ਪਿਟਬੁੱਲ ਕੁੱਤੇ ਨੇ ਘਰ ਦੇ ਬਾਹਰ ਖੜ੍ਹੇ ਗੁਆਂਢੀ ਨੂੰ ਵੱਢਿਆ, ਕੁੱਤੇ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ

Monday, Jun 24, 2024 - 11:29 AM (IST)

ਚੰਡੀਗੜ੍ਹ (ਸੁਸ਼ੀਲ) : ਧਨਾਸ ਵਿਖੇ ਘਰ ਦੇ ਬਾਹਰ ਖੜ੍ਹੇ ਇਕ ਵਿਅਕਤੀ ਨੂੰ ਗੁਆਂਢੀ ਦੇ ਪਿਟਬੁਲ ਕੁੱਤੇ ਨੇ ਵੱਢ ਲਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਵਿਅਕਤੀ ਦੀ ਲੱਤ ਪਿਟਬੁੱਲ ਦੇ ਮੂੰਹ ਤੋਂ ਛੁਡਾਈ ਅਤੇ ਉਸ ਨੂੰ ਹਸਪਤਾਲ ਲੈ ਗਏ। ਧਨਾਸ ਵਾਸੀ ਪ੍ਰੇਮ ਸਿੰਘ ਦੀ ਲੱਤ ’ਤੇ ਚਾਰ ਦੰਦਾਂ ਦੇ ਨਿਸ਼ਾਨ ਹਨ। ਕੁੱਤੇ ਦਾ ਮਾਲਕ ਰਜਿੰਦਰ ਸਿੰਘ ਗੁਆਂਢੀ ਦਾ ਇਲਾਜ ਕਰਵਾਉਣ ਲਈ ਰਾਜ਼ੀ ਹੋ ਗਿਆ ਪਰ ਬਾਅਦ ਵਿਚ ਉਸ ਨੇ ਇਨਕਾਰ ਕਰ ਦਿੱਤਾ।

ਜਾਂਚ ਵਿਚ ਸਾਹਮਣੇ ਆਇਆ ਕਿ ਰਜਿੰਦਰ ਸਿੰਘ ਨੇ ਆਪਣੇ ਘਰ ਵਿਚ ਦੋ ਪਿੱਟਬੁਲ ਰੱਖੇ ਹੋਏ ਸਨ, ਜਿਨ੍ਹਾਂ ’ਤੇ ਪ੍ਰਸ਼ਾਸਨ ਵੱਲੋਂ ਪਾਬੰਦੀ ਲਾਈ ਹੋਈ ਹੈ। ਜ਼ਖਮੀ ਪ੍ਰੇਮ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਸਾਰੰਗਪੁਰ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਜ਼ਖਮੀ ਪ੍ਰੇਮ ਸਿੰਘ ਦੀ ਸ਼ਿਕਾਇਤ ’ਤੇ ਪਿੱਟਬੁਲ ਮਾਲਕ ਪ੍ਰੇਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਧਨਾਸ ਵਾਸੀ ਪ੍ਰੇਮ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ 12 ਜੂਨ ਨੂੰ ਆਪਣੇ ਘਰ ਦੇ ਬਾਹਰ ਖੜ੍ਹਾ ਸੀ।

ਇਸੇ ਦੌਰਾਨ ਗੁਆਂਢੀ ਰਾਜਿੰਦਰ ਸਿੰਘ ਆਪਣੇ ਦੋ ਪਾਲਤੂ ਪਿਟਬੁੱਲ ਕੁੱਤੇ ਲੈ ਆਇਆ। ਇਨ੍ਹਾਂ ’ਚੋਂ ਇਕ ਪਿਟਬੁੱਲ ਜਿਵੇਂ ਹੀ ਉਸ ਦੇ ਨੇੜੇ ਆਇਆ ਤਾਂ ਉਸ ਦੀ ਲੱਤ ਫੜ੍ਹ ਲਈ। ਜਦੋਂ ਉਸ ਨੇ ਉੱਚੀ-ਉੱਚੀ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਬੜੀ ਮੁਸ਼ਕਲ ਨਾਲ ਪਿਟਬੁੱਲ ਦੇ ਮੂੰਹ ਤੋਂ ਲੱਤ ਛੁਡਾਈ। ਕੁੱਤੇ ਦੇ ਦੰਦ ਲੱਗਣ ਕਾਰਨ ਪੈਰ ’ਚੋਂ ਖੂਨ ਨਿਕਲਣ ਲੱਗਾ। ਹਸਪਤਾਲ ਜਾ ਕੇ ਇਲਾਜ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਲੱਤ ਵਿਚ ਪਿਟਬੁੱਲ ਦੇ ਵਿਚ ਚਾਰ ਦੰਦ ਲੱਗੇ ਹਨ। ਪ੍ਰੇਮ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ’ਚ ਸਾਹਮਣੇ ਆਇਆ ਕਿ ਪ੍ਰੇਮ ਸਿੰਘ ਨੂੰ ਵੱਢਣ ਵਾਲੇ ਕੁੱਤੇ ਨੂੰ ਰੱਖਣ ’ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾਈ ਹੋਈ ਹੈ। ਪੁਲਸ ਨੇ ਜ਼ਖ਼ਮੀ ਪ੍ਰੇਮ ਸਿੰਘ ਦੀ ਸ਼ਿਕਾਇਤ ’ਤੇ ਪਿੱਟਬੁਲ ਦੇ ਮਾਲਕ ਪ੍ਰੇਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 


Babita

Content Editor

Related News