FPI ਨੇ ਮਾਰਚ ''ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ ''ਚੋਂ 7,013 ਕਰੋੜ ਰੁਪਏ ਕੱਢੇ

3/14/2021 12:47:42 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਤੋਂ 7,013 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਬਾਂਡ 'ਤੇ ਯੀਲਡ ਵਧਣ ਵਿਚਕਾਰ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ਵਿਚੋਂ ਮੁਨਾਫਾਵਸੂਲੀ ਕੀਤੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ, 1 ਤੋਂ 12 ਮਾਰਚ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ਵਿਚੋਂ 531 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ਵਿਚੋਂ 6,482 ਕਰੋੜ ਰੁਪਏ ਕੱਢੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 7,013 ਕਰੋੜ ਰੁਪਏ ਰਹੀ।

ਇਸ ਤੋਂ ਪਹਿਲਾਂ ਫਰਵਰੀ ਵਿਚ ਐੱਫ. ਪੀ. ਆਈ. ਨੇ ਭਾਰਤੀ ਪੂੰਜੀ ਬਾਜ਼ਾਰਾਂ ਵਿਚ 23,663 ਕਰੋੜ ਰੁਪਏ ਅਤੇ ਜਨਵਰੀ ਵਿਚ 14,649 ਕਰੋੜ ਰੁਪਏ ਪਾਏ ਸਨ।

ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਸ਼ੇਅਰਾਂ ਵਿਚ ਹਾਲ ਵਿਚ ਤੇਜ਼ੀ ਘਟੀ ਹੈ। ਇਸ ਦੀ ਮੁੱਖ ਵਜ੍ਹਾ ਬਾਜ਼ਾਰ ਦੇ ਉੱਚ ਪੱਧਰ 'ਤੇ ਹੋਣ ਵਿਚਕਾਰ ਮੁਨਾਫਾਵਸੂਲੀ ਹੈ।'' ਜਿਯੋਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੈ ਕੁਮਾਰ ਨੇ ਕਿਹਾ, ''ਡਾਲਰ ਸੂਚਕ ਅੰਕ 92 ਤੋਂ ਉੱਪਰ ਪਹੁੰਚ ਗਿਆ ਹੈ ਅਤੇ ਨਾਲ ਹੀ ਅਮਰੀਕਾ ਵਿਚ 10 ਸਾਲ ਦੇ ਬਾਂਡ ਦੀ ਯੀਲਡ ਵਧੀ ਹੈ, ਜਿਸ ਕਾਰਨ ਧਾਰਨਾ ਪ੍ਰਭਾਵਿਤ ਹੋਈ ਹੈ। ਇਹ ਮੁਨਾਫਾਵਸੂਲੀ ਦੀ ਮੁੱਖ ਵਜ੍ਹਾ ਹੈ।'' ਗ੍ਰੋ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਹਰਸ਼ ਜੈਨ ਨੇ ਕਿਹਾ, ''ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਸ਼ੇਸ਼ ਤੌਰ 'ਤੇ ਨਿਫਟੀ 50 ਵਿਚ ਐੱਫ. ਪੀ. ਆਈ. ਦੀ ਹਿੱਸੇਦਾਰੀ ਪੰਜ ਸਾਲਾਂ ਦੇ ਉੱਚੇ ਪੱਧਰ 'ਤੇ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਨੇੜਲੇ ਭਵਿੱਖ ਵਿਚ ਭਾਰਤੀ ਅਰਥਵਿਵਸਥਾ ਤੋਂ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ।''
 


Sanjeev

Content Editor Sanjeev