ਟੀ-20 ਵਿਸ਼ਵ ਕੱਪ : ਅਮਰੀਕਾ ਪਹੁੰਚੀ ਕ੍ਰਿਕਟ, ICC ਟਰਾਫੀ ਦਾ ਸੋਕਾ ਖਤਮ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
Saturday, Jun 01, 2024 - 03:06 PM (IST)
ਨਿਊਯਾਰਕ– ਟੀ-20 ਵਿਸ਼ਵ ਕੱਪ ਦੇ ਰਾਹੀਂ ਕ੍ਰਿਕਟ ਦਾ ਕਾਰਵਾਂ ਅਮਰੀਕੀ ਬਾਜ਼ਾਰ ਵਿਚ ਦਸਤਕ ਦੇਵੇਗਾ ਤਾਂ ਕਈ ਨਵੇਂ ਸਿਤਾਰੇ ਚਮਣਗੇ ਤਾਂ ਕਈ ਬੇਨੂਰ ਵੀ ਹੋਣਗੇ, ਕੁਝ ਪ੍ਰਮੁੱਖ ਦਾਅਵੇਦਾਰ ਹੋਣਗੇ ਤਾਂ ਕੁਝ ਛੁਪੇ ਰੁਸਤਮ ਨਿਕਲਣਗੇ। ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਤਾਬੜਤੋੜ ਕ੍ਰਿਕਟ ਦੇ ਇਸ ਮਹਾਕੁੰਭ ਵਿਚ ਪਹਿਲੀ ਵਾਰ 20 ਟੀਮਾਂ ਜ਼ੋਰ ਅਜਮਾਇਸ਼ ਕਰਨਗੀਆਂ ਤਾਂ ਇਸਦਾ ਆਯੋਜਨ ਦੇਖਣਯੋਗ ਹੋਵੇਗਾ। ਭਾਰਤੀ ਟੀਮ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਆਈ. ਸੀ. ਸੀ. ਖਿਤਾਬ ਨਾ ਜਿੱਤ ਸਕਣ ਦੀ ਨਿਰਾਸ਼ਾ ਪਿੱਛੇ ਛੱਡਣਾ ਚਾਹੇਗੀ ਤਾਂ ਆਸਟ੍ਰੇਲੀਆ ਇਕ ਹੋਰ ਖਿਤਾਬ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਣ ਦੀ ਫਿਰਾਕ ਵਿਚ ਹੋਵੇਗਾ। ਪਾਕਿਸਤਾਨ ਤੇ ਵੈਸਟਇੰਡੀਜ਼ ਦਾ ਟੀਚਾ ਸਹੀ ਸਮੇਂ ’ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦਾ ਹੋਵੇਗਾ। ਸਾਬਕਾ ਚੈਂਪੀਅਨ ਇੰਗਲੈਂਡ ਤੇ ਦੱਖਣੀ ਅਫਰੀਕਾ ਦੀ ਚੁਣੌਤੀ ਵੀ ਘੱਟ ਨਹੀਂ ਹੋਵੇਗੀ। ਦੱਖਣੀ ਅਫਰੀਕਾ ਕੋਲ ਹੈਨਰਿਕ ਕਲਾਸੇਨ, ਡੇਵਿਡ ਮਿਲਰ, ਕਵਿੰਟਨ ਡੀ ਕੌਕ ਤੇ ਕੈਗਿਸੋ ਰਬਾਡਾ ਵਰਗੇ ਮੈਚ ਜੇਤੂ ਹਨ ਤੇ ਇਸਦਾ ਟੀਚਾ ਚੋਕਰਸ ਦਾ ਠੱਪਾ ਹਟਾਉਣ ਦਾ ਹੋਵੇਗਾ।
ਇਸ ਟੂਰਨਾਮੈਂਟ ਦੇ ਰਾਹੀਂ ਅਮਰੀਕਾ ਵਿਚ ਕ੍ਰਿਕਟ ਦਾ ਡੈਬਿਊ ਹੋਣ ਜਾ ਰਿਹਾ ਹੈ, ਜਿੱਥੇ 29 ਦਿਨ ਦੇ ਅੰਦਰ 55 ਮੈਚਾਂ ਵਿਚੋਂ 16 ਮੈਚ ਖੇਡੇ ਜਾਣਗੇ। ਬਾਕੀ 39 ਮੈਚ ਵੈਸਟਇੰਡੀਜ਼ ਵਿਚ ਹੋਣਗੇ, ਜਿਨ੍ਹਾਂ ਵਿਚ ਸੁਪਰ 8 ਦੇ ਮੈਚ, ਸੈਮੀਫਾਈਨਲ ਤੇ ਫਾਈਨਲ ਸ਼ਾਮਲ ਹਨ। ਖਿਤਾਬ ਦੇ ਪ੍ਰਮੁੱਖ ਦਾਅਵੇਦਾਰਾਂ ਤੋਂ ਇਲਾਵਾ ਅਫਗਾਨਿਸਤਾਨ ਦੀ ਚੁਣੌਤੀ ਨੂੰ ਵੀ ਘੱਟ ਨਹੀਂ ਸਮਝਿਆ ਜਾ ਸਕਦਾ ਜਿਹੜੀ ਆਪਣਾ ਦਿਨ ਹੋਣ ’ਤੇ ਕੋਈ ਵੀ ਉਲਟਫੇਰ ਕਰ ਸਕਦੀ ਹੈ।
ਜਿੱਥੋਂ ਤਕ ਟੀਮ ਇੰਡੀਆ ਦਾ ਸਵਾਲ ਹੈ ਤਾਂ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਹੋਣ ਦੇ ਬਾਵਜੂਦ ਇਹ 2013 ਚੈਂਪੀਅਨਸ ਟਰਾਫੀ ਤੋਂ ਬਾਅਦ ਤੋਂ ਕੋਈ ਆਈ. ਸੀ. ਸੀ. ਖਿਤਾਬ ਨਹੀਂ ਜਿੱਤ ਸਕੀ ਹੈ। ਇਸ ਵਾਰ ਬਤੌਰ ਕਪਤਾਨ ਰੋਹਿਤ ਸ਼ਰਮਾ ਦੀ ਸਾਖ ਵੀ ਦਾਅ ’ਤੇ ਹੈ। ਰੋਹਿਤ ਤੋਂ ਪਹਿਲਾਂ ਵਿਰਾਟ ਕੋਹਲੀ ਵੀ ਸਭ ਤੋਂ ਸਫਲ ਟੈਸਟ ਕਪਤਾਨ ਜ਼ਰੂਰ ਰਿਹਾ ਪਰ ਆਈ. ਸੀ. ਸੀ. ਖਿਤਾਬ ਨਹੀਂ ਜਿੱਤ ਸਕਿਆ। ਪਿਛਲੇ 12 ਮਹੀਨਿਆਂ ਵਿਚ ਭਾਰਤੀ ਟੀਮ 2 ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਉਪ ਜੇਤੂ ਰਹੀ ਹੈ ਤੇ ਆਸਟ੍ਰੇਲੀਆ ਹੱਥੋਂ ਆਪਣੀ ਧਰਤੀ ’ਤੇ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਹਾਰ ਗਈ। ਪਿਛਲੇ ਦੋ ਟੀ-20 ਵਿਸ਼ਵ ਕੱਪ ਵਿਚ ਪੁਰਾਣੇ ‘ਰਸਤੇ’ ਉੱਤੇ ਚੱਲਣ ਦਾ ਉਸ ਨੂੰ ਖਾਮਿਆਜ਼ਾ ਭੁਗਤਣਾ ਪਿਆ ਪਰ ਇਸ ਵਾਰ ਉਹ ਗਲਤੀ ਦੁਹਰਾਉਣਾ ਨਹੀਂ ਚਾਹੇਗੀ। ਹਾਲ ਹੀ ਵਿਚ ਹੋਏ ਆਈ. ਪੀ. ਐੱਲ. ਵਿਚ ਨਜ਼ਰ ਆਇਆ ਕਿ ਕਿਵੇਂ ਬੱਲੇਬਾਜ਼ ਹਮਲਾਵਰਤਾ ਦੀ ਨਵੀਂ ਪਰਿਭਾਸ਼ਾ ਲਿਖ ਰਹੇ ਹਨ ਤੇ ਭਾਰਤ ਦੇ ਧਾਕੜ ਬੱਲੇਬਾਜ਼ ਇਸ ਵਿਚ ਪਿੱਛੇ ਨਹੀਂ ਰਹਿਣਾ ਚਾਹੁਣਗੇ। ਭਾਰਤ ਨੂੰ ਇੱਥੇ ਤਿੰਨ ਮੈਚ ਖੇਡਣੇ ਹਨ, ਜਿਨ੍ਹਾਂ ਵਿਚ ਪਾਕਿਸਤਾਨ ਵਿਰੁੱਧ 9 ਜੂਨ ਨੂੰ ਹੋਣ ਵਾਲਾ ਚਰਚਿਤ ਮੁਕਾਬਲਾ ਸ਼ਾਮਲ ਹੈ। ਇਸ ਮੈਦਾਨ ’ਤੇ ਡ੍ਰਾਪ ਇਨ ਪਿੱਚਾਂ ਬਿਛਾਈਆਂ ਗਈਆਂ ਹਨ। ਭਾਰਤੀ ਟੀਮ ਇਸ ਮੈਦਾਨ ’ਤੇ 1 ਜੂਨ ਨੂੰ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ਖੇਡੇਗੀ, ਜਦਕਿ ਟੂਰਨਾਮੈਂਟ ਦਾ ਪਹਿਲਾ ਮੈਚ ਉਸ ਨੂੰ 5 ਜੂਨ ਨੂੰ ਆਇਰਲੈਂਡ ਨਾਲ ਖੇਡਣਾ ਹੈ। ਅਮਰੀਕਾ ਵਿਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ 1844 ਵਿਚ ਅਮਰੀਕਾ ਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਸੀ। ਇਸ ਤੋਂ ਬਾਅਦ ਬੇਸਬਾਲ ਨੇ ਇੱਥੇ ਪ੍ਰਸਿੱਧੀ ਵਿਚ ਕ੍ਰਿਕਟ ਨੂੰ ਕਾਫੀ ਪਿੱਛੇ ਛੱਡ ਦਿੱਤਾ। ਹੁਣ ਸਾਲਾਂ ਬਾਅਦ ਕ੍ਰਿਕਟ ਵਾਪਸੀ ਦੀ ਕੋਸ਼ਿਸ਼ ਵਿਚ ਹੈ ਤਾਂ ਪਹਿਲਾ ਮੈਚ ਸ਼ਨੀਵਾਰ ਨੂੰ ਡਲਾਸ ਵਿਚ ਅਮਰੀਕਾ ਤੇ ਕੈਨੇਡਾ ਵਿਚਾਲੇ ਹੀ ਖੇਡਿਆ ਜਾਵੇਗਾ। ਅਮਰੀਕਾ ਸਾਂਝਾ ਮੇਜ਼ਬਾਨ ਹੋਣ ਦੇ ਨਾਤੇ ਵਿਸ਼ਵ ਕੱਪ ਵਿਚ ਡੈਬਿਊ ਕਰੇਗਾ। ਉਸ ਨੇ ਹਾਲ ਹੀ ਵਿਚ ਕੈਨੇਡਾ ਤੇ ਬੰਗਲਾਦੇਸ਼ ਨੂੰ ਹਰਾ ਕੇ ਆਪਣੇ ਹੁਨਰ ਦੀ ਬੰਨ੍ਹਗੀ ਪੇਸ਼ ਕੀਤੀ ਹੈ।
ਰੋਹਿਤ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ’ਤੇ ਵੀ ਭਾਰੀ ਦਬਾਅ ਰਹੇਗਾ। ਸਾਬਕਾ ਚੈਂਪੀਅਨ ਇੰਗਲੈਂਡ 6 ਮਹੀਨੇ ਪਹਿਲਾਂ ਭਾਰਤ ਵਿਚ ਵਨ ਡੇ ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਪਿਛਲੇ ਟੀ-20 ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਟੀਮ ਇੰਗਲੈਂਡ ਉਸੇ ਲੈਅ ਵਿਚ ਪਰਤਣਾ ਚਾਹੇਗੀ। ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਆਪਣੇ ਮੈਦਾਨਾਂ ’ਤੇ ਹੋ ਰਹੇ ਟੂਰਨਾਮੈਂਟ ਵਿਚ ਖਿਤਾਬ ਦੇ ਦਾਅਵੇਦਾਰਾਂ ਵਿਚੋਂ ਇਕ ਹੈ।