ਸ਼ੁੱਕਰਵਾਰ US ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ 160 ਅੰਕ ਡਿੱਗਾ

09/21/2019 12:59:06 PM

ਵਾਸ਼ਿੰਗਟਨ— ਯੂ. ਐੱਸ.-ਚੀਨ ਵਿਚਕਾਰ ਵਪਾਰ ਡੀਲ ਦੀ ਤਸਵੀਰ ਫਿਲਹਾਲ ਧੁੰਦਲੀ ਨਜ਼ਰ ਆ ਰਹੀ ਹੈ, ਜਿਸ ਕਾਰਨ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ। ਡਾਓ ਜੋਂਸ ਜਿੱਥੇ 160 ਅੰਕ ਯਾਨੀ 0.6 ਫੀਸਦੀ ਡਿੱਗ ਕੇ 26,935.07 ਦੇ ਪੱਧਰ 'ਤੇ ਜਾ ਪੁੱਜਾ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਵੀ 0.5 ਫੀਸਦੀ ਸਲਿੱਪ ਕਰਕੇ ਵਾਪਸ 3,000 ਤੋਂ ਥੱਲ੍ਹੇ 2,992.09 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ ਵੀ 0.8 ਫੀਸਦੀ ਦੀ ਗਿਰਾਵਟ ਨਾਲ 8,117.67 ਦੇ ਪੱਧਰ 'ਤੇ ਬੰਦ ਹੋਇਆ।



ਪਿਛਲੇ ਤਿੰਨ ਹਫਤੇ ਮਜਬੂਤ ਰਹਿਣ ਮਗਰੋਂ ਇਹ ਹਫਤਾ ਤਿੰਨੋਂ ਪ੍ਰਮੁਖ ਸੂਚਕਾਂ ਲਈ ਖਰਾਬ ਰਿਹਾ। ਡਾਓ ਨੇ ਹਫਤਵਾਰੀ 1.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਦੋਂ ਕਿ ਨੈਸਡੈਕ 0.7 ਫੀਸਦੀ ਕਮਜ਼ੋਰ ਰਿਹਾ। ਉੱਥੇ ਹੀ, ਐੱਸ. ਐਂਡ ਪੀ.-500 ਇਸ ਹਫਤੇ ਪਿਛਲੀ ਵਾਰ ਨਾਲੋਂ 0.5 ਫੀਸਦੀ ਘੱਟ ਹੈ।

ਜ਼ਿਕਰਯੋਗ ਹੈ ਕਿ ਚੀਨੀ ਵਫਦ ਵੱਲੋਂ ਯੂ. ਐੱਸ. ਦੀ ਯਾਤਰਾ ਰੱਦ ਕਰਨ ਮਗਰੋਂ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ। ਇਸ ਵਫਦ ਨੇ ਮੋਨਟਾਨਾ ਫਾਰਮਾਂ ਦਾ ਦੌਰਾ ਕਰਨਾ ਸੀ। ਇਹ ਦੌਰਾ ਉਸ ਵਕਤ ਰੱਦ ਹੋਇਆ ਹੈ ਜਦੋਂ ਹਾਲ ਹੀ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਚੀਨ ਦੁਵੱਲੇ ਵਪਾਰ ਸਮਝੌਤੇ ਨੂੰ ਦੁਰਸਤ ਕਰਨ ਯੂ. ਐੱਸ. ਦੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਵਧਾਏਗਾ। ਨਿਵੇਸ਼ਕਾਂ ਨੇ ਇਸ ਤੋਂ ਇਹ ਸੰਕੇਤ ਲਿਆ ਕਿ ਦੋਵੇਂ ਦੇਸ਼ ਵਪਾਰ ਸਮਝੌਤੇ 'ਤੇ ਪਹੁੰਚਣ ਦੇ ਨੇੜੇ ਨਹੀਂ ਹਨ। ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ 2018 ਤੋਂ ਵਪਾਰ ਯੁੱਧ ਚੱਲ ਰਿਹਾ ਹੈ। ਇਸ ਨਾਲ ਨਾ ਸਿਰਫ ਕਾਰੋਬਾਰਾਂ ਅਤੇ ਖਪਤਕਾਰਾਂ ਦੀ ਭਾਵਨਾ ਨੂੰ ਪ੍ਰਭਾਵਿਤ ਹੋਈ ਹੈ ਸਗੋਂ ਵਿੱਤੀ ਬਾਜ਼ਾਰ ਵੀ ਲੰਮੇ ਸਮੇਂ ਤੋਂ ਗੋਤਾ ਖਾ ਰਹੇ ਹਨ।


Related News