੰ ਵੀ ਰਾਹਤ ਦਿੰਦਾ ਹੈ।ਕੁੱਲ ਮਿਲਾ ਕੇ ਰੋਜ਼ਾ ਇਕ ਅਜਿਹਾ ਅਭਿਆਸ ਹੈ, ਜੋ ਮਨੁੱਖ ਨੂੰ ਸਬਰ, ਸੰਤੋਖ ਸੁਹਿਰਦਤਾ, ਦਿਆਲਤਾ , ਸਹਿਜਤਾ, ਸੰਜਮਤਾ ਅਤੇ ਨੇਕੀ ਆਦਿ ਵਡਮੁੱਲੇ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਯਕੀਨਨ ਰੋਜ਼ਾ ਇਕ ਅਜਿਹੀ ਇਬਾਦਤ, ਅਰਾਧਨਾ ਜਾਂ ਭਗਤੀ ਹੈ, ਜੋ ਮਨੁੱਖ ਨੂੰ ਹਕੀਕੀ ਅਰਥਾਂ ਵਿਚ ਇਨਸਾਨੀਅਤ ਦਾ ਦਰਸ ਦਿੰਦਿਆਂ ਉਸ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ।

ਮੁਹੰਮਦ ਅੱਬਾਸ ਧਾਲੀਵਾਲ
ਮਾਲੇਰਕੋਟਲਾ।

ਸੰਪਰਕ :98552-59650
Abbasdhaliwal72@gmail.com

Shyna

Content Editor

Related News