ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦਾ ਕਰਵਾਇਆ ਜਾਵੇਗਾ ਮੁਫਤ ਇਲਾਜ : ਡੀ. ਸੀ

01/12/2019 12:23:36 PM

ਤਰਨਤਾਰਨ (ਰਾਕੇਸ਼ ਨਈਅਰ, ਜ. ਬ.) : ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ, ਉਥੇ ਹੀ ਨਸ਼ਿਆਂ ਦਾ ਵਪਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਗਏ ਡੈਪੋ ਪ੍ਰੋਗਰਾਮ ’ਚ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ’ਤੇ ਗੋਇੰਦਵਾਲ ਸਾਹਿਬ 103, ਹੋਠੀਆਂ 7, ਹੰਸਾਵਾਲਾ 10, ਪਿੰਡੀਆਂ 6 ਅਤੇ ਧੂੰਦਾ ਦੇ 50 ਵਿਅਕਤੀਆਂ ਨੇ ਨਸ਼ੇ ਛੱਡਣ ਦਾ ਪ੍ਰਣ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚੋਂ ਨਸ਼ੇ ਨੂੰ ਖਤਮ ਕਰਨ ਲਈ ਇਸ ਪ੍ਰੋਗਰਾਮ ਤਹਿਤ ਆਮ ਲੋਕਾਂ ਦੇ ਸਹਿਯੋਗ ਨਾਲ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਸਵੈ ਇੱਛਾ ਨਾਲ ਨਸ਼ਾ ਛੱਡਣ ਵਾਲੇ ਵਿਅਕਤੀਆਂ ਦਾ ਸਰਕਾਰ ਵਲੋਂ ‘ਓਟ’ ਕੇਂਦਰਾਂ ਵਿਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਛੱਡਣ ਵਾਲੇ ਵਿਅਕਤੀਆਂ ਦੇ ਮੁਡ਼-ਵਸੇਬੇ ਲਈ ਸਰਕਾਰ ਵਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਤਹਿਤ ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਹੁਨਰ ਵਿਕਾਸ ਕੇਂਦਰਾਂ ਰਾਹੀਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ, ਤਾਂ ਜੋ ਉਹ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰ ਸਕਣ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਡੈਪੋ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ ਅਤੇ ਜ਼ਿਲੇ ਵਿਚ ਡੈਪੋ ਵਾਲੰਟੀਅਰ ਅਤੇ ਨਸ਼ਾ ਰੋਕੂ ਨਿਰਗਾਨ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਕਿ ਪਿੰਡ ਪੱਧਰ ’ਤੇ ਜਾ ਕੇ ਲੋਕਾਂ ਨੂੰ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਚੱਲ ਰਹੇ 10 ‘ਓਟ’ ਕੇਂਦਰਾਂ ਵਿਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਰਜਿਸਟਰਡ ਕਰ ਕੇ ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਇਸ ਮੌਕੇ ਓਟ ਕੇਂਦਰਾਂ ਵਿਚ ਲਗਭਗ 16 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਪੋ ਪ੍ਰੋਗਰਾਮ ਨੂੰ ਇਕ ਮਿਸ਼ਨ ਤਹਿਤ ਯੋਜਨਾਬੱਧ ਤਰੀਕੇ ਨਾਲ ਨਿਰੰਤਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਨਸ਼ੇ ਵਿਰੁੱਧ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਜ਼ਿਲਾ ਮਿਸ਼ਨ ਟੀਮ ਅਤੇ ਸਬ ਡਵੀਜ਼ਨ ਮਿਸ਼ਨ ਟੀਮ ਦੀ ਦੇਖ-ਰੇਖ ਹੇਠ ਪਿੰਡ ਪੱਧਰ ਬਣੀਆਂ ਮਿਸ਼ਨ ਟੀਮਾਂ ਵਲੋਂ ਲਗਾਤਾਰ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪਿੰਡ-ਪਿੰਡ ਖੇਡ ਮੇਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਇਲਾਜ ਕਰ ਕੇ ਉਨ੍ਹਾਂ ਦੇ ਮੁਡ਼-ਵਸੇਬੇ ਲਈ ਵਿਸ਼ੇਸ਼ ਕਦਮ ਚੁੱਕੇ ਰਹੇ ਹਨ।


Related News