ਲਗਜ਼ਰੀ ਕਾਰਾਂ ਰਾਹੀਂ ਨਸ਼ੇ ਦੀ ਡਲਿਵਰੀ! ਵਿਦਿਆਰਥੀਆਂ ਤਕ ਜਾਣ ਵਾਲੀ 1.5 ਕਿੱਲੋ ਆਈਸ ਡਰੱਗ ਸਣੇ ਤਸਕਰ ਕਾਬੂ
Thursday, Jul 03, 2025 - 02:58 PM (IST)

ਖੰਨਾ (ਬਿਪਨ): ਖੰਨਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਨੂੰ 1.5 ਕਿਲੋ ਆਈਸ ਡਰੱਗ ਅਤੇ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। ਇਹ ਤਸਕਰ ਅੰਮ੍ਰਿਤਸਰ ਦਾ ਰਹਿਣ ਵਾਲਾ ਸੁਖਮਨ ਸਿੰਘ ਸੰਨੀ ਹੈ ਜੋ ਖਰੜ ਦੇ ਸ਼ਿਵਜੋਤ ਅਪਾਰਟਮੈਂਟ ਵਿਚ ਕਿਰਾਏ ‘ਤੇ ਰਹਿ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਇਹ ਨਸ਼ੀਲੇ ਪਦਾਰਥ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਤੱਕ ਵੀ ਪਹੁੰਚਾਏ ਜਾ ਰਹੇ ਸਨ। ਸੁਖਮਨ ਦੀ ਸਰਹੱਦ ਪਾਰ ਵੱਡੇ ਤਸਕਰਾਂ ਨਾਲ ਸਾਂਝ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ।
ਐੱਸ.ਐੱਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ 1 ਜੁਲਾਈ ਨੂੰ ਸਿਟੀ ਥਾਣਾ-2 ਦੀ ਪੁਲਸ ਨੇ ਮੀਟ ਮਾਰਕੀਟ ਦੇ ਵਿੱਕੀ ਨਾਮਕ ਨੌਜਵਾਨ ਨੂੰ 10 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਵਿੱਕੀ ਨੇ ਖ਼ੁਲਾਸਾ ਕੀਤਾ ਕਿ ਉਹ ਖਰੜ ਵਿਖੇ ਕਿਰਾਏ ‘ਤੇ ਰਹਿਣ ਵਾਲੇ ਸੁਖਮਨ ਸਿੰਘ ਤੋਂ ਨਸ਼ਾ ਲਿਆਉਂਦਾ ਸੀ। ਸੁਖਮਨ ਆਪਣੀ ਲਗਜ਼ਰੀ ਕਰੂਜ਼ ਕਾਰ ਵਿਚ ਸ਼ਿਵਜੋਤ ਅਪਾਰਟਮੈਂਟ ਦੇ ਗੇਟ ‘ਤੇ ਆ ਕੇ ਸਪਲਾਈ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
ਇਸ ਖ਼ੁਲਾਸੇ ਮਗਰੋਂ ਸੀਆਈਏ ਅਤੇ ਸਿਟੀ ਥਾਣਾ-2 ਦੀਆਂ ਟੀਮਾਂ ਨੇ ਸੁਖਮਨ ਨੂੰ ਘੇਰਾਬੰਦੀ ਕਰਕੇ ਗ੍ਰਿਫ਼ਤਾਰ ਕੀਤਾ। ਉਸਦੀ ਕਰੂਜ਼ ਕਾਰ ਦੀ ਤਲਾਸ਼ੀ ਲੈਣ ‘ਤੇ 1.5 ਕਿਲੋ ਆਈਸ ਡਰੱਗ ਅਤੇ 1 ਕਿਲੋ ਅਫੀਮ ਮਿਲੀ। ਪੁਲਿਸ ਨੇ ਕਾਰ ਵੀ ਜ਼ਬਤ ਕਰ ਲਈ ਹੈ। ਸੁਖਮਨ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਂਗ ਸਰਹੱਦ ਪਾਰ ਤੱਕ ਫੈਲਿਆ ਹੋ ਸਕਦਾ ਹੈ ਅਤੇ ਆਈਸ ਡਰੱਗ ਦੀ ਵੱਡੀ ਬਰਾਮਦਗੀ ਵੱਡੀ ਜਾਂਚ ਦਾ ਵਿਸ਼ਾ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੁਖਮਨ ਨਸ਼ੇ ਦੇ ਆਰਡਰ ਵਟਸਐਪ ਕਾਲਾਂ ਅਤੇ ਫੇਸਬੁੱਕ ਚੈਟਿੰਗ ਰਾਹੀਂ ਲੈਂਦਾ ਸੀ ਅਤੇ ਫਿਰ ਡਾਟਾ ਡਿਲੀਟ ਕਰ ਦਿੰਦਾ ਸੀ। ਪੁਲਸ ਨੇ ਉਸ ਦਾ ਮੋਬਾਈਲ ਫੋਨ ਜ਼ਬਤ ਕਰਕੇ ਡਾਟਾ ਰਿਕਵਰੀ ਲਈ ਭੇਜਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਫੋਨ ਤੋਂ ਵੱਡੇ ਤਸਕਰਾਂ ਬਾਰੇ ਅਹਿਮ ਸੁਰਾਗ ਮਿਲ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8