ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

Thursday, Jul 23, 2020 - 10:53 AM (IST)

ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

ਭਾਰਤ ਅਣਗਿਣਤ ਯੋਧਿਆਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਦੀ ਰੱਖਿਆ ਖ਼ਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਅੰਗਰੇਜ਼ੀ ਹਾਕਮਾਂ ਨੇ ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਨੂੰ ਕਈ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਪਰ ਇਨ੍ਹਾਂ ਨੇ ਦੇਸ਼ ਨੂੰ ਆਪ ਅਤੇ ਆਪਣੇ ਪਰਿਵਾਰ ਨਾਲੋਂ ਵੀ ਮੁੱਖ ਰਖਿਆ। ਕਈ ਦੇਸ਼ ਭਗਤਾਂ ਨੂੰ ਕਈ-ਕਈ ਸਾਲ ਜੇਲ੍ਹ ਦੀਆਂ ਸਲਾਖਾਂ ਵਿੱਚ ਆਪਣੀ ਜਵਾਨੀ ਗੁਜ਼ਾਰਨੀ ਪਈ। ਕਈ ਤਾਂ ਭਰ ਜਵਾਨੀ ਵਿੱਚ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨਾਲ ਲਟਕ ਗਏ। ਇਨ੍ਹਾਂ ਸੂਰਬੀਰਾਂ ਦੀਆਂ ਬੇਅੰਤ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਵਿੱਚ ਜੀਅ ਰਹੇ ਹਾਂ। ਆਓ ਇਨ੍ਹਾਂ ਦੇਸ਼ ਭਗਤਾਂ ਵਿੱਚੋਂ ਇੱਕ ਨਿਡਰ ਸੂਰਬੀਰ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੇ ਜੀਵਨ ਨਾਲ ਰੂ-ਬ-ਰੂ ਹੁੰਦੇ ਹਾਂ।

ਸ਼ੁਰੂਆਤੀ ਜੀਵਨ
ਚੰਦਰਸ਼ੇਖਰ ਦਾ ਜਨਮ ਮੱਧ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਭਾਵਰਾ ਵਿੱਚ 23 ਜੁਲਾਈ 1906 ਨੂੰ ਪਿਤਾ ਸੀਤਾ ਰਾਮ ਤਿਵਾੜੀ ਅਤੇ ਮਾਂ ਜਾਗ ਰਾਣੀ ਦੇ ਘਰ ਹੋਇਆ। ਇਹ ਆਪਣੇ ਮਾਂ-ਬਾਪ ਦੀ ਇਕੱਲੀ ਔਲਾਦ ਸਨ। ਬਚਪਨ ਵਿੱਚ ਚੰਦਰ ਸ਼ੇਖਰ ਬਹੁਤ ਸ਼ਰਾਰਤੀ ਸੀ। ਇਨ੍ਹਾਂ ਨੂੰ ਬਾਰੂਦ ਨੂੰ ਖਿਡੌਣਿਆਂ ਵਿਚ ਭਰ ਕੇ ਤੋਪ ਚਲਾਉਣਾ ਅਤੇ ਗੁੜ ਖਾਣਾ ਬਹੁਤ ਪਸੰਦ ਸੀ।

PunjabKesari

ਚੰਦਰ ਸ਼ੇਖਰ ਤਿਵਾੜੀ ਤੋਂ ਚੰਦਰ ਸ਼ੇਖਰ ਆਜ਼ਾਦ ਦਾ ਸਫ਼ਰ
ਜਦੋਂ ਇਨ੍ਹਾਂ ਦੀ ਉਮਰ 14 ਸਾਲ ਸੀ ਕਾਂਸ਼ੀ ਸੰਸਕ੍ਰਿਤ ਪੜ੍ਹਨ ਚਲੇ ਗਏ। 1919 ਵਿੱਚ ਅੰਮ੍ਰਿਤਸਰ ਦੇ ਜ਼ਲਿਆਂਵਾਲੇ ਬਾਗ ਵਿੱਚ ਹੱਤਿਆਕਾਂਡ ਨੇ ਇਨ੍ਹਾਂ ਦੇ ਮਨ ਨੂੰ ਡੂੰਘਾ ਧੱਕਾ ਦਿੱਤਾ। ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਇਨ੍ਹਾਂ ਨੇ ਉਸ ਵਿੱਚ ਹਿੱਸਾ ਲਿਆ ਅਤੇ ਗ੍ਰਿਫ਼ਤਾਰ ਹੋ ਗਏ। ਉਦੋਂ ਇਹ 15 ਸਾਲ ਦੇ ਸਨ। ਜਦੋਂ ਮੈਜਿਸਟਰੇਟ ਸਾਹਮਣੇ ਇਨ੍ਹਾਂ ਨੂੰ ਪੇਸ਼ ਕੀਤਾ ਗਿਆ ਤਾਂ ਉਸ ਨੇ ਪੁੱਛਿਆ-ਤੇਰਾ ਨਾਮ ਕੀ ਹੈ? ਇਨ੍ਹਾਂ ਦਾ ਉੱਤਰ ਸੀ-ਆਜ਼ਾਦ। ਉਸ ਨੇ ਕਿਹਾ-ਪਿਤਾ ਦਾ ਨਾਮ? ਚੰਦਰਸ਼ੇਖਰ ਬੋਲਿਆ-ਸੁਤੰਤਰਤਾ ਅਤੇ ਜਦੋਂ ਉਸ ਨੇ ਇਨ੍ਹਾਂ ਦੇ ਘਰ ਦਾ ਪਤਾ ਪੁਛਿਆ ਇਨ੍ਹਾਂ ਦਾ ਜਵਾਬ ਸੀ ਜੇਲ। ਇਹ ਸਭ ਸੁਣ ਕੇ ਉਹ ਗੁੱਸੇ ਹੋ ਗਿਆ ਅਤੇ ਇਨ੍ਹਾਂ ਨੂੰ 15 ਬੇਂਤ ਮਾਰਨ ਦਾ ਹੁਕਮ ਦਿੱਤਾ। ਜਦੋਂ ਇਨ੍ਹਾਂ ਦੇ ਸਰੀਰ ਤੇ ਬੇਂਤ ਪੈ ਰਹੇ ਸਨ ਤਾਂ ਇਹ 'ਭਾਰਤ ਮਾਤਾ ਦੀ ਜੈ', 'ਵੰਦੇ ਮਾਤਰਮ', 'ਮਹਾਤਮਾ ਗਾਂਧੀ ਦੀ ਜੈ' ਪੁਕਾਰਦੇ ਰਹੇ। ਇਸ ਘਟਨਾ ਤੋਂ ਬਾਅਦ ਇਨ੍ਹਾਂ ਦਾ ਨਾਂ ਚੰਦਰ ਸ਼ੇਖਰ ਆਜ਼ਾਦ ਪੈ ਗਿਆ।

ਹਿੰਦੋਸਤਾਨ ਰਿਪਬਲੀਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋਣਾ
ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਬੰਦ ਕਰਨ ਤੋਂ ਬਾਅਦ ਨੌਜਵਾਨਾਂ ਨੇ ਕ੍ਰਾਂਤੀਕਾਰੀ ਸਮਿਤੀ ਦਾ ਗਠਨ ਕਰਨਾ ਸ਼ੁਰੂ ਕਰ ਦਿੱਤਾ। ਰਾਜੇਂਦਰ ਨਾਥ ਲਾਹਿੜੀ ਨੇ 'ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ' ਦੀ ਸਥਾਪਨਾ ਕੀਤੀ। ਚੰਦਰ ਸ਼ੇਖਰ ਆਜ਼ਾਦ ਵੀ ਇਸ ਵਿਚ ਸ਼ਾਮਲ ਹੋ ਗਏ।

ਕਾਕੋਰੀ ਰੇਲਵੇ ਸਟੇਸ਼ਨ ਤੇ ਖ਼ਜ਼ਾਨੇ ਦੀ ਲੁੱਟ
9 ਅਗਸਤ 1925 ਈ ਨੂੰ ਕ੍ਰਾਂਤੀਕਾਰੀਆਂ ਨੇ ਕਾਕੋਰੀ ਰੇਲਵੇ ਸਟੇਸ਼ਨ ਦੇ ਕੋਲ਼ ਰੇਲ ਗੱਡੀ ਨੂੰ ਰੋਕ ਕੇ ਸਰਕਾਰੀ ਖਜਾਨਾ ਲੁੱਟ ਲਿਆ। ਇਸ ਵਿਚ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ, ਰਾਜਿੰਦਰ ਨਾਥ ਲਾਹਿੜੀ ਅਤੇ ਰੋਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਚੰਦਰ ਸ਼ੇਖਰ ਆਜ਼ਾਦ ਭੱਜਣ ਵਿਚ ਸਫਲ ਹੋ ਗਏ।

PunjabKesari

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਇਸ ਤੋਂ ਬਾਅਦ ਉਤਰੀ ਭਾਰਤ ਦੇ ਸਾਰੇ ਕ੍ਰਾਂਤੀਕਾਰੀਆਂ ਨੂੰ ਇਕੱਠੇ ਕਰ ਹਿੰਦੋਸਤਾਨ ਰਿਪਬਲੀਕਨ ਐਸੋਸੀਏਸ਼ਨ ਦਾ ਨਾਮ ਬਦਲ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਦਿੱਤਾ ਗਿਆ। ਜਦੋਂ ਪੁਲਸ ਦੇ ਲਾਠੀਚਾਰਜ ਨਾਲ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਤਾਂ ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਅਤੇ ਰਾਜਗੁਰੂ ਨੇ ਸ਼ਾਮ ਵੇਲੇ ਜੇ.ਪੀ. ਸਾਂਡਰਸ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ।

ਅਸੈਂਬਲੀ ਬੰਬ ਧਮਾਕਾ
ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਦਿੱਲੀ ਦੀ ਕੇਂਦਰੀ ਅਸੈਂਬਲੀ ਵਿਚ ਬੰਬ ਧਮਾਕਾ ਕੀਤਾ ਅਤੇ ਉਨ੍ਹਾਂ ਨੇ ਖੁਦ ਨੂੰ ਗ੍ਰਿਫਤਾਰ ਕਰਵਾ ਲਿਆ। ਆਜ਼ਾਦ ਨੇ ਭਗਤ ਸਿੰਘ ਅਤੇ ਸਾਥੀਆਂ ਨੂੰ ਛੁਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ।

ਐਲਫਰਡ ਪਾਰਕ ਵਿੱਚ ਸ਼ਹਾਦਤ
27 ਫਰਵਰੀ 1931 ਨੂੰ ਡਿਪਟੀ ਸੁਪਰਡੈਂਟ ਵਿਸੇਸਰ ਸਿੰਘ ਨੇ ਐਲਫਰਡ ਪਾਰਕ ਇਲਾਹਾਬਾਦ ਵਿਚ ਹਵਾਈ ਫਾਇਰ ਕਰਦੇ ਹੋਏ ਇੱਕ ਲੰਬੇ ਚੌੜੇ ਆਦਮੀ ਨੂੰ ਉਸ ਦੇ ਸਾਥੀਆਂ ਨਾਲ ਬੈਂਚ ਤੇ ਬੈਠਾ ਦੇਖਿਆ। ਉਹ ਸਮਝ ਗਿਆ ਕਿ ਇਹ ਨੌਜਵਾਨ ਚੰਦਰ ਸ਼ੇਖਰ ਹੈ। ਉਸ ਨੇ ਜਾੱਨ ਨਾਟ ਬਾਬਰ ਨੂੰ ਇਹ ਸੰਦੇਸ਼ ਦਿੱਤਾ। ਜਦੋਂ ਨਾਟ ਬਾਬਰ ਨੇ ਉਸ ਦੇ ਕੋਲ ਜਾ ਕੇ ਉਸ ਦਾ ਨਾਮ ਪੁਛਿਆ ਤਾਂ ਉਸ ਵਿਅਕਤੀ ਨੇ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੱਤੀ। ਪੁਲਸ ਨੇ ਆਜ਼ਾਦ ਅਤੇ ਉਸ ਦੇ ਸਾਥੀਆਂ ਨੂੰ ਘੇਰ ਲਿਆ। ਇਸ ਦੌਰਾਨ ਆਜ਼ਾਦ ਕਾਫੀ ਜ਼ਖਮੀ ਹੋ ਚੁੱਕੇ ਸਨ। ਉਹ ਚਾਹੁੰਦੇ ਤਾਂ ਪੁਲਸ ਦਾ ਘੇਰਾ ਤੋੜ ਕੇ ਜਾ ਸਕਦੇ ਸੀ। ਉਨ੍ਹਾਂ ਨੇ ਆਪਣੇ ਦੋਵੇਂ ਸਾਥੀਆਂ ਨੂੰ ਸੁਰੱਖਿਅਤ ਭਜਾ ਦਿੱਤਾ। ਹੁਣ ਆਜ਼ਾਦ ਦੀ ਰਿਵਾਲਵਰ ਵਿੱਚ ਆਖਰੀ ਗੋਲੀ ਰਹਿ ਗਈ ਸੀ। ਉਹ ਅੰਗਰੇਜ਼ਾਂ ਦੀ ਗੋਲੀ ਤੋਂ ਜਾਂ ਫਾਂਸੀ ਤੋ ਮਰਨਾ ਨਹੀਂ ਚਾਹੁੰਦੇ ਸੀ।

PunjabKesari

ਉਹ ਕਿਹਾ ਕਰਦੇ ਸੀ ਕਿ ਮੈਂ ਜ਼ਿੰਦਗੀ ਭਰ ਇਹ ਲੜਾਈ ਲੜਾਂਗਾ, ਆਜ਼ਾਦ ਰਿਹਾ ਹਾਂ ਅਤੇ ਆਜ਼ਾਦ ਹੀ ਰਹਾਂਗਾ। ਚੰਦਰ ਸ਼ੇਖਰ ਨੇ ਖੁਦ ਨੂੰ ਆਖਰੀ ਗੋਲੀ ਮਾਰ ਦਿੱਤੀ ਅਤੇ ਸ਼ਹੀਦ ਹੋ ਗਏ। ਪੁਲਸ ਨੇ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਚੰਦਰ ਸ਼ੇਖਰ ਆਜ਼ਾਦ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਿਉਂ ਹੀ ਆਜ਼ਾਦ ਦੇ ਸ਼ਹਾਦਤ ਦੀ ਖ਼ਬਰ ਜਨਤਾ ਨੂੰ ਲੱਗੀ ਸਾਰਾ ਇਲਾਹਾਬਾਦ ਐਲਫਰਡ ਪਾਰਕ ਵਿੱਚ ਆ ਗਿਆ। ਉਨ੍ਹਾਂ ਦੀ ਵੀਰ ਗਤੀ ਤੋਂ ਬਾਅਦ ਇਹ ਅੰਦੋਲਨ ਹੋਰ ਵੀ ਤੇਜ਼ ਹੋ ਗਿਆ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹਜ਼ਾਰਾਂ ਨੌਜਵਾਨ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਏ।

ਸਨਮਾਨ
ਇਲਾਹਾਬਾਦ ਦੇ ਐਲਫਰਡ ਪਾਰਕ ਜਿਸ ਵਿੱਚ ਆਜ਼ਾਦ ਦੀ ਸ਼ਹਾਦਤ ਹੋਈ ਉਸ ਦਾ ਨਾਂ ਬਦਲ ਕੇ ਚੰਦਰ ਸ਼ੇਖਰ ਆਜ਼ਾਦ ਪਾਰਕ ਰੱਖ ਦਿੱਤਾ ਗਿਆ। ਭਾਰਤ ਵਿਚ ਬਹੁਤ ਸਾਰੇ ਸਕੂਲਾਂ-ਕਾਲਜਾਂ, ਸੜਕਾਂ ਅਤੇ ਸੰਸਥਾਵਾਂ ਦੇ ਨਾਂ ਚੰਦਰ ਸ਼ੇਖਰ ਆਜ਼ਾਦ ਦੇ ਨਾਂ ਤੇ ਰੱਖੇ ਗਏ ਹਨ। ਭਾਰਤ ਸਰਕਾਰ ਨੇ 1988 ਵਿੱਚ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਨੂੰ ਸਨਮਾਨ ਦਿੰਦੇ ਹੋਏ ਡਾਕ ਟਿਕਟ ਵੀ ਜਾਰੀ ਕੀਤਾ। ਭਾਰਤੀ ਸਿਨੇਮਾ ਵਿਚ 1965 ਤੋਂ ਲੈ ਕੇ ਹੁਣ ਤਕ ਕਈ ਫਿਲਮਾਂ ਵਿਚ ਚੰਦਰ ਸ਼ੇਖਰ ਆਜ਼ਾਦ ਦੇ ਚਰਿੱਤਰ ਨੂੰ ਪੇਸ਼ ਕੀਤਾ ਗਿਆ। 2018 ਟੈਲੀਵਿਜ਼ਨ ਤੇ 'ਚੰਦਰ ਸ਼ੇਖਰ' ਨਾਂ ਦੇ ਨਾਟਕ ਨੂੰ ਪੇਸ਼ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਕ੍ਰਾਂਤੀ ਕਾਰੀ ਨੇਤਾ ਦੇ ਤੌਰ ਤੇ ਉਨ੍ਹਾਂ ਦੇ ਜੀਵਨ ਨੂੰ ਉਜਾਗਰ ਕੀਤਾ ਗਿਆ ਹੈ। 

ਅੰਤ ਵਿਚ ਮੈਂ ਕਹਿਣਾ ਚਾਹਾਂਗੀ ਸਾਨੂੰ ਭਾਰਤ ਵਾਸੀਆਂ ਨੂੰ ਅੱਜ ਚੰਦਰ ਸ਼ੇਖਰ ਆਜ਼ਾਦ ਦੀ ਜੈਯੰਤੀ ਸਮੇਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਦੇਸ਼ ਪ੍ਰਤੀ ਸਾਡੇ ਕਰਤੱਵ ਬਾਰੇ ਸੋਚਣਾ ਚਾਹੀਦਾ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਪਣੇ ਦੇਸ਼ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਜੈ ਹਿੰਦ!!!!

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
9914459033


author

rajwinder kaur

Content Editor

Related News