ਕੈਨੇਡਾ ਸੁਪਰੀਮ ਕੋਰਟ ਦੀ ਦਸਤਾਰ ਵਾਲੀ ਪਹਿਲੀ ਅੰਮ੍ਰਿਤਧਾਰੀ ਜੱਜ ‘ਪਲਬਿੰਦਰ ਕੌਰ ਸ਼ੇਰਗਿਲ’

07/28/2020 4:48:51 PM

ਉਜਾਗਰ ਸਿੰਘ


ਮੋਤੀ ਤੇ ਇਨਸਾਨ ਦੀ ਪ੍ਰਤਿਭਾ ਭਾਵੇਂ ਮਿੱਟੀ ਦੇ ਢੇਰ ਵਿਚ ਰੁਲਦੇ ਹੋਣ ਤਾਂ ਵੀ ਉਨ੍ਹਾਂ ਦੀ ਰੌਸ਼ਨੀ ਤੇ ਖ਼ੁਸ਼ਬੂ ਦੂਰ-ਦੂਰ ਤੱਕ ਲਿਸ਼ਕਾਂ ਮਾਰਕੇ ਸੰਸਾਰ ਨੂੰ ਆਪਣੀ ਹੋਂਦ ਵਿਖਾ ਦਿੰਦੀ ਹੈ। ਇਨਸਾਨ ਦੀ ਪ੍ਰਤਿਭਾ ਦੀ ਖ਼ੁਸ਼ਬੂ ਤਾਂ ਸਥਾਈ ਹੁੰਦੀ ਹੈ, ਜੋ ਤਾਅ ਉਮਰ ਸਮਾਜ ਵਿਚ ਸੁਗੰਧ ਫੈਲਾਉਂਦੀ ਰਹਿੰਦੀ ਹੈ, ਜਦੋਂ ਕਿ ਫੁੱਲਾਂ ਦੀ ਖ਼ੁਸ਼ਬੂ ਤਾਂ ਵਕਤੀ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਇਨਸਾਨ ਨੂੰ ਦੁਨੀਆਂ ਨੂੰਆਪਣੀ ਪ੍ਰਤਿਭਾ ਵਿਖਾਉਣ ਦਾ ਸਮਾਂ ਕਦੋਂ ਮਿਲੇ। ਸੰਸਾਰ ਵਿਚ ਬਹੁਤ ਸਾਰੇ ਇਨਸਾਨ ਪ੍ਰਤਿਭਾਵਾਨ ਹੁੰਦੇ ਹਨ, ਇਹ ਮਾਣ ਹਰ ਇਕ ਪ੍ਰਤਿਭਾਵਾਨ ਵਿਅਕਤੀ ਨੂੰ ਨਹੀਂ ਮਿਲਦਾ ਪਰ ਉਸ ਵਿਅਕਤੀ ਨੂੰ ਜ਼ਰੂਰ ਹੀ ਮਿਲਦਾ ਹੈ, ਜਿਸ ਉਪਰ ਉਸ ਅਕਾਲ ਪੁਰਖ ਦੀ ਮਿਹਰ ਦੀ ਨਿਗਾਹ ਹੋਵੇ। ਜੋ ਉਸ ਦੀ ਰਜਾ ਵਿਚ ਰਹਿੰਦਿਆਂ ਮਿਹਨਤ, ਦ੍ਰਿੜ੍ਹਤਾ, ਲਗਨ, ਸਿਦਕਦਿਲੀ ਅਤੇ ਬਚਨਬੱਧਤਾ ਦਾ ਪੱਲਾ ਨਾ ਛੱਡੇ। 

ਕੈਨੇਡਾ ਵਿਚ ਇਹ ਮਾਣ ਸਨਮਾਨ ਪੰਜਾਬ ਦੇ ਦੁਆਬੇ ਦੇ ਪਿੰਡ ਵਿਚ ਇਕ ਸਾਧਾਰਣ ਜੱਟ ਸਿੱਖ ਸੰਧੂ ਪਰਿਵਾਰ ਵਿਚ ਜਨਮੀ ਪਲਬਿੰਦਰ ਕੌਰ ਸ਼ੇਰਗਿਲ ਨੂੰ ਉਸ ਸਮੇਂ ਮਿਲਿਆ, ਜਦੋਂ ਉਸਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਬਣਾਇਆ ਗਿਆ। ਇਹ ਮਾਣ ਇਕੱਲਾ ਪਲਬਿੰਦਰ ਕੌਰਸ਼ੇਰਗਿਲ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਅਤੇ ਖਾਸ ਤੌਰ ’ਤੇ ਸਿੱਖ ਜਗਤ ਦਾ ਹੈ। ਪਲਬਿੰਦਰ ਕੌਰ ਸ਼ੇਰਗਿਲ ਕੈਨੇਡਾ ਵਿਚ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਦਸਤਾਰਸਜਾਉਣ ਵਾਲੀ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਇਸਤਰੀ ਹੈ। ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖਾਂ ਨੇ ਸੰਸਾਰ ਵਿਚ ਆਪਣੀ ਲਿਆਕਤ ਨਾਲ ਧੁੰਮਾਂ ਪਾਈਆਂ ਹੋਈਆਂ ਹਨ। ਉਹ ਸਮਾਜ ਦੇ ਹਰ ਖੇਤਰ ਵਿਚ ਮਾਹਰਕੇ ਮਾਰ ਰਹੇ ਹਨ। 
ਰਾਜਨੀਤਕ, ਆਰਥਿਕ, ਸਮਾਜਿਕ, ਸਭਿਅਚਾਰਕ ਅਤੇ ਵਿਓਪਾਰਕ ਖੇਤਰ ਵਿਚ ਤਾਂ ਪੰਜਾਬੀ ਅਤੇ ਸਿੱਖ ਬੜੀ ਦੇਰ ਤੋਂ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਪਰ ਨਿਆਂਪਾਲਿਕਾ ਵਿਚ ਪਹਿਲੀ ਵਾਰ ਹੋਇਆ ਹੈ ਕਿ ਦਸਤਾਰ ਬੰਨ੍ਹਣ ਵਾਲੀ ਪੰਜਾਬ ਦੀ ਅੰਮ੍ਰਿਤਧਾਰੀ ਧੀ ਪਲਬਿੰਦਰ ਕੌਰ ਸ਼ੇਰਗਿਲ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸੁਪਰੀਮ ਕੋਰਟ ਦੀ ਜੱਜ ਬਣਕੇ ਪੰਜਾਬੀਆਂ ਅਤੇ ਸਿੱਖਾਂ ਦੀ ਸ਼ਾਨ ਵਧਾ ਦਿੱਤੀ ਹੈ। ਸੰਸਾਰ ਵਿਚ ਉਹ ਪਹਿਲੀ ਸਿੱਖ ਦਸਤਾਰ ਸਜਾਉਣ ਵਾਲੀ ਅੰਮ੍ਰਿਤਧਾਰੀ ਇਸਤਰੀ ਹੈ, ਜਿਹੜੀ ਪਰਵਾਸ ਵਿਚ ਸੁਪਰੀਮ ਕੋਰਟ ਦੀ ਜੱਜ ਬਣੀ ਹੈ। ਭਾਰਤ ਵਿਚ ਵੀ ਅਜੇ ਤੱਕ ਇਹ ਮਾਣ ਕਿਸੇ ਦਸਤਾਰ ਬੰਨ੍ਹਣ ਵਾਲੀ ਅੰਮ੍ਰਿਤਧਾਰੀ ਇਸਤਰੀ ਨੂੰ ਨਹੀਂ ਮਿਲਿਆ। 

ਪੰਜਾਬ ਜਿਥੇ ਕਿ ਸਿੱਖਾਂ ਦੀ ਬਹੁ ਗਿਣਤੀ ਹੈ, ਉਥੇ ਵੀ ਅਜਿਹਾ ਮਾਣ ਕਿਸੇ ਨੂੰ ਨਹੀਂ ਮਿਲਿਆ। ਇਸਤੋਂ ਪਹਿਲਾਂ ਉਹ 26 ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਆਪਣੀ ਫਰਮ ''ਸ਼ੇਰਗਿਲ ਐਂਡ ਕੰਪਨੀ ਟਰਾਇਲ ਲਾਇਅਰਜ਼'' ਦੇ ਨਾਮ ਹੇਠ ਕਾਨੂੰਨ ਦੀ ਪ੍ਰੈਕਟਿਸ ਕਰਦੀ ਰਹੀ। ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੀ ਤਰਫੋਂ ਘੱਟ ਗਿਣਤੀਆਂ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਹੁਤ ਸਾਰੇ ਮਹੱਤਵਪੂਰਨ ਕੇਸ ਲੜੇ ਅਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ। ਜਿਸ ਕਰਕੇ ਆਪਦੀ ਕਾਬਲੀਅਤ ਦੀ ਧਾਂਕ ਸਮੁੱਚੇ ਕੈਨੇਡਾ ਵਿਚ ਪੈ ਗਈ। ਆਮ ਇਸਤਰੀ ਵਕੀਲਾਂ ਨਾਲੋਂ ਵੱਖਰੀ ਦਿੱਖ ਅਤੇ ਪਹਿਰਾਵੇ ਵਾਲੀ ਪਲਬਿੰਦਰ ਕੌਰ ਸ਼ੇਰਗਿਲ ਨੇ ਸਿੱਖਾਂ ਤੋਂ ਇਲਾਵਾ ਕੈਨੇਡਾ ਦੀਆਂ ਹੋਰ ਘੱਟ ਗਿਣਤੀਆਂ ਜਿਊ, ਮੁਸਲਮਾਨਾ ਅਤੇ ਇਸਾਈਆਂ ਦੇ ਧਾਰਮਿਕ ਹਿਤਾਂ ਦੀ ਰਖਵਾਲੀ ਵਾਲੇ ਕੇਸ ਲੜਕੇ ਨਾਮਣਾ ਖੱਟਿਆ ਹੈ। ਉਸਨੇ ਮੁਸਲਮਾਨ ਭਾਈਚਾਰੇ ਦਾ ਨਕਾਬ ਪਹਿਨਣ ਦਾ ਮਾਂਟੀਰੀਅਲ ਵਿਖੇ ਅਤੇ ਜਿਊ ਭਾਈਚਾਰੇ ਦੇ ਅਜਿਹੇ ਕੇਸ ਲੜੇ ਜਿਨ੍ਹਾਂ ਨਾਲ ਘੱਟ ਗਿਣਤੀਆਂ ਵਿਚ ਆਪਦੀ ਵਾਹਵਾ ਸ਼ਾਹਵਾ ਹੋ ਗਈ।

ਇਸੇ ਤਰ੍ਹਾਂ ਇਕ ਸਕੂਲ ਵਿਚ ਇੱਕ ਸਿੱਖ ਦਸਤਾਰਧਾਰੀ ਲੜਕੇ ਨੂੰ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਗਿਆ, ਜਿਸਦਾ ਕੇਸ ਵੀ ਉਸਨੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਪਲਬਿੰਦਰ ਕੌਰ ਸ਼ੇਰਗਿਲ ਨੇ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਬਹੁਤ ਸਾਰੇ ਕੇਸ ਲੜੇ ਅਤੇ ਬਹੁਤਿਆਂ ਵਿਚ ਜਿੱਤ ਪ੍ਰਾਪਤ ਕੀਤੀ। ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਜਿਸ ਕੋਰਟ ਵਿਚ ਉਹ ਇਕ ਵਕੀਲ ਦੇ ਤੌਰ ’ਤੇ ਪੇਸ਼ ਹੁੰਦੀ ਰਹੀ, ਉਸੇ ਕੋਰਟ ਵਿਚ ਉਹ ਅੱਜ ਜੱਜ ਦੀ ਕੁਰਸੀ ਤੇ ਬਿਰਾਜਮਾਨ ਹੈ। ਪਲਬਿੰਦਰ ਕੌਰ ਸ਼ੇਰਗਿਲ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲੇ ਦੇ ਪਿੰਡ ਰੁੜਕਾ ਕਲਾਂ ਵਿਖੇ ਮਾਤਾ  ਸੁਰਿੰਦਰ ਕੌਰ ਅਤੇ ਪਿਤਾ ਗਿਆਨ ਸਿੰਘ ਸੰਧੂ ਦੇ ਘਰ ਹੋਇਆ। ਚਾਰ ਸਾਲ ਦੀ ਉਮਰ ਵਿਚ ਉਹ ਆਪਣੇ ਮਾਤਾ-ਪਿਤਾ ਨਾਲ 1970 ਵਿਚ ਕੈਨੇਡਾ ਦੇ ਵਿਲੀਅਮ ਲੇਕ ਸ਼ਹਿਰ ਵਿਚ ਆ ਗਈ ਸੀ। ਉਸਦੀ ਸਾਰੀ ਪੜ੍ਹਾਈ ਕੈਨੇਡਾ ਵਿਚ ਹੀ ਹੋਈ।

ਸਾਰਾ ਪਰਿਵਾਰ ਗੁਰਮਤਿ ਦਾ ਧਾਰਨੀ ਹੋਣ ਕਰਕੇ ਆਪਨੇ ਵੀ ਅੰਮ੍ਰਿਤ ਪਾਨ ਕਰ ਲਿਆ।ਅਸਲ ਵਿਚ ਪਰਿਵਾਰ ਦੀ ਵਿਰਾਸਤ ਵਿਚੋਂ ਗੁਰਮਤਿ ਦੀ ਗੁੜ੍ਹਤੀ ਮਿਲਣ ਕਰਕੇ ਉਸਨੂੰ ਸਿੱਖ ਧਰਮ ਦੀ ਵਿਚਾਰਧਾਰਾ ਵਿਚ ਅਥਾਹ ਵਿਸ਼ਵਾਸ ਪੈਦਾ ਹੋ ਗਿਆ।ਉਸ ਸਮੇਂ ਅੰਮ੍ਰਿਤਧਾਰੀ ਹੋਣ ਕਰਕੇ ਆਪਦੇ ਪਰਿਵਾਰ ਨੂੰ ਵੀ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ। ਉਦੋਂ ਹੀ ਆਪਨੇ ਦ੍ਰਿੜ੍ਹ ਇਰਾਦਾ ਕਰ ਲਿਆ ਸੀ ਕਿ ਉਹ ਕਾਨੂੰਨ ਦੀ ਪੜ੍ਹਾਈ ਕਰਕੇ ਮਨੁੱਖੀ ਹੱਕਾਂ ਦੀ ਰਾਖੀ ਕਰੇਗੀ। ਫਿਰ ਉਸਨੇ 1990 ਵਿਚ ਯੂਨੀਵਰਸਿਟੀ ਆਫ ਸਸਕਾਚਵਨ ਵਿਚੋਂ ਲਾਅ ਦੀ ਡਿਗਰੀ ਪਾਸ ਕੀਤੀ। ਆਪ ਸਿਵਲ,ਕਾਨਸਟੀਚਿਊਸ਼ਨਲ ਲਾਅ, ਮਨੁੱਖੀ ਅਧਿਕਾਰਾਂ, ਧਾਰਮਿਕ ਮਸਲਿਆਂਅਤੇ ਕਮਰਸ਼ੀਅਲਵਿਸ਼ੇ ਨਾਲ ਸੰਬੰਧਤ ਕੇਸ ਲੜਨ ਲਈ ਸਾਰੇ ਨਾਰਥ ਅਮਰੀਕਾ ਵਿਚ ਜਾਂਦੀ ਰਹੀ ਹੈ।

ਆਪਦੀ ਕਾਬਲੀਅਤ ਦੀ ਪ੍ਰਸੰਸਾ ਕਾਨੂੰਨ ਜਗਤ ਵਿਚ ਹੋਣ ਕਰਕੇ ਆਪਨੂੰ ਬਹੁਤ ਸਾਰੇ ਇੰਟਰਫੇਥ ਦੇ ਸਮਾਗਮਾ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਬੁਲਾਇਆ ਜਾਣ ਲੱਗਿਆ। ਬ੍ਰਿਟਿਸ਼ ਕੋਲੰਬੀਆ ਦੀ ਮਲਟੀ ਫੇਥ ਸੋਸਾਇਟੀ ਨੇ ਆਪ ਨੂੰ2013 ਵਿਚ ਮੁੱਖ ਵਕਤਾ ਦੇ ਤੌਰ ਤੇ ਬੁਲਾਇਆ। ਆਪਦੇ ਲੈਕਚਰ ਨੇ ਸਾਰੇ ਧਰਮਾ ਦੇ ਲੋਕਾਂ ਨੂੰ ਬਹੁਤ ਹੀ ਪ੍ਰਭਾਵਤ ਕੀਤਾ।ਜਦੋਂ ਆਪਦੀ ਕਾਨੂੰਨੀ ਕਾਬਲੀਅਤ ਦੀ ਸਾਰੇ ਕੈਨੇਡਾ ਵਿਚ ਪ੍ਰਸੰਸਾ ਹੋਣ ਲੱਗੀ ਤਾਂ ਆਪਨੂੰ ਸਾਲ 2012ਵਿਚ ਕੁਈਨਜ਼ ਕੌਂਸਲ ਵਿਚ ਨਾਮਜਦ ਕੀਤਾ ਗਿਆ।

ਇਸਤੋਂ ਇਲਾਵਾ ਆਪਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਬੋਰਡਾਂ ਵਿਚ ਸ਼ਾਮਲ ਕਰ ਲਿਆ ਜਿਵੇਂ, ਸਿੱਖ ਫੈਮੀਨਿਸਟ ਰਿਸਰਚ ਇਨਸਟੀਚਿਊਟ ਨੇ ਆਪਣੇ ਬੋਰਡ ਦਾ ਮੈਂਬਰ, ਫਰੇਜ਼ਰ ਹੈਲਥ ਅਥਾਰਟੀ ਦੇ ਬੋਰਡ ਵਿਚ ਡਾਇਰੈਕਟਰ 2002 ਤੋਂ 2008 ਤੱਕ ਅਤੇ ਕੈਨੇਡੀਅਨ ਬਾਰ ਐਸੋਸੀਏਸ਼ਨ ਦੇ ਐਡਮਨਿਸਟਰਟੇਵਿ ਲਾਅ ਸ਼ੈਕਸ਼ਨ ਨੂੰ ਚੇਅਰ ਕੀਤਾ ਤੇ ਬ੍ਰਿਟਿਸ਼ ਕੋਲੰਬੀਆ ਦੇ ਟਰਾਇਲ ਲਾਇਰਜ਼ ਦੇ ਗਵਰਨਰ ਰਹੇ ਆਦਿ। ਪਲਬਿੰਦਰ ਕੌਰ ਸ਼ੇਰਗਿਲ 1991 ਵਿਚ ਬ੍ਰਿਟਿਸ਼ ਕੋਲੰਬੀਆ ਦੀ ਬਾਰ ਦੇ ਮੈਂਬਰ ਬਣੇ ਸਨ ਅਤੇ 23 ਜੂਨ 2017ਨੂੰ ਇਥੋਂ ਦੀ ਸੁਪਰੀਮ ਕੋਰਟ ਦੇ ਜੱਜ ਬਣ ਗਏ ਸਨ।

ਆਪ ਦੀਆਂ ਸਮਾਜ ਸੇਵਾ ਲਈ ਸੇਵਾਵਾਂ ਕਰਕੇ ਆਪਨੂੰ ਕੁਈਨਜ਼ ਗੋਲਡਨ ਜੁਬਲੀ ਮੈਡਲ ਵੀ ਮਿਲਿਆ। ਆਪਦਾ ਪਰਿਵਾਰ ਆਪਣੇ ਜੱਦੀ ਪਿੰਡ ਰੁੜਕਾ ਕਲਾਂ ਵਿਖੇ ਸਮਾਜ ਸੇਵਾ ਕਰ ਰਿਹਾ ਹੈ। ਪਿੰਡ ਵਿਚ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ ਮੁਫਤ ਸਿਖਿਆ ਦੇਣ ਵਾਸਤੇ ਇਕ ਕੰਪਿਊਟਰ ਸੈਂਟਰ ਅਤੇ ਸਿਲਾਈ ਕਢਾਈ ਦੀ ਸਿਖਿਆ ਦੇਣ ਦਾ ਸੈਂਟਰ ਚਲਾ ਰਿਹਾ। ਉਹ ਬਾਲੀਵਾਲ ਦੀ ਖਿਡਾਰਨ ਹੈ। ਆਪਨੂੰ ਭਾਰਤੀ ਕਲਾਸੀਕਲ ਸੰਗੀਤ ਨਾਲ ਪਿਆਰ ਹੈ। ਉਹ ਗੁਰਮਤਿ ਦੀ ਧਾਰਨੀ ਹੋਣ ਕਰਕੇ ਸਿੱਖ ਵਿਚਾਰਧਾਰਾ ਵਿਚ ਅਥਾਹ ਵਿਸ਼ਵਾਸ ਕਰਦੀ ਹੈ। ਉਹ ਗੁਰਬਾਣੀ ਦਾ ਕੀਰਤਨ ਵੀ ਬਹੁਤ ਹੀ ਰਸੀਲੀ ਆਵਾਜ਼ ਵਿਚ ਕਰਦੀ ਹੈ।

ਆਪ ਨੂੰ ਸੰਗੀਤ ਨਾਲ ਸੰਬੰਧਤ ਕਈ ਸਾਜ ਜਿਵੇਂ ਹਾਰਮੋਨੀਅਮ ਅਤੇ ਤਬਲਾ ਵਜਾਉਣ ਦਾ ਸ਼ੌਕ ਵੀ ਹੈ।ਪਲਬਿੰਦਰ ਕੌਰ ਸ਼ੇਰਗਿਲ ਵਿਚ ਲੀਡਰਸ਼ਿਪ ਦਾ ਗੁਣ ਵੀ ਹੈ, ਜਿਸ ਕਰਕੇ ਕਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿਚ ਮਹੱਤਵਪੂਰਨ ਅਹੁਦਿਆਂ ਤੇ ਰਹੀ ਹੈ। ਹਾਈ ਸਕੂਲ ਵਿਚ ਉਹ ਡੀਬੇਟ ਦੀ ਵਾਲੰਟੀਅਰ ਕੋਚ ਵੀ ਰਹੀ ਹੈ।ਆਪ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਫਰੈਂਚ ਭਾਸ਼ਾਵਾਂ ਦੇ ਮਾਹਰ ਹਨ।

ਆਪਦਾ ਵਿਆਹ ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਪਿੰਡ ਜਗਤਪੁਰ ਦੇ ਡਾਕਟਰ ਅੰਮ੍ਰਿਤਪਾਲ ਸਿੰਘ ਸ਼ੇਰਗਿਲ ਨਾਲ ਹੋਇਆ ਜੋ ਕੈਨੇਡਾ ਵਿਚ ਹੀ ਰਹਿ ਰਿਹਾ ਹੈ। ਆਪ ਦੇ ਇਕ ਸਪੁਤਰੀ ਅਤੇ ਦੋ ਸਪੁਤਰ ਹਨ। ਆਪਦੀ ਸਪੁਤਰੀ ਵੀ ਲਾਅ ਦੀ ਪੜ੍ਹਾਈ ਕਰ ਰਹੀ ਹੈ। ਦੋਵੇਂ ਸਪੁੱਤਰ ਮੈਡੀਕਲ ਲਾਈਨ ਵਿਚ ਜਾਣਾ ਚਾਹੁੰਦੇ ਹਨ ਅਤੇ ਯੂਨੀਵਰਸਿਟੀ ਵਿਚ ਪੜ੍ਹ ਰਹੇ ਹਨ।ਆਪਦਾ ਸਹੁਰਾ ਰਾਵਿੰਦਰ ਸਿੰਘ ਰਵੀ ਪੰਜਾਬੀ ਦਾ ਚੋਟੀ ਦਾ ਸਾਹਿਤਕਾਰ ਹੈ। ਆਪਦਾ ਪਿਤਾ ਗਿਆਨ ਸਿੰਘ ਸੰਧੂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਾਨੀ ਪ੍ਰਧਾਨ ਹੈ, ਜਿਸ ਕਰਕੇ ਆਪ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੀ ਰਹੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਸਦੀ ਸੋਚ ਨੂੰ ਉਤਸ਼ਾਹ ਮਿਲਿਆ।
ਤਸਵੀਰ-ਜਸਟਿਸ ਪਲਬਿੰਦਰ ਕੌਰ ਸ਼ੇਰਗਿਲ

ਸਾਬਕਾ ਜ਼ਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com


rajwinder kaur

Content Editor

Related News