ਬਾਜ਼ਾਰ ਨਵੀਂ ਉਚਾਈ ''ਤੇ, ਸੈਂਸੈਕਸ 123 ਅੰਕ ਚੜ੍ਹ ਕੇ 54,717 ''ਤੇ ਹੋਇਆ ਬੰਦ

08/05/2021 5:13:04 PM

ਮੁੰਬਈ- ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਬਾਜ਼ਾਰ ਨੇ ਨਵੀਂ ਉਚਾਈ ਦਰਜ ਕੀਤੀ ਅਤੇ ਬੀ. ਐੱਸ. ਈ. ਸੈਂਸੈਕਸ 123.07 ਅੰਕਾਂ ਦੀ ਮਜਬੂਤੀ ਨਾਲ ਨਵੇਂ ਰਿਕਾਰਡ ਪੱਧਰ' ਤੇ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਟੀ. ਸੀ. ਵਿਚ ਤੇਜ਼ੀ ਨਾਲ ਬਾਜ਼ਾਰ ਨੂੰ ਬੜ੍ਹਤ ਮਿਲੀ। ਇਸ ਵਿਚ ਭਾਰਤੀ ਏਅਰਟੈੱਲ ਨੇ ਸ਼ਾਨਦਾਰ ਪ੍ਰਦਸ਼ਨ ਦਿਖਾਇਆ। ਕਾਰੋਬਾਰ ਦੌਰਾਨ ਸੈਂਸੈਕਸ 54,717.24 ਅੰਕਾਂ ਦੇ ਸਰਵ-ਉੱਚ ਪੱਧਰ ਨੂੰ ਛੂਹ ਗਿਆ ਸੀ ਪਰ ਅੰਤ ਵਿਚ ਇਹ 123.07 ਅੰਕ ਯਾਨੀ 0.23 ਫ਼ੀਸਦੀ ਦੇ ਵਾਧੇ ਨਾਲ 54,492.84 'ਤੇ ਬੰਦ ਹੋਇਆ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 35.80 ਅੰਕ ਯਾਨੀ 0.22 ਫੀਸਦੀ ਵੱਧ ਕੇ 16,349.60 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿਚ ਤਕਰੀਬਨ 4 ਫ਼ੀਸਦੀ ਦੀ ਤੇਜ਼ੀ ਨਾਲ ਭਾਰਤੀ ਏਅਰਟੈੱਲ ਰਿਹਾ। ਇਸ ਤੋਂ ਇਲਾਵਾ ਆਈ. ਟੀ. ਸੀ., ਟੈੱਕ ਮਹਿੰਦਰਾ, ਟਾਟਾ ਸਟੀਲ ਅਤੇ ਐੱਚ. ਸੀ. ਐੱਲ. ਟੈੱਕ ਵਿਚ ਵੀ ਚੰਗੀ ਤੇਜ਼ੀ ਰਹੀ। ਦੂਜੇ ਪਾਸੇ, ਗਿਰਾਵਟ ਵਾਲਿਆਂ ਵਿੱਚ ਭਾਰਤੀ ਸਟੇਟ ਬੈਂਕ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਸ਼ਾਮਲ ਸਨ।

ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤੀ ਪ੍ਰਮੁੱਖ ਵਿਨੋਦ ਮੋਦੀ ਨੇ ਕਿਹਾ, ''ਆਈ. ਟੀ. ਅਤੇ ਮੈਟਲ ਸ਼ੇਅਰਾਂ ਵਿਚ ਤੇਜ਼ੀ ਨਾਲ ਮਜਬੂਤੀ ਬਣੀ ਰਹੀ ਅਤੇ ਬਾਜ਼ਾਰ ਨਵੀਂ ਉਚਾਈ 'ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਰੋਜ਼ਾਨਾ ਇਸਤੇਮਾਲ ਦੇ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ (ਐੱਫ. ਐੱਮ. ਸੀ. ਜੀ.) ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਤੇਜ਼ੀ ਨਾਲ ਵੀ ਬਾਜ਼ਾਰ ਨੂੰ ਸਮਰਥਨ ਮਿਲਿਆ।" ਹਾਲਾਂਕਿ, ਬਾਜ਼ਾਰ ਵਿਚ ਤੇਜ਼ੀ ਚੌਤਰਫਾ ਨਹੀਂ ਸੀ। ਉੱਥੇ ਹੀ, ਏਸ਼ੀਆਈ ਦੇ ਬਾਜ਼ਾਰਾਂ ਵਿਚ ਸ਼ੰਘਾਈ, ਹਾਂਗਕਾਂਗ ਤੇ ਕੋਸਪੀ ਨੁਕਸਾਨ ਵਿਚ ਰਹੇ, ਜਦੋਂ ਕਿ ਟੋਕਿਓ ਦੇ ਬਾਜ਼ਾਰ ਵਿਚ ਤੇਜ਼ੀ ਸੀ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਦੁਪਹਿਰ ਸਮੇਂ ਸਕਾਰਾਤਮ ਰੁਖ਼ ਸੀ। 


Sanjeev

Content Editor

Related News