ਆਲਮੀ ਪਿਤਾ ਦਿਹਾੜੇ 'ਤੇ ਵਿਸ਼ੇਸ਼ : ‘ਪਿਤਾ ਦਾ ਪਰਛਾਵਾਂ ਘਣਛਾਵੇ ਬੂਟੇ ਤੋਂ ਘੱਟ ਨਹੀਂ ਹੁੰਦਾ’

06/21/2020 10:40:33 AM

ਬਿੰਦਰ ਸਿੰਘ ਖੁੱਡੀ ਕਲਾਂ

ਰੂਪੀ ਫੁਲਵਾੜੀ 'ਚ ਨਵੇਂ ਖਿੜੇ ਬੱਚੇ ਰੂਪੀ ਫੁੱਲ ਦੀ ਮਾਤ ਅਤੇ ਪਿਤਾ ਦੋਵੇਂ ਰਲ ਕੇ ਦੇਖ ਭਾਲ ਕਰਦੇ ਹਨ ਅਤੇ ਜਦੋਂ ਹੱਥੀਂ ਲਗਾਏ ਫੁੱਲ ਖੁਸ਼ਬੂਆਂ ਬਿਖੇਰਦੇ ਹਨ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਬੱਚੇ ਨੂੰ ਜਨਮ ਦੇਣ ਅਤੇ ਉਸ ਦੀ ਸੰਭਾਲ ਕਰਨ 'ਚ ਮਾਂ ਦੀ ਭੂਮਿਕਾ ਬਿਨਾਂ ਸ਼ੱਕ ਪਿਤਾ ਨਾਲੋਂ ਜ਼ਿਆਦਾ ਹੁੰਦੀ ਹੈ। ਮਾਂ ਬੱਚਿਆਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀ ਹੈ। ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਹੀ ਮਾਂ ਦਾ ਦਰਜਾ ਰੱਬ ਦੇ ਬਰਾਬਰ ਮੰਨਿਆ ਗਿਆ ਹੈ।ਮਾਂ ਨੂੰ ਧਰਤੀ 'ਤੇ ਰੱਬ ਦਾ ਦੂਤ ਵੀ ਕਿਹਾ ਜਾਂਦਾ ਹੈ। ਪਰਿਵਾਰ 'ਚ ਮਾਂ ਦੀ ਭੂਮਿਕਾ ਦੇ ਮਹੱਤਵ ਨੂੰ ਸਵੀਕਾਰ ਕਰਦਿਆਂ ਹਰ ਵਰ੍ਹੇ ਮਾਂ ਦਿਵਸ ਮਨਾਇਆ ਜਾਂਦਾ ਹੈ।ਪਰ ਇੱਕ ਪਰਿਵਾਰ ਦੀਆਂ ਖੁਸ਼ੀਆਂ ਅਤੇ ਖੇੜਿਆਂ ਨੂੰ ਅੰਜ਼ਾਮ ਦੇਣ 'ਚ ਪਿਤਾ ਦੀ ਭੂਮਿਕਾ ਕਿਸੇ ਵੀ ਪੱਖੋਂ ਮਾਂ ਨਾਲੋਂ ਘੱਟ ਨਹੀਂ ਹੁੰਦੀ। ਇਸ ਸੱਚ ਨੂੰ ਸਵੀਕਾਰਦਿਆਂ ਹਰ ਵਰ੍ਹੇ ਪਿਤਾ ਦਿਵਸ ਮਨਾਇਆ ਜਾਣ ਲੱਗਿਆ। ਪਿਤਾ ਦਿਵਸ ਨੂੰ ਮਨਾਉਣ ਦਾ ਮਨੋਰਥ ਮਾਂ ਦੀ ਭੂਮਿਕਾ ਨੂੰ ਘਟਾ ਕੇ ਵੇਖਣਾ ਹਰਗਿਜ਼ ਨਹੀਂ, ਸਗੋਂ ਪਿਤਾ ਦੀ ਭੂਮਿਕਾ ਨੂੰ ਘਟਾ ਕੇ ਵੇਖਣ ਤੋਂ ਰੋਕਣਾ ਅਤੇ ਬੱਚਿਆਂ ਦੇ ਮਨ੍ਹਾਂ 'ਚ ਪਿਤਾ ਪ੍ਰਤੀ ਪਿਆਰ ਅਤੇ ਸਨੇਹ ਦੀ ਭਾਵਨਾ ਪੈਦਾ ਕਰਨਾ ਹੈ। 

ਪਿਤਾ ਦਿਵਸ ਵੱਖ-ਵੱਖ ਮੁਲਕਾਂ 'ਚ ਵੱਖ ਵੱਖ ਮਿਤੀਆਂ ਨੂੰ ਮਨਾਇਆ ਜਾਂਦਾ ਹੈ। ਸਾਡੇ ਮੁਲਕ 'ਚ ਹਰ ਵਰ੍ਹੇ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕਿਵੇਂ ਅਤੇ ਕਿੱਥੇ ਹੋਈ ਬਾਰੇ ਵੀ ਵੱਖ-ਵੱਖ ਵਿਚਾਰ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ? ਇੱਕ ਵਿਚਾਰ ਅਨੁਸਾਰ ਸਭ ਤੋਂ ਪਹਿਲਾਂ ਪਿਤਾ ਦਿਵਸ ਅਮਰੀਕਾ 'ਚ ਮਨਾਇਆ ਗਿਆ। ਇਹ ਦਿਵਸ ਮਨਾਉਣ ਦਾ ਸਿਹਰਾ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਦੇ ਸਿਰ ਬੱਝਦਾ ਹੈ। ਇੱਥੋਂ ਦੀ ਰਹਿਣ ਵਾਲੀ ਸੋਨੋਰਾ ਸਮਰਾਟ ਡੋਡ ਨੇ ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਮਾਂ ਦਿਵਸ ਮੌਕੇ 'ਤੇ ਡੋਡ ਨੂੰ ਪਿਤਾ ਦਿਵਸ ਮਨਾਉਣ ਦਾ ਫੁਰਨਾ ਫੁਰਿਆ। ਸੋਨੋਰਾ ਦੀ ਮਾਤਾ ਨੇ ਛੇਵੇਂ ਬੱਚੇ ਨੂੰ ਜਨਮ ਦੇਣ ਉਪਰੰਤ ਆਪਣੇ ਪ੍ਰਾਣ ਤਿਆਗ ਦਿੱਤੇ। ਉਸ ਦੇ ਪਿਤਾ ਨੇ ਆਪਣੇ ਛੇ ਬੱਚਿਆਂ ਦੀ ਦੇਖਭਾਲ ਇਕੱਲਿਆਂ ਕੀਤੀ ਅਤੇ ਜਿਵੇਂ ਕਿ ਅਕਸਰ ਕਿਹਾ ਅਤੇ ਸੁਣਿਆ ਜਾਂਦਾ ਹੈ ਕਿ ਮਾਂ ਦੀ ਘਾਟ ਵੀ ਨਾ ਮਹਿਸੂਸ ਹੋਣ ਦਿੱਤੀ।ਇੱਕ ਪਿਤਾ ਲਈ ਮਾਂ ਵਰਗਾ ਸੰਵੇਦਨਸ਼ੀਲ ਅਤੇ ਭਾਵੁਕ ਸਨੇਹ ਦੇਣਾ ਕਾਫੀ ਮੁਸ਼ਕਲ ਕਾਰਜ ਹੁੰਦਾ ਹੈ ਪਰ ਸੋਨੋਰਾ ਦੇ ਪਿਤਾ ਨੇ ਇਹ ਫਰਜ਼ ਨਿਭਾਇਆ। ਸੋਨੋਰਾ ਨੇ ਪਰਿਵਾਰ 'ਚ ਪਿਤਾ ਦੇ ਮਹੱਤਵ ਨੂੰ ਬਾਖੂਬੀ ਸਮਝਿਆ ਅਤੇ ਪਿਤਾ ਨੂੰ ਸਲਾਮ ਕਰਨ ਲਈ ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਫਿਰ ਹੌਲੀ ਹੌਲੀ ਇਹ ਦਿਵਸ ਅਮਰੀਕਾ ਦੇ ਬਾਕੀ ਹਿੱਸਿਆਂ 'ਚ ਵੀ ਮਨਾਇਆ ਜਾਣ ਲੱਗਿਆ। ਫਿਰ ਅਮਰੀਕਾ 'ਚ ਜੂਨ ਮਹੀਨੇ ਦੇ ਹਰ ਤੀਸਰੇ ਐਤਵਾਰ ਪਿਤਾ ਦਿਵਸ ਮਨਾਉਣ ਸਥਾਈ ਰੂਪ 'ਚ ਮਨਾਉਣ ਦਾ ਐਲਾਨ ਕਰ ਦਿੱਤਾ।

ਆਲਮੀ ਯੋਗ ਦਿਹਾੜਾ:ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਇਸ ਦਿਹਾੜੇ ਦੀ ਸ਼ੁਰੂਆਤ ਦਾ ਸਿਹਰਾ ਗਰੇਸਗੋਲਡਨ ਕਲੇਟਨ ਦੇ ਸਿਰ ਵੀ ਬੱਝਦਾ ਹੈ। ਵੈਸਟ ਵਰਜੀਨੀਆ ਦੇ ਸ਼ਹਿਰਟ ਫਰਮਾਂਟ ਦੀ ਰਹਿਣ ਵਾਲੀ ਗਰੇਸ ਨੇ 1908 ਵਿੱਚ ਪਿਤਾ ਦਿਵਸ ਮਨਾਉਣ ਦਾ ਪ੍ਰਸਤਾਵ ਲਿਆਂਦਾ। ਸਥਾਨਕ ਖਾਣ ਧਮਾਕੇ 'ਚ ਮਾਰੇ ਵਿਆਕਤੀ, ਜੋ ਕਿ ਬੱਚਿਆਂ ਦੇ ਪਿਤਾ ਵੀ ਸਨ, ਦੀ ਯਾਦ ਨੂੰ ਸਮਰਪਿਤ ਪਿਤਾ ਦਿਵਸ ਮਨਾਉਣ ਦੀ ਗੱਲ ਤੋਰੀ ਕਿ ਇਸ ਬਹਾਨੇ ਬੱਚੇ ਆਪਣੇ ਤੋਂ ਦੂਰ ਗਏ ਆਪਣੇ ਪਿਤਾ ਨੂੰ ਯਾਦ ਕਰ ਲਿਆ ਕਰਨਗੇ। ਹੌਲੀ-ਹੌਲੀ ਪਿਤਾ ਦਿਵਸ ਮਨਾਉਣ ਦਾ ਰੁਝਾਨ ਸੰਸਾਰ ਦੇ ਸਾਰੇ ਮੁਲਕਾਂ 'ਚ ਵਿਆਪਕ ਹੋਣ ਲੱਗਾ। ਅਮਰੀਕਾ, ਇੰਗਲੈਂਡ, ਕੈਨੇਡਾ, ਭਾਰਤ, ਪਾਕਿਸਤਾਨ, ਮਲੇਸ਼ੀਆ, ਜਾਪਾਨ ਅਤੇ ਸ਼੍ਰੀ ਲੰਕਾ ਆਦਿ ਦੇਸ਼ਾਂ 'ਚ ਹਰ ਵਰ੍ਹੇ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਈ ਦੇਸਾਂ 'ਚ ਇਹ ਦਿਵਸ ਮਾਰਚ ਮਹੀਨੇ ਵੀ ਮਨਾਇਆ ਜਾਂਦਾ ਹੈ। ਈਰਾਨ 'ਚ 14 ਮਾਰਚ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।ਇਟਲੀ, ਪੁਰਤਗਾਲ, ਬੋਲੀਵੀਆ, ਪੁਰਤਗਾਲ ਅਤੇ ਸਪੇਨ ਆਦਿ ਮੁਲਕਾਂ 'ਚ 19 ਮਾਰਚ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਆਸਟ੍ਰੇਲੀਆ, ਏਕਵਾਡੋਰ ਅਤੇ ਬੈਲਜੀਅਮ 'ਚ ਜੂਨ ਦੇ ਦੂਸਰੇ ਐਤਵਾਰ ਨੂੰ ਪਿਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੱਖਣੀ ਕੋਰੀਆਂ 'ਚ 8 ਮਈ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਪੋਲੈਂਡ ਅਤੇ ਯੁਗਾਂਡਾ ਵਿੱਚ 23 ਜੂਨ ਨੂੰ ਬ੍ਰਾਜੀਲ ਵਿੱਚ ਅਗਸਤ ਮਹੀਨੇ ਦੇ ਦੂਜੇ ਐਤਵਾਰ ਤਾਈਵਾਨ ਅਤੇ ਚੀਨ 'ਚ 8 ਅਗਸਤ ਨੂੰ ਅਰਜਨਟੀਨਾ ਵਿੱਚ 24 ਅਗਸਤ ਨੂੰ ਅਤੇ ਥਾਈਲੈਂਡ 'ਚ 5 ਦਸੰਬਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ।

ਬੇਸ਼ੱਕ ਪਰਿਵਾਰ 'ਚ ਮੁਖੀ ਦਾ ਕੰਮ ਪਿਤਾ ਹੀ ਕਰਦਾ ਹੈ ਪਰ ਫਿਰ ਵੀ ਪਰਿਵਾਰ 'ਚ ਪਿਤਾ ਦੀ ਭੂਮਿਕਾ ਨੂੰ ਘਟਾ ਕੇ ਵੇਖਿਆ ਜਾਂਦਾ ਹੈ। ਪਰਿਵਾਰ 'ਚ ਬੱਚਿਆਂ ਨੂੰ ਵੀ ਪਹਿਲੀ ਨਜ਼ਰੇ ਇਹ ਲੱਗਦਾ ਹੈ ਕਿ ਮਾਂ ਹੀ ਉਨ੍ਹਾਂ ਦਾ ਖਿਆਲ ਰੱਖਦੀ ਹੈ, ਕਿਉਂਕਿ ਮਾਂ ਉਨ੍ਹਾਂ ਦੀ ਭਾਵਨਤਮਕ ਸੰਤੁਸ਼ਟੀ ਜ਼ਿਆਦਾ ਕਰਵਾਉਂਦੀ ਹੈ। ਪਿਤਾ ਦੇ ਮੁਕਾਬਲੇ ਮਾਂ ਜ਼ਿਆਦਾ ਲਾਡ ਲਡਾਉਂਦੀ ਹੈ।ਪਰ ਪਰਿਵਾਰ 'ਚ ਪਿਤਾ ਦੇ ਮਹੱਤਵ ਨੂੰ ਸਮਝਣ ਲਈ ਕਿਸੇ ਵਿਦਵਾਨ ਦੇ ਕਹੇ 'ਤੇ ਗੌਰ ਕਰਨੀ ਬਣਦੀ ਹੈ ''ਉਸ ਦਾ ਕਹਿਣਾ ਹੈ ਕਿ ਮਾਂ ਬਿਨਾਂ ਸ਼ੱਕ ਬੱਚੇ ਨੂੰ ਨੌ ਮਹੀਨੇ ਪੇਟ 'ਚ ਰੱਖਦੀ ਹੈ ਪਰ ਇੱਕ ਪਿਤਾ ਦੇ ਦਿਮਾਗ 'ਚ ਬੱਚੇ ਸਾਰੀ ਉਮਰ ਰਹਿੰਦੇ ਹਨ''। ਬੱਚਿਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਪਿਆਰ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਜਰੂਰਤਾਂ ਪੈਂਦੀਆਂ ਹਨ। ਘਰ ਤੋਂ ਬਾਹਰ ਦੇ ਕਾਰਜਾਂ ਨੂੰ ਅੰਜ਼ਾਮ ਦੇਣ 'ਚ ਪਿਤਾ ਦੀ ਅਹਿਮ ਭੂਮਿਕਾ ਹੋਣ ਕਾਰਨ ਬੱਚਿਆਂ ਦੇ ਖੁਸ਼ਹਾਲ ਭਵਿੱਖ 'ਚ ਵੀ ਪਿਤਾ ਦੀ ਭੂਮਿਕਾ ਅਹਿਮ ਹੁੰਦੀ ਹੈ। ਪਰਿਵਾਰ ਦੀਆਂ ਆਰਥਿਕ ਜਰੂਰਤਾਂ ਦਾ ਸਾਰਾ ਜਿੰਮਾ ਇੱਕ ਪਿਤਾ ਦੇ ਸਿਰ ਹੀ ਹੁੰਦਾ ਹੈ। ਪਿਤਾ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਦੇ ਵੀ ਮਾਂ ਵਾਂਗ ਨਹੀਂ ਕਰ ਸਕਦਾ। ਪਿਤਾ ਦੇ ਦਿਮਾਗ 'ਚ ਚੱਲ ਰਹੀਆਂ ਪਰਿਵਾਰ ਅਤੇ ਬੱਚਿਆਂ ਦੀ ਖੁਸ਼ਹਾਲ ਜ਼ਿੰਦਗੀ ਦੀਆਂ ਯੋਜਨਾਵਾਂ ਨੂੰ ਸਿਰਫ ਪਿਤਾ ਹੀ ਜਾਣ ਸਕਦਾ ਹੈ। ਬੱਚੇ 'ਤੇ ਆਈ ਕਿਸੇ ਸਮੱਸਿਆ ਨੂੰ ਪਿਤਾ ਵੀ ਮਾਂ ਵਾਂਗ ਹੀ ਮਹਿਸੂਸ ਕਰਦਾ ਹੈ ਇਹ ਵੱਖਰੀ ਗੱਲ ਹੈ ਕਿ ਉਹ ਰੋ ਕੇ ਜਾਂ ਹੋਰ ਭਾਵਨਾਵਾਂ ਜਰੀਏ ਇਸ ਦਾ ਖੁੱਲੇਆਮ ਪ੍ਰਗਟਾਵਾ ਨਹੀਂ ਕਰਦਾ ਜਾਂ ਸਮਾਜ ਕਰਨ ਦੀ ਆਗਿਆ ਨਹੀਂ ਦਿੰਦਾ।

ਪਰਿਵਾਰ ਦੀਆਂ ਖੁਸ਼ੀਆਂ ਅਤੇ ਖੁਸ਼ੀਹਾਲੀਆਂ ਦਾ ਧੁਰਾ ਹੋਣ ਦੇ ਬਾਵਯੂਦ ਵੀ ਪਰਿਵਾਰ 'ਚ ਪਿਤਾ ਦੀ ਭੂਮਿਕਾ ਉਸ ਸ਼ੈੱਡ ਵਰਗੀ ਹੁੰਦੀ ਹੈ ਜੋ ਹਰ ਗਰਮੀ ਅਤੇ ਸਰਦੀ ਆਪਣੇ ਉੱਪਰ ਝੱਲਦਾ ਹੈ ਪਰ ਫਿਰ ਵੀ ਘਰ ਦੇ ਮੈਂਬਰ ਕਹਿੰਦੇ ਹਨ ਯਾਰ ਇਹ ਸ਼ੈੱਡ ਆਵਾਜ਼ ਬਹੁਤ ਕਰਦਾ ਹੈ।ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪਿਤਾ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਣ।ਇਸ ਦੇ ਨਾਲ ਨਾਲ ਪਿਤਾ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਏ। ਕਈ ਪਿਤਾ ਆਪਣੀ ਸਾਰੀ ਕਮਾਈ ਨਸ਼ਿਆਂ ਅਤੇ ਐਬਾਂ 'ਚ ਗਵਾ ਕੇ ਪਰਿਵਾਰ ਨੂੰ ਦੁਰਗਤੀ ਵੱਲ ਧਕੇਲ ਦਿੰਦੇ ਹਨ।ਅੱਜ ਦੇ ਦਿਨ ਜਿੱਥੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪਰਿਵਾਰ 'ਚ ਪਿਤਾ ਦੀ ਭੂਮਿਕਾ ਨੂੰ ਸਮਝ ਕੇ ਪਿਤਾ ਨੂੰ ਬਣਦਾ ਸਤਿਕਾਰ ਦੇਣ ਉੱਥੇ ਪਿਤਾ ਦਾ ਵੀ ਫਰਜ਼ ਬਣਦਾ ਹੈ ਕਿ ਪਿਤਾ ਵਾਲੇ ਸਾਰੇ ਫਰਜ਼ ਨਿਭਾਉਦਿਆਂ ਬੱਚਿਆਂ ਅਤੇ ਪਤਨੀ ਨੂੰ ਮੋੜਵੇਂ ਰੂਪ 'ਚ ਦੁੱਗਣਾ ਪਿਆਰ ਦੇਵੇ। ਪਿਤਾ ਦੇ ਸਾਏ ਤੋਂ ਸੱਖਣੇ ਪਰਿਵਾਰ ਪਿਤਾ ਦੇ ਮਹੱਤਵ ਨੂੰ ਬਾਖੂਬੀ ਸਮਝ ਸਕਦੇ ਹਨ ਪਰ ਵਾਹਿਗੁਰੂ ਕਦੇ ਕਿਸੇ ਪਰਿਵਾਰ ਨੂੰ ਇਸ ਛਾਏ ਤੋਂ ਸੱਖਣਾ ਨਾ ਕਰੇ।


rajwinder kaur

Content Editor

Related News