ਜਵੇਰੇਵ ਨੇ ਕ੍ਰਿਗੀਓਸ ਨੂੰ ਕੀਤਾ ਬਾਹਰ

03/29/2018 2:46:48 AM

ਮਿਆਮੀ— ਜਰਮਨੀ ਦੇ ਨੌਜਵਾਨ ਸਟਾਰ ਅਲੈਕਜ਼ੈਂਡਰ ਜਵੇਰੇਵ ਨੇ ਆਸਟਰੇਲੀਆ ਦੇ 'ਬੈਡ ਬੁਆਏ' ਨਿਕ ਕ੍ਰਿਗੀਓਸ ਨੂੰ ਲਗਾਤਾਰ ਸੈੱਟਾਂ 'ਚ 6-4, 6-4 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
20 ਸਾਲ ਦਾ ਜਰਮਨ ਖਿਡਾਰੀ ਕਰੀਅਰ ਦੇ ਤੀਸਰੇ ਮਾਸਟਰਸ ਟੂਰਨਾਮੈਂਟ ਨੂੰ ਜਿੱਤਣ ਲਈ ਖੇਡ ਰਿਹਾ ਹੈ ਅਤੇ ਆਖਰੀ-8 ਵਿਚ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨਾਲ ਭਿੜੇਗਾ, ਜਿਸ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 3 ਸੈੱਟਾਂ ਦੇ ਸੰਘਰਸ਼ 'ਚ 7-6, 4-6, 6-4 ਨਾਲ ਹਰਾਇਆ। ਚੌਥੀ ਸੀਡ ਜਵੇਰੇਵ ਨੇ ਆਪਣੇ ਸ਼ੁਰੂਆਤੀ 2 ਰਾਊਂਡ 'ਚ 3 ਸੈੱਟਾਂ ਦੇ ਮੈਚ ਖੇਡੇ ਪਰ ਆਸਟਰੇਲੀਆਈ ਖਿਡਾਰੀ ਨੂੰ ਚੌਥੇ ਰਾਊਂਡ ਵਿਚ ਲਗਾਤਾਰ ਸੈੱਟਾਂ ਵਿਚ ਹਰਾ ਕੇ ਬਾਹਰ ਕਰ ਦਿੱਤਾ। ਕ੍ਰਿਗੀਓਸ ਪਿਛਲੇ 2 ਸਾਲਾਂ ਵਿਚ ਮਿਆਮੀ ਵਿਚ ਸੈਮੀਫਾਈਨਲ ਤੱਕ ਹੀ ਪਹੁੰਚ ਸਕਿਆ ਹੈ।
ਇਸ ਤੋਂ ਇਲਾਵਾ ਅਮਰੀਕਾ ਦੇ ਜਾਨ ਇਸਨਰ ਨੇ ਦੂਸਰੀ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 7-6, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਹੁਣ ਉਹ 19ਵੀਂ ਸੀਡ ਦੱਖਣੀ ਕੋਰੀਆ ਦੇ ਚੁੰਗ ਹਿਓਨ ਨਾਲ ਭਿੜੇਗਾ, ਜਿਸ ਨੇ ਜੋਓ ਸੋਸਾ ਨੂੰ ਆਸਾਨੀ ਨਾਲ 6-4, 6-3 ਨਾਲ ਹਰਾਇਆ। ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੇ ਫਿਲਿਪ ਕ੍ਰਾਜੀਨੋਵਿਚ ਨੂੰ 6-4, 6-2 ਨਾਲ ਹਰਾ ਕੇ ਲਗਾਤਾਰ 14ਵੀਂ ਜਿੱਤ ਆਪਣੇ ਨਾਂ ਕੀਤੀ। ਉਹ ਇੰਡੀਅਨ ਵੇਲਸ ਵਿਚ ਜੇਤੂ ਰਿਹਾ ਸੀ। ਅਗਲੇ ਰਾਊਂਡ ਵਿਚ ਉਹ ਮਿਲੋਸ ਰਾਓਨਿਕ ਨਾਲ ਭਿੜੇਗਾ, ਜਿਸ ਨੇ ਜੇਰੇਮੀ ਚਾਰਡੀ ਨੂੰ 6-3, 6-4 ਨਾਲ ਹਰਾਇਆ। ਸਪੇਨ ਦੇ ਪਾਬਲੋ ਕਾਰੀਨੋ ਬੁਸਤਾ ਨੇ ਹਮਵਤਨ ਫਰਨਾਂਡੋ ਵਰਦਾਸਕੋ ਨੂੰ 6-0, 6-3 ਨਾਲ ਹਰਾ ਕੇ ਕਰੀਅਰ ਦੇ ਦੂਸਰੇ ਮਾਸਟਰਸ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਬੁਸਤਾ ਹੁਣ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਖਿਲਾਫ ਖੇਡੇਗਾ, ਜਿਸ ਨੇ 20 ਸਾਲ ਦੇ ਅਮਰੀਕੀ ਖਿਡਾਰੀ ਫ੍ਰਾਂਸਿਸ ਟਿਆਫੋ ਨੂੰ 7-6, 6-4 ਨਾਲ ਹਰਾਇਆ।


Related News