ਕੋਰੋਨਾ ਦੇ ਨਾਲ-ਨਾਲ ਹੁਣ ਮਲੇਰੀਆ ਵੀ ਬਣ ਸਕਦਾ ਹੈ ਅਗਲੀ ਘਾਤਕ ਬੀਮਾਰੀ (ਵੀਡੀਓ)

Thursday, Jun 04, 2020 - 05:07 PM (IST)

ਜਲੰਧਰ (ਬਿਊਰੋ) - ਇਸ ਵੇਲੇ ਦੁਨੀਆਂ ਭਰ ਦੇ ਸਾਰੇ ਮੁਲਕ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਨਵੀਂ ਚਿਤਾਵਨੀ ਦਿੱਤੀ ਹੈ ਕਿ ਹੁਣ ਹਰ ਕੋਈ ਕੋਰੋਨਾ ਵੱਲ ਡਟਿਆ ਪਿਆ ਹੈ, ਜਿਸ ਕਾਰਨ ਮਲੇਰੀਏ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਅਜਿਹੇ ’ਚ ਜੇਕਰ ਮਲੇਰੀਏ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਕੋਰੋਨਾ ਦੇ ਨਾਲ-ਨਾਲ ਮਲੇਰੀਏ ਕਰਕੇ ਵੀ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਣਗੀਆਂ। ਇਸ ਦਾ ਕਾਰਨ ਇਹ ਵੀ ਹੈ ਕਿ ਮਲੇਰੀਏ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਕੋਰੋਨਾ ਮਰੀਜ਼ਾਂ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਦਿੱਤੀ ਜਾ ਰਹੀ ਹੈ ਪਰ ਮਲੇਰੀਆ ਨੂੰ ਰੋਕਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। 

ਅਜਿਹੇ ਹਾਲਾਤ ’ਚ ਜੇਕਰ ਮਲੇਰੀਆ ਫੈਲ ਗਿਆ ਤਾਂ ਕੋਰੋਨਾ ਦਾ ਖ਼ਤਰਾ ਹੋਰ ਵੀ ਜ਼ਿਆਦਾ ਹੋ ਸਕਦਾ ਹੈ। ਬਹੁਤ ਸਾਰੇ ਦੇਸ਼ਾਂ ਹਾਈਡ੍ਰਾਕਸੀਕਲੋਰੋਕੁਈਨ ਕੋਰੋਨਾ ਦੇ ਇਲਾਜ ਲਈ ਕਾਰਗਰ ਮੰਨੀ ਜਾ ਰਹੀ ਹੈ ਪਰ ਜੇਕਰ ਦੋਵਾਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਇਕੱਠਿਆਂ ਵਧਦੀ ਹੈ ਤਾਂ ਅਜਿਹੀਆਂ ਦਵਾਈਆਂ ਦੀ ਵੀ ਕਮੀ ਹੋ ਸਕਦੀ ਹੈ। ਅਜਿਹੇ ’ਚ ਮੌਤਾਂ ਦਾ ਅੰਕੜਾ ਵਧਣਾ ਸੁਭਾਵਿਕ ਹੈ। ਇਸੇ ਨੂੰ ਧਿਆਨ ’ਚ ਰੱਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਮਲੇਰੀਏ ਤੋਂ ਪ੍ਰਭਾਵਿਤ ਅਫਰੀਕੀ ਦੇਸ਼ਾਂ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਮਲੇਰੀਏ ਦੀ ਰੋਕਥਾਮ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। 

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਬੰਦੇ ਨੂੰ ਮਲੇਰੀਆ ਹੋਇਆ ਹੈ ਅਤੇ ਇਸੇ ਦੌਰਾਨ ਉਸ ਨੂੰ ਕੋਰੋਨਾ ਵੀ ਹੋ ਜਾਂਦਾ ਹੈ ਤਾਂ ਇਹ ਡਬਲ ਅਟੈਕ ਦੀ ਤਰ੍ਹਾਂ ਹੈ। ਅਜਿਹੇ ਰੋਗੀ ਨੂੰ ਸਿਹਤਮੰਦ ਹੋਣ ਵਿੱਚ ਵੀ ਜ਼ਿਆਦਾ ਸਮਾਂ ਲੱਗੇਗਾ। ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਬੀਮਾਰੀਆਂ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਆ ਜਾਂਦੀ ਹੈ ਅਤੇ ਸਰੀਰ ਦੀ ਇਮਿਊਨਿਟੀ, ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟਦੀ ਹੈ ਅਤੇ ਐਂਟੀਬਾਡੀਜ਼ ਬਣਨ ਵਿੱਚ ਸਮਾਂ ਲੱਗਦਾ ਹੈ। ਅਫ਼ਰੀਕੀ ਮਹਾਦੀਪ ਵਿੱਚ ਦੁਨੀਆਂ ਦੇ ਤਕਰੀਬਨ 90 ਫ਼ੀਸਦੀ ਮਲੇਰੀਆ ਰੋਗੀ ਪਾਏ ਜਾਂਦੇ ਹਨ। 

ਡਬਲਿਊ.ਐੱਚ.ਓ. ਮੁਤਾਬਕ ਕੋਰੋਨਾ ਮਹਾਮਾਰੀ ਦੌਰਾਨ 30 ਅਪ੍ਰੈਲ ਤੱਕ ਅਫਰੀਕੀ ਮਹਾਦੀਪ ਦੇ 45 ਦੇਸ਼ਾਂ ਵਿੱਚ ਮਲੇਰੀਏ ਦੇ 25 ਹਜ਼ਾਰ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਮਲੇਰੀਏ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ। ਫਿਲਹਾਲ ਕੋਰੋਨਾ ਵਾਇਰਸ ਵੱਲ ਧਿਆਨ ਹੋਣ ਕਰਕੇ ਮਲੇਰੀਏ ਵੱਲ ਜ਼ਿਆਦਾ ਧਿਆਨ ਵੀ ਨਹੀਂ ਦਿੱਤਾ ਜਾ ਰਿਹਾ, ਜੋ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸੇ ਲਈ ਵਿਸ਼ਵ ਸਿਹਤ ਸੰਗਠਨ ਸਭ ਦੇਸ਼ਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦਾ ਹੋਕਾ ਦੇਣ ਲੱਗਿਆ ਹੈ। ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...


author

rajwinder kaur

Content Editor

Related News