ਨੇਤਰਹੀਣ ਵਿਅਕਤੀਆਂ ਲਈ ਸਪਰਸ਼ ਕਰਨ ਤੇ ਲਿਖਣ ਦੀ ਇੱਕ ਪ੍ਰਣਾਲੀ :‘ਬ੍ਰੇਲ ਲਿੱਪੀ’
Thursday, Jun 11, 2020 - 11:32 AM (IST)
ਆਸ਼ੀਆ ਪੰਜਾਬੀ
ਬ੍ਰੇਲ ਲਿੱਪੀ ਨੇਤਰਹੀਣ ਵਿਅਕਤੀਆਂ ਲਈ ਛੋਹਣ ਅਤੇ ਲਿਖਣ ਦੀ ਇੱਕ ਪ੍ਰਣਾਲੀ ਹੈ, ਜਿਸ ਵਿੱਚ ਉਭਾਰੇ ਹੋਏ ਬਿੰਦੂ ਵਰਣਮਾਲਾ ਦੇ ਅੱਖਰਾਂ ਨੂੰ ਦਰਸਾਉਂਦੇ ਹਨ। ਇਸ ਲਿੱਪੀ ਵਿੱਚ ਵਿਰਾਮ ਚਿੰਨ੍ਹ ਲਈ ਵੀ ਬਰਾਬਰ ਦੇ ਸੰਕੇਤ ਹੁੰਦੇ ਹਨ।
ਬ੍ਰੇਲ ਲਿੱਪੀ ਪੜ੍ਹਨ ਦਾ ਤਰੀਕਾ:
ਬ੍ਰੇਲ ਲਿੱਪੀ ਪੜ੍ਹਨ ਲਈ ਹਰੇਕ ਲਾਈਨ ਵਿੱਚ ਖੱਬੇ ਤੋਂ ਸੱਜੇ ਪੜ੍ਹਿਆ ਜਾਂਦਾ ਹੈ। ਪੜ੍ਹਨ ਦੀ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਦੋਵਾਂ ਹੱਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਪੜ੍ਹਨ ਦੀ ਗਤੀ ਲਗਪਗ 125 ਸ਼ਬਦ ਪ੍ਰਤੀ ਮਿੰਟ ਹੈ ਪਰ 200 ਸ਼ਬਦ ਪ੍ਰਤੀ ਮਿੰਟ ਦੀ ਗਤੀ ਵੀ ਸੰਭਵ ਹੈ।
ਬ੍ਰੇਲ ਲਿੱਪੀ ਦਾ ਇਤਿਹਾਸ :
ਕਹਿੰਦੇ ਹਨ ਲੋੜ ਕਾਢ ਦੀ ਮਾਂ ਹੈ, ਬ੍ਰੇਲ ਲਿੱਪੀ ਦੀ ਕਾਢ ਵੀ ਇਸੇ ਤਰਜ਼ 'ਤੇ ਸਾਲ 1800 ਦੇ ਸ਼ੁਰੂਆਤੀ ਸਮੇਂ 'ਚ ਹੋਈ। ਦਰਅਸਲ, ਚਾਰਲਸ ਬਾਰਬੀਅਰ ਨਾਂ ਦਾ ਇੱਕ ਵਿਅਕਤੀ ਨੈਪੋਲੀਅਨ ਬੋਨਾਪਾਰਟ ਦੀ ਫਰੈਂਚ ਆਰਮੀ ਵਿੱਚ ਨੌਕਰੀ ਕਰਦਾ ਸੀ। ਲੜਾਈ ਲੱਗਣ ਦੌਰਾਨ ਲੜਾਈ ਦੇ ਸੰਦੇਸ਼ਾਂ ਨੂੰ ਪੜ੍ਹਨ ਲਈ ਅਕਸਰ ਸਿਪਾਹੀ ਰੌਸ਼ਨੀ ਲਈ ਲੈਂਪ ਬਾਲ ਲੈਂਦੇ ਸਨ। ਜਿਸ ਸਦਕਾ ਦੁਸ਼ਮਣ ਲੜਾਕੂ ਉਨ੍ਹਾਂ ਦੇ ਠਿਕਾਣੇ ਦਾ ਪਤਾ ਲਗਾ ਲੈਂਦੇ ਅਤੇ ਹਮਲਾ ਕਰਕੇ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ। ਜਿਸ ਕਾਰਨ ਸਿਪਾਹੀਆਂ ਦੀ ਗਿਣਤੀ ਲਗਾਤਾਰ ਘਟਦੀ ਜਾਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਚਾਰਲਸ ਨੇ ਇੱਕ ਵਿਲੱਖਣ ਪ੍ਰਣਾਲੀ ਵਿਕਸਿਤ ਕੀਤੀ, ਜਿਸ ਨੂੰ ਨਾਈਟ ਰਾਈਟਿੰਗ ਵਜੋਂ ਜਾਣਿਆ ਜਾਂਦਾ ਹੈ, ਤਾਂ ਜੋ ਸਿਪਾਹੀ ਰਾਤ ਦੇ ਸਮੇਂ ਸੁਰੱਖਿਅਤ ਢੰਗ ਨਾਲ ਇੱਕ ਦੂਜੇ ਨਾਲ ਸੰਚਾਰ ਕਰ ਸਕਣ।
ਪੜ੍ਹੋ ਇਹ ਵੀ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ
ਚਾਰਲਸ ਨੇ ਆਪਣੀ ਨਾਈਟ ਰਾਈਟਿੰਗ ਪ੍ਰਣਾਲੀ ਨੂੰ ਬਾਰਾਂ ਬਿੰਦੀਆਂ ਵਾਲੇ ਸੈੱਲ ਉੱਤੇ ਆਧਾਰਿਤ ਕੀਤਾ ਜਿਸ 'ਚ ਦੋ ਬਿੰਦੀਆਂ ਚੌੜੀਆਂ ਅਤੇ ਛੇ ਬਿੰਦੀਆਂ ਲੰਬੀਆਂ ਸਨ। ਸੈੱਲ ਦੇ ਅੰਦਰ ਬਿੰਦੀਆਂ ਦਾ ਹਰੇਕ ਬਿੰਦੂ ਜਾਂ ਸੁਮੇਲ ਇੱਕ ਅੱਖਰ ਜਾਂ ਫੋਨੈਟਿਕ ਧੁਨੀ ਨੂੰ ਦਰਸਾਉਂਦਾ ਹੈ। ਪਰ ਮਿਲਟਰੀ ਕੋਰਟ ਦੀ ਇਹ ਸਮੱਸਿਆ ਸੀ ਕਿ ਮਨੁੱਖੀ ਉਂਗਲ਼ੀ ਇੱਕ ਛੋਹ ਨਾਲ ਸਾਰੀਆਂ ਬਿੰਦੀਆਂ ਨੂੰ ਮਹਿਸੂਸ ਨਹੀਂ ਕਰ ਸਕਦੀ ਸੀ।
ਅਜੋਕੀ ਬ੍ਰੇਲ ਲਿੱਪੀ ਦੀ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਵੀ ਆਪਣੇ ਆਪ ਵਿਚ ਵੱਖਰਾ ਹੈ। ਇਸ ਦੀ ਖੋਜ 4 ਜਨਵਰੀ 1809 ਨੂੰ ਫਰਾਂਸ ਦੇ ਕੁਪਵਰ੍ਹੇ ਪਿੰਡ ਵਿੱਚ ਜਨਮੇ ਲੁਇਸ ਬ੍ਰੇਲ ਨੇ ਕੀਤੀ ਸੀ। ਬ੍ਰੇਲ ਦੇ ਪਿਤਾ ਚਮੜੇ ਦਾ ਕੰਮ ਕਰਦੇ ਸਨ। ਬਚਪਨ ਵਿੱਚ ਬ੍ਰੇਲ ਇੱਕ ਦਿਨ ਆਪਣੇ ਪਿਤਾ ਦੁਆਰਾ ਚਮੜੇ 'ਚ ਛੇਕ ਕਰਨ ਲਈ ਵਰਤੇ ਜਾਣ ਵਾਲੇ ਔਜ਼ਾਰ ਨਾਲ ਖੇਡ ਰਿਹਾ ਸੀ। ਜੋ ਉਹ ਆਪਣੀ ਅੱਖ ਵਿੱਚ ਲਗਵਾ ਬੈਠਾ, ਜਿਸ ਸਦਕਾ ਉਸ ਦੀ ਨਜ਼ਰ ਚਲੀ ਗਈ। ਬ੍ਰੇਲ ਥੋੜਾ ਵੱਡਾ ਹੋਇਆ ਤਾਂ ਸਾਲ 1819 ਵਿੱਚ ਉਸਨੂੰ ਪੈਰਿਸ ਦੇ ਨੈਸ਼ਨਲ ਇੰਸਟੀਚਿਊਟ ਆਫ ਦਿ ਬਲਾਈਂਡ 'ਚ ਪੜ੍ਹਨੇ ਪਾ ਦਿੱਤਾ ਗਿਆ। ਇਥੇ ਹੀ ਉਸਨੇ ਚਾਰਲਸ ਬਾਰਬੀਅਰ ਦੀ ਨਾਈਟ ਰਾਈਟਿੰਗ ਸ਼ੈਲੀ ਨੂੰ ਸੋਧਣ ਦੀ ਪ੍ਰੇਰਣਾ ਹਾਸਲ ਕੀਤੀ ਅਤੇ ਆਪਣੇ ਸਾਥੀ ਨੇਤਰਹੀਣਾਂ ਲਈ ਇੱਕ ਪ੍ਰਭਾਵਸ਼ਾਲੀ ਲਿਖਤ ਸੰਚਾਰ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਗਿਆ। ਆਪਣੀ ਨੌਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਉਸਨੇ ਉੱਤਮ ਬਿੰਦੂਆਂ ਦੀ ਪ੍ਰਣਾਲੀ ਦੇ ਵਿਕਾਸ ਅਤੇ ਸੁਧਾਰ ਲਈ ਕੰਮ ਕੀਤਾ, ਜੋ ਅੱਜ ਬ੍ਰੇਲ ਲਿੱਪੀ ਦੇ ਤੌਰ 'ਤੇ ਜਾਣੀ ਜਾਂਦੀ ਹੈ।
ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ
ਜ਼ਿਕਰਯੋਗ ਹੈ ਕਿ ਬ੍ਰੇਲ ਦੁਆਰਾ ਕੀਤੇ ਕੰਮ ਤੋਂ ਬਾਅਦ ਹੁਣ ਕੋਡ ਬਾਰਾਂ ਦੀ ਬਜਾਏ ਸਿਰਫ਼ ਛੇ ਬਿੰਦੂਆਂ ਵਾਲੇ ਸੈੱਲ 'ਤੇ ਆਧਾਰਿਤ ਸਨ। ਸਮੇਂ ਦੇ ਨਾਲ ਬ੍ਰੇਲ ਲਿਪੀ ਹੌਲੀ-ਹੌਲੀ ਪੂਰੀ ਦੁਨੀਆਂ ’ਚ ਨੇਤਰਹੀਣ ਵਿਅਕਤੀਆਂ ਲਈ ਲਿਖਤੀ ਸੰਚਾਰ ਦੇ ਬੁਨਿਆਦੀ ਰੂਪ ਵਿੱਚ ਸਵੀਕਾਰੀ ਜਾਣ ਲੱਗੀ ਅਤੇ ਅੱਜ ਵੀ ਉਸੇ ਰੂਪ ਵਿੱਚ ਕਾਇਮ ਹੈ, ਜਿਵੇਂ ਇਸ ਦੀ ਕਾਢ ਕੱਢੀ ਗਈ ਸੀ। ਹਾਲਾਂਕਿ ਬ੍ਰੇਲ ਪ੍ਰਣਾਲੀ ਵਿੱਚ ਕੁਝ ਛੋਟੀਆਂ ਤਬਦੀਲੀਆਂ ਕੀਤੀਆਂ ਗਈਆਂ ਜੋ ਬ੍ਰੇਲ ਦੀਆਂ ਕਿਤਾਬਾਂ ਦੇ ਆਕਾਰ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦੀਆਂ ਹਨ। 1853 'ਚ 43 ਸਾਲ ਦੀ ਉਮਰ 'ਚ ਲੁਈਸ ਬ੍ਰੇਲ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਇੱਕ ਸਾਲ ਪਹਿਲਾਂ ਉਸ ਦੇ ਗ੍ਰਹਿ ਦੇਸ਼ ਫਰਾਂਸ ਨੇ ਨੇਤਰਹੀਣ ਵਿਅਕਤੀਆਂ ਲਈ ਬ੍ਰੇਲ ਨੂੰ ਆਪਣੇ ਅਧਿਕਾਰਕ ਸੰਚਾਰ ਪ੍ਰਣਾਲੀ ਵਜੋਂ ਅਪਣਾਇਆ ਸੀ।
ਪੜ੍ਹੋ ਇਹ ਵੀ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)
ਬਰੇਲ ਲਿਪੀ ਦੇ ਫਾਇਦੇ :
. ਲੁਇਸ ਬਰੇਲ ਦੀ ਵਿਰਾਸਤ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਰੌਸ਼ਨ ਕੀਤੀ।
. ਲੂਇਸ ਦੀ ਇਸ ਖੋਜ ਸਦਕਾ ਦਹਾਕਿਆਂ ਤੋਂ ਅਣਗਿਣਤ ਲੋਕ ਸਾਖਰਤ ਹੋ ਰਹੇ ਹਨ।
. ਬ੍ਰੇਲ ਲਿਪੀ ਨੇ ਨੇਤਰਹੀਣ ਲੋਕਾਂ ਦੇ ਸਕੂਲ ਅਤੇ ਕਰੀਅਰ ਵਿੱਚ ਸਫ਼ਲਤਾ ਹਾਸਲ ਕਰਨ ਵਿੱਚ ਸਹਾਇਤਾ ਕੀਤੀ।
ਭਾਰਤ 'ਚ ਨੇਤਰਹੀਣਾਂ ਲਈ ਸਭ ਤੋਂ ਪਹਿਲਾ ਸਕੂਲ 1887 'ਚ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਨੇਤਰਹੀਣਾਂ ਲਈ ਸਕੂਲ ਖੋਲ੍ਹੇ ਗਏ। ਭਾਰਤ ਵਿੱਚ ਹਰੇਕ ਸਾਲ ਤੀਹ ਹਜ਼ਾਰ ਲੋਕ ਨੇਤਰਹੀਣ ਹੁੰਦੇ ਹਨ। ਜਿਸ ਦਾ ਮੁੱਖ ਕਾਰਨ ਮੋਤੀਆਬਿੰਦ ਹੈ। ਲੱਗਭਗ ਤਿੰਨ ਮਿਲੀਅਨ ਲੋਕ ਇਸ ਬੀਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ’ਚੋਂ ਪੰਜਾਹ ਫੀਸਦੀ ਲਾ-ਇਲਾਜ ਹਨ।
ਪੜ੍ਹੋ ਇਹ ਵੀ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ
ਦੂਜਾ ਭਾਰਤ ਵਿੱਚ ਅੱਖਾਂ ਦਾਨ ਕਰਨ ਦਾ ਰਿਵਾਜ਼ ਨਹੀਂ ਹੈ ਅਤੇ 60 ਫ਼ੀਸਦ ਤੋਂ ਵਧੇਰੇ ਦਾਨ ਕੀਤੀਆਂ ਅੱਖਾਂ ਜਾਂ ਤਾਂ ਬਰਬਾਦ ਹੋ ਜਾਂਦੀਆਂ ਹਨ ਜਾਂ ਵਰਤੀਆਂ ਹੀ ਨਹੀਂ ਜਾਂਦੀਆਂ। ਇਸ ਤੋਂ ਇਲਾਵਾ ਨੇਤਰਹੀਣ ਬੱਚਿਆਂ ਦੀ ਪੜ੍ਹਾਈ ਵੱਲ ਵੀ ਉੱਚ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਅੰਦਾਜ਼ੇ ਮੁਤਾਬਕ ਮਹਿਜ਼ 5 ਫ਼ੀਸਦ ਨੇਤਰਹੀਣ ਬੱਚੇ ਹੀ ਸਿੱਖਿਆ ਹਾਸਲ ਕਰਦੇ ਹਨ।
ਭਾਰਤ ਵਿੱਚ ਲਗਭਗ ਪੰਦਰਾਂ ਮਿਲੀਅਨ ਲੋਕ ਗਰੀਬੀ ਕਾਰਨ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਰਹਿੰਦੇ ਹਨ। ਮਾਹਰਾਂ ਮੁਤਾਬਕ ਭਾਰਤ ਵਿੱਚ 20 ਲੱਖ ਤੋਂ ਵਧੇਰੇ ਬੱਚੇ ਅਨਪੜ੍ਹਤਾ ਅਤੇ ਗਰੀਬੀ ਦਾ ਸ਼ਿਕਾਰ ਹਨ। ਪਰ ਉਨ੍ਹਾਂ ’ਚੋਂ ਸਿਰਫ 5 ਫੀਸਦੀ ਹੀ ਸਿੱਖਿਆ ਹਾਸਲ ਕਰਦੇ ਹਨ। ਨੈਸ਼ਨਲ ਐਸੋਸੀਏਸ਼ਨ ਫਾਰ ਦੀ ਬਲਾਈਂਡ ਹਰੇਕ ਸਾਲ ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਪ੍ਰੋਗਰਾਮ ਲਿਆ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਨੇਤਰਹੀਣ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਸਕੇ।
ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਕਾਲੀ ਮਿਰਚ’, ਜੋੜਾਂ ਦੇ ਦਰਦ ਲਈ ਵੀ ਹੈ ਫਾਇਦੇਮੰਦ