ਵਿਕਲਾਂਗਾਂ ਪ੍ਰਤੀ ਸਮਾਜ ਦਾ ਆਖਰ ਕਿਹੋ ਜਿਹਾ ਹੈ ‘ਰਵੱਈਆ’
Wednesday, Jun 17, 2020 - 10:06 AM (IST)
ਰਵੱਈਆ ਜਾਂ ਮਨੋਵਰਿਤੀ ਦਾ ਅਰਥ ਮਨ ਦੇ ਉਹ ਭਾਵ ਜਾਂ ਵਿਸ਼ਵਾਸ ਹਨ, ਜੋ ਦੱਸਦੇ ਹਨ ਕਿ ਵਿਅਕਤੀ ਕੀ ਮਹਿਸੂਸ ਕਰਦਾ ਹੈ। ਇਸ ਨੂੰ ਅਸੀਂ ਵਿਅਕਤੀ ਦੇ ਦ੍ਰਿਸ਼ਟੀਕੋਣ ਦੇ ਰੂਪ ਵਿੱਵ ਲੈ ਸਕਦੇ ਹਾਂ, ਜਿਸਦੇ ਕਾਰਣ ਉਹ ਕੁੱਝ ਵਿਅਕਤੀਆਂ, ਵਸਤੂਆਂ ਅਤੇ ਹਾਲਾਤਾਂ ਦੇ ਪ੍ਰਤੀ ਇੱਕ ਖਾਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਇਹ ਸਕਾਰਾਤਮਕ ਜਾਂ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਮਨੋਵਰਿਤੀ ਵਿਅਕਤੀ ਦੇ ਅਨੁਭਵਾਂ ਜਾਂ ਵਾਤਾਵਰਣ ਤੋਂ ਜਨਮ ਲੈਂਦੀ ਹੈ। ਇਹ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਦਾ ਹੀ ਸਰੂਪ ਹੈ। ਇੱਕ ਵਿਕਲਾਂਗ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਇਹ ਸ਼ਬਦ ਡੂੰਗੇ ਰੂਪ ਵਿੱਚ ਜੁੜਿਆ ਹੈ, ਕਿਉਂਕਿ ਲੋਕਾਂ ਦਾ ਵਿਕਲਾਂਗ ਪ੍ਰਤੀ ਰਵੱਈਆ ਹੀ ਉਸ ਦੇ ਜੀਵਨ ਵਿੱਚ ਰੁਕਾਵਟਾਂ ਪੈਦਾ ਕਰਦਾ ਹੈ ਜਾਂ ਉਨ੍ਹਾਂ ਨੂੰ ਦੂਰ ਕਰਦਾ ਹੈ। ਕਿਸੇ ਮਨੁੱਖ ਦੇ ਮਨੋਭਾਵ ਜਾਂ ਰਵੱਈਏ ਦਾ ਪ੍ਰਗਟੀਕਰਣ ਸ਼ਬਦਾਂ ਤੋਂ ਹੀ ਨਹੀਂ ਹੁੰਦਾ ਸਗੋਂ ਉਸ ਦੇ ਚਿਹਰੇ ਦੇ ਭਾਵ ਜਾਂ ਵਿਵਹਾਰ ਦੁਆਰਾ ਵੀ ਪ੍ਰਗਟ ਹੁੰਦਾ ਹੈ। ਇੱਕ ਵਿਕਲਾਂਗ ਪ੍ਰਤੀ ਇੱਕ ਮਨੁੱਖ ਦੀ ਤੁਰੰਤ ਪ੍ਰਤੀਕ੍ਰਿਆ ਦੱਸਦੀ ਹੈ ਕਿ ਉਹ ਇੱਕ ਵੱਖਰਾ ਇਨਸਾਨ ਹੈ ਜਿਸਦੇ ਵਿੱਚ ਆਮ ਵਿਅਕਤੀ ਦੀ ਤੁਲਨਾ ਵਿੱਚ ਕੁੱਝ ਕਮੀ ਹੈ।
ਜੇਕਰ ਅਸੀਂ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਸਮਾਜ ਵਿੱਚ ਸਰੀਰਕ, ਮਾਨਸਿਕ ਜਾਂ ਬੌਧਿਕ ਰੂਪ ਵਿੱਚ ਵਿਕਲਾਂਗ ਵਿਅਕਤੀ ਦੇ ਪ੍ਰਤੀ ਲੋਕਾਂ ਦਾ ਰਵੱਈਆ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਉਤਸੁਕਤਾ ਹੁੰਦੀ ਹੈ ਜਾਣਨ ਦੀ, ਕਿ ਕਿਵੇਂ ਵਿਅਕਤੀ ਵਿਕਲਾਂਗ ਹੋਇਆ ਜਾਂ ਇਹ ਅਸਮਰਥਤਾ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ। ਆਮ ਮਨੁੱਖ ਵਿਕਲਾਂਗ ਉੱਤੇ ਦਇਆ ਕਰਦੇ ਹਨ, ਜਿਵੇਂ ਕਿ ਇਹ ਉਸ ਦੇ ਮਾੜੇ ਕਰਮ ਹਨ, ਜਿਸ ਦੀ ਉਸ ਨੂੰ ਸਜਾ ਮਿਲੀ ਹੈ। ਕੁੱਝ ਵਿਅਕਤੀ ਵਿਕਲਾਂਗ ਵਿਅਕਤੀ ਦੀ ਮੌਜੂਦਗੀ ਵਿੱਚ ਅਸਹਿਜ ਹੁੰਦੇ ਹਨ ਅਤੇ ਕੁੱਝ ਉਨ੍ਹਾਂ ਤੋਂ ਘਿਰਣਾ ਕਰਦੇ ਹਨ ਅਤੇ ਉਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਜ਼ਿਆਦਾਤਰ ਲੋਕਾਂ ਦਾ ਵਿਵਹਾਰ ਉਨ੍ਹਾਂ ਪ੍ਰਤੀ ਉਦਾਸੀਨ ਅਤੇ ਨਫਰਤ ਭਰਿਆ ਹੁੰਦਾ ਹੈ। ਵਿਕਲਾਂਗ ਵਿਅਕਤੀ ਨੂੰ ਸਮਾਜਿਕ ਇਕੱਲੇਪਨ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਅਸੀਂ ਵਿਸਥਾਰ ਨਾਲ ਜਾਣਦੇ ਹਾਂ ਕਿ ਵਿਕਲਾਂਗ ਪ੍ਰਤੀ ਸਮਾਜ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ।
ਮਾਂ-ਬਾਪ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਵਿਕਲਾਂਗਤਾ ਬਾਰੇ ਪਤਾ ਚਲਦਾ ਹੈ ਅਸਹਿ ਦੁੱਖ ਦੇ ਨਾਲ-ਨਾਲ ਉਨ੍ਹਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ’ਤੇ ਸੱਚਾਈ ਨੂੰ ਸਵੀਕਾਰ ਨਾ ਕਰਨਾ, ਖੁਦ ਨੂੰ ਦੋਸ਼ ਦੇਣਾ, ਤਰਸ ਦੀ ਭਾਵਨਾ, ਸ਼ਰਮਿੰਦਗੀ ਜਾਂ ਤਣਾਅ ਦੀ ਭਾਵਨਾ ਹੁੰਦੀ ਹੈ। ਵਿਕਲਾਂਗ ਬੱਚੇ ਦੀ ਮੌਜੂਦਗੀ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੀ ਹੈ। ਉਹ ਇਹ ਸੋਚਦੇ ਹਨ ਕਿ ਬੱਚੇ ਵਲੋਂ ਪਿਛਲੇ ਜਨਮ ਵਿੱਚ ਕੀਤੇ ਗਏ ਮਾੜੇ ਕਰਮ ਜਾਂ ਉਨ੍ਹਾਂ ਦੇ ਪਾਪ ਸਦਕਾ ਉਸ ਦੀ ਇਹ ਹਾਲਤ ਹੈ। ਕਦੇ-ਕਦੇ ਉਹ ਇਹ ਸੱਚ ਦਾ ਸਾਹਮਣਾ ਕਰਨ ਤੋਂ ਹੀ ਇਨਕਾਰੀ ਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਨੂੰ ਇਹ ਸਮੱਸਿਆ ਹੈ। ਬੱਚਾ ਆਪਣੇ ਮਾਂ-ਬਾਪ ਦੇ ਅਜੀਬ ਵਿਵਹਾਰ ਤੋਂ ਹੋਰ ਵੀ ਜ਼ਿਆਦਾ ਤਕਲੀਫ ਵਿੱਚ ਆ ਜਾਂਦਾ ਹੈ, ਜਦੋਂ ਉਸਦੇ ਬਜਾਏ ਉਸ ਦੇ ਭੈਣ-ਭਰਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਕਦੇ-ਕਦੇ ਕੁੱਝ ਮਾਂ-ਬਾਪ ਬੱਚੇ ਦੀ ਵੱਧ ਸੁਰੱਖਿਆ ਕਰਨ ਲੱਗ ਜਾਂਦੇ ਹਨ ਇਹ ਵੀ ਉਸਦੇ ਸਰਬਪੱਖੀ ਵਿਕਾਸ ਲਈ ਘਾਤਕ ਹੁੰਦਾ ਹੈ। ਇੱਕ ਵਿਕਲਾਂਗ ਬੱਚੇ ਕਾਰਣ ਉਨ੍ਹਾਂ ਦੀ ਵਿੱਤੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ। ਜੇਕਰ ਮਾਂ-ਬਾਪ ਵਿੱਤੀ ਰੂਪ ਵਿੱਚ ਸਮਰੱਥ ਹਨ ਤਾਂ ਬੱਚੇ ਪ੍ਰਤੀ ਉਨ੍ਹਾਂ ਦਾ ਰਵੱਈਆ ਸਕਾਰਾਤਮਕ ਹੁੰਦਾ ਹੈ ਜੇ ਅਸਮਰਥ ਹੋਣ ਤਾਂ ਬੋਝ ਦੀ ਭਾਵਨਾ ਉਨ੍ਹਾਂ ਅੰਦਰ ਪੈਦਾ ਹੁੰਦੀ ਹੈ।
ਹਰ ਘਰ ਵਿੱਚ ਭੈਣ-ਭਰਾ ਇੱਕ ਬੱਚੇ ਦੇ ਵਿਅਕਤੀਤਵ ਨੂੰ ਨਿਖਾਰਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਾਸਤਵ ਵਿੱਚ ਭੈਣ-ਭਰਾ ਨਾਲ ਬੱਚੇ ਦਾ ਸਬੰਧ ਪਹਿਲਾ ਸਮਾਜਕ ਨੈਟਵਰਕ ਹੈ। ਇਸ ਦੇ ਅਧਾਰ ’ਤੇ ਹੀ ਉਹ ਘਰ ਤੋਂ ਬਾਹਰ ਲੋਕਾਂ ਨਾਲ ਜੁੜਦਾ ਹੈ। ਆਮ ਤੌਰ ਤੇ ਭੈਣ-ਭਰਾ ਦਾ ਰਵੱਈਆ ਵਿਕਲਾਂਗ ਪ੍ਰਤੀ ਪਿਆਰ ਅਤੇ ਹਮਦਰਦੀ ਭਰਿਆ ਹੁੰਦਾ ਹੈ। ਘਰ ਵਿੱਚ ਵਿਕਲਾਂਗ ਭੈਣ-ਭਰਾ ਦਾ ਹੋਣਾ ਇੱਕ ਸਿਹਤਮੰਦ ਬੱਚੇ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਸਿਹਤਮੰਦ ਬੱਚੇ ਦੇ ਮਨ ਵਿੱਚ ਕਈ ਸਕਾਰਾਤਮਕ ਪ੍ਰਵਿਰਤੀਆਂ ਪੈਦਾ ਹੁੰਦੀਆਂ ਹਨ ਜਿਵੇਂ ਉਸ ਵਿੱਚ ਹਮਦਰਦੀ ਅਤੇ ਪਰਉਪਕਾਰ ਦੀ ਭਾਵਨਾ ਵੱਧ ਜਾਂਦੀ ਹੈ, ਉਸ ਵਿੱਚ ਵੱਧ ਪਰਿਪੱਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਪਰ ਫਿਰ ਵੀ ਘਰ ਵਿੱਚ ਮਾਂ-ਬਾਪ ਦਾ ਵਿਕਲਾਂਗ ਬੱਚੇ ਪ੍ਰਤੀ ਰਵੱਈਆ ਉਸ ਦੇ ਦੇ ਵਿਵਹਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਰਿਸ਼ਤੇਦਾਰ ਆਮ ਤੌਰ ’ਤੇ ਵਿਕਲਾਂਗ ਬੱਚੇ ਪ੍ਰਤੀ ਦਇਆ ਦਿਖਾਉਂਦੇ ਹਨ ਅਤੇ ਉਸ ਦੇ ਭਵਿੱਖ ਨੂੰ ਲੈਕੇ ਡਰ ਅਤੇ ਚਿੰਤਾ ਪ੍ਰਗਟ ਕਰਦੇ ਹਨ।
ਦੋਸਤ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਬਚਪਨ ਤੋਂ ਬੁਢਾਪੇ ਤਕ ਮੁੱਖ ਭੂਮਿਕਾ ਨਿਭਾਉਂਦੇ ਹਨ। ਦੋਸਤਾਂ ਕਰਕੇ ਬੱਚੇ ਵਿੱਚ ਬਹੁਤ ਸਾਰੇ ਗੁਣ ਜਿਵੇਂ ਕਿ ਮਿਲਵਰਤਨ, ਹਮਦਰਦੀ, ਟੀਮਵਰਕ ਅਤੇ ਅਗਵਾਈ ਆਦਿ ਗੁਣ ਵਿਕਸਿਤ ਹੁੰਦੇ ਹਨ। ਚੱਲਣ-ਫਿਰਨ ਤੋਂ ਮਜਬੂਰ ਵਿਅਕਤੀ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਕਲਾਂਗ ਬੱਚੇ ਦੇ ਦੋਸਤ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲੈਂਦੇ ਹਨ ਪਰ ਉਹ ਇਸਦਾ ਹਿੱਸਾ ਨਹੀਂ ਬਣ ਪਾਉਂਦਾ ਇਸ ਲਈ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਚਾਹੇ ਗੁਆਂਢੀ ਜਾਂ ਦੋਸਤ ਉਸ ਪ੍ਰਤੀ ਹਮਦਰਦੀ ਅਤੇ ਸਹਾਇਤਾ ਦੀ ਭਾਵਨਾ ਰੱਖਦੇ ਹਨ ਉਹ ਉਸ ਨਾਲ ਖੇਡਦੇ ਵੀ ਹਨ ਪਰ ਕਦੇ-ਕਦੇ ਉਨ੍ਹਾਂ ਦਾ ਵਤੀਰਾ ਉਸ ਲਈ ਕਠੋਰ ਵੀ ਹੋ ਜਾਂਦਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਜਾਂ ਬੁਰਾ ਵਤੀਰਾ ਉਸਦੇ ਮਨ ਤੇ ਡੂੰਘਾ ਅਸਰ ਪਾਉਂਦਾ ਹੈ। ਵਿਕਲਾਂਗ ਨੂੰ ਸਧਾਰਨ ਮਨੁੱਖ ਦੇ ਮੁਕਾਬਲੇ ਸਰੀਰਕ, ਸਮਾਜਕ ਅਤੇ ਬੌਧਿਕ ਪੱਖੋਂ ਘਟੀਆ ਸਮਝਿਆ ਜਾਂਦਾ ਹੈ।ਉਸਦਾ ਮਜਾਕ ਉਡਾਇਆ ਜਾਂਦਾ ਹੈ ਅਤੇ ਉਸ ਨੂੰ ਮੁੱਖ ਧਾਰਾ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।
ਸਕੂਲ ਦਾ ਵਿਅਕਤੀ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਯੋਗਦਾਨ ਹੁੰਦਾ ਹੈ। ਵਿਕਲਾਂਗ ਲਈ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪਰ ਕਈ ਕਾਰਣਾਂ ਜਿਵੇਂ ਸਕੂਲ ਦੇ ਬੁਨਿਆਦੀ ਢਾਂਚੇ ਸਬੰਧੀ ਰੁਕਾਵਟਾਂ, ਸਹਿਪਾਠੀਆਂ ਦੁਆਰਾ ਦੁਰਵਿਵਹਾਰ, ਸਿਹਤ ਸਬੰਧੀ ਸਮੱਸਿਆਵਾਂ ਆਦਿ ਕਾਰਣ ਕਈ ਵਿਕਲਾਂਗ ਆਪਣੀ ਪੜਾਈ ਤੋਂ ਵਾਂਝੇ ਰਹਿ ਜਾਂਦੇ ਹਨ। ਅਧਿਆਪਕਾਂ ਦਾ ਰਵੱਈਆ ਵੀ ਨਿਰਧਾਰਿਤ ਕਰਦਾ ਹੈ ਕਿ ਇਹ ਪੜਾਈ ਜਾਰੀ ਰੱਖਣਗੇ ਜਾਂ ਨਹੀਂ। ਇਹ ਸਭ ਰੁਕਾਵਟਾਂ ਉਸਦੇ ਮਨ ਵਿੱਚ ਹੀਣ ਭਾਵਨਾ ਪੈਦਾ ਕਰਦੀਆਂ ਹਨ।
ਭਾਰਤ ਵਿੱਚ ਬਹੁਤ ਸਾਰੇ ਧਰਮ ਦੇ ਲੋਕ ਰਹਿੰਦੇ ਹਨ ਅਤੇ ਕਰੀਬ ਹਰ ਧਰਮ ਵਿੱਚ ਸਰੀਰਕ ਜਾਂ ਮਾਨਸਿਕ ਅਸਮਰਥਤਾ ਨੂੰ ਵਿਅਕਤੀ ਦੇ ਪਿਛਲੇ ਜਨਮ ਦੇ ਬੁਰੇ ਕਰਮਾਂ ਦਾ ਪ੍ਰਤੀਫਲ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਪੱਧਰ ’ਤੇ ਸਿਹਤਮੰਦ ਇਨਸਾਨ ਦਾ ਵਤੀਰਾ ਇੱਕ ਵਿਕਲਾਂਗ ਪ੍ਰਤੀ ਵੱਖ-ਵੱਖ ਹੁੰਦਾ ਹੈ। ਵਿਕਲਾਂਗ ਵਿਅਕਤੀ ਨੂੰ ਆਮ ਤੌਰ ’ਤੇ ਸਮਾਜ ਵਿੱਚ ਭੇਦਭਾਵ, ਪੱਖਪਾਤ, ਅਨਿਆਂ, ਬਾਵਸੀ ਅਤੇ ਇਕੱਲੇਪਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਆਮ ਵਿਅਕਤੀ ਦੀ ਵਿਕਲਾਂਗ ਵਿਅਕਤੀ ਪ੍ਰਤੀ ਪ੍ਰਤੀਕਿਰਿਆ ਉਸਦੀ ਦਿੱਖ ਜਿਵੇਂ ਕਿ ਸੇਰੇਬਰਲ ਪਾਲਸੀ ਦੇ ਸ਼ਿਕਾਰ ਵਿਅਕਤੀ ਦੇ ਮੂਹ ਚਿਵੋਂ ਲਗਾਤਾਰਲਾਰ ਦਾ ਡਿੱਗਨਾ, ਅਣਸੁਖਾਵੀਂ ਬੋਲੀ ਉਸਨੂੰ ਘਿਰਣਾ ਦਾ ਪਾਤਰ ਬਣਾਉਂਦੀ ਹੈ।ਇਹ ਬੜੇ ਦੁੱਖ ਦੀ ਗੱਲ ਹੈ ਕਿ ਵਿਕਲਾਂਗ ਦੀਆਂ ਯੋਗਤਾਵਾਂ ਨੂੰ ਅਣਦੇਖਿਆ ਕਰਕੇ ਉਸ ਦੀ ਅਪੰਗਤਾ ਨੂੰ ਦੇਖਿਆ ਜਾਂਦਾ ਹੈ। ਸਰੀਰਕ ਅਤੇ ਮਾਨਸਿਕ ਕਸ਼ਟ ਦੇ ਨਾਲ ਉਸ ਨੂੰ ਲੋਕਾਂ ਦਟ ਸੰਵੇਦਨਹੀਣ ਵਤੀਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਾਨੂੰ ਸਮਾਜ ਨੂੰ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਕਿਉਂਕਿ ਵਿਕਲਾਂਘ ਸਰੀਰਕ ਅਸਮਰਥਤਾ ਕਾਰਣ ਇੰਨੀਆਂ ਮੁਸ਼ਕਲਾਂ ਨਹੀਂ ਸਹਿੰਦੇ ਜਿੰਨੀਆਂ ਸਮਾਜਕ ਰਵੱਈਏ ਕਾਰਣ।
ਪੂਜਾ ਸ਼ਰਮਾ
ਲੈਕਚਰਾਰ (ਅੰਗ੍ਰੇਜ਼ੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
9914459033