ਮੇਰੀ ਆਲਟਾਇਮ ਵਨ ਡੇ ਇਲੈਵਨ ''ਚ ਹਮੇਸ਼ਾ ਰਹੇਗਾ ਯੁਵਰਾਜ : ਕਪਿਲ ਦੇਵ
Wednesday, Jun 12, 2019 - 08:59 PM (IST)
ਨਵੀਂ ਦਿੱਲੀ — ਦੁਨੀਆ ਦੇ ਦਿੱਗਜ ਕ੍ਰਿਕਟਰਾਂ ਨੂੰ ਜਦੋਂ ਵੀ ਆਲਟਾਇਮ ਵਨ ਡੇ ਇਲੈਵਨ ਬਣਾਉਣ ਦੇ ਲਈ ਕਿਹਾ ਜਾਂਦਾ ਹੈ ਤਾਂ ਭਾਰਤ ਵਲੋਂ ਪਹਿਲਾਂ ਸਚਿਨ ਤੇਂਦੁਲਕਰ ਤੇ ਫਿਰ ਵਿਰਾਟ ਕੋਹਲੀ ਦਾ ਨਾਂ ਇਸ 'ਚ ਸ਼ਾਮਲ ਹੁੰਦਾ ਹੈ ਪਰ ਭਾਰਤ ਦੇ ਮਹਾਨਤਮ ਆਲਰਾਊਡਰ ਕਪਿਲ ਦੇਵ ਦਾ ਕਹਿਣਾ ਹੈ ਕਿ ਉਸਦੀ ਆਲਟਾਇਮ ਵਨ ਡੇ ਇਲੈਵਨ 'ਚ ਆਲਰਾਊਂਡਰ ਯੁਵਰਾਜ ਸਿੰਘ ਦਾ ਨਾਂ ਜ਼ਰੂਰ ਹੋਵੇਗਾ।
ਭਾਰਤੀ ਕ੍ਰਿਕਟ ਟੀਮ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਦਾ ਕਹਿਣਾ ਹੈ ਕਿ ਦਿੱਗਜ ਹਰਫ਼ਨਮੌਲਾ ਯੁਵਰਾਜ ਸਿੰਘ ਨੂੰ ਮੈਦਾਨ 'ਤੇ ਵਿਦਾਈ ਮਿਲਣੀ ਚਾਹੀਦੀ ਹੈ। ਕਪਿਲ ਨੇ ਯੁਵਰਾਜ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਆਪਣੀ ਹਰਫ਼ਨਮੌਲਾ ਵਨ ਡੇ ਟੀਮ ਚੁਣਨਗੇ ਤਾਂ ਉਸ ਵਿਚ ਯੁਵਰਾਜ ਦੀ ਥਾਂ ਪੱਕੀ ਹੈ। ਸੀਮਿਤ ਓਵਰਾਂ ਦੀ ਕ੍ਰਿਕਟ 'ਚ ਭਾਰਤ ਦੇ ਬਿਹਤਰੀਨ ਹਰਫ਼ਨਮੌਲਾ ਖਿਡਾਰੀਆਂ ਵਿਚ ਸ਼ਾਮਲ ਯੁਵਰਾਜ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਕਪਿਲ ਨੇ ਇਕ ਪ੍ਰਰੋਗਰਾਮ ਵਿਚ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਯੁਵਰਾਜ ਬਹੁਤ ਬਿਹਤਰੀਨ ਕ੍ਰਿਕਟਰ ਹਨ। ਕਪਿਲ ਨੇ ਕਿਹਾ ਕਿ ਯੁਵਰਾਜ ਵਰਗੇ ਖਿਡਾਰੀ ਨੂੰ ਮੈਦਾਨ 'ਤੇ ਵਿਦਾਈ ਮਿਲਣੀ ਚਾਹੀਦੀ ਹੈ। ਮੈਂ ਇਹ ਦੇਖਣਾ ਚਾਹਾਂਗਾ ਕਿਉਂਕਿ ਉਨ੍ਹਾਂ ਨੇ ਸ਼ਾਨਦਾਰ ਕ੍ਰਿਕਟ ਖੇਡੀ ਹੈ। ਸਾਨੂੰ ਦੇਸ਼ ਵਿਚ ਯੁਵਰਾਜ ਵਰਗੇ ਆਗੂ ਚਾਹੀਦੇ ਹਨ ਕਿਉਂਕਿ ਆਉਣ ਵਾਲੀ ਪੀੜ੍ਹੀ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੀ ਹੈ ਤੇ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਜੋ ਵੀ ਸਫ਼ਲਾਤਾਵਾਂ ਹਾਸਿਲ ਕੀਤੀਆਂ, ਉਸ ਲਈ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦਾ ਹਾਂ।
ਭਾਰਤ ਦੇ ਸਾਬਕਾ ਕਪਤਾਨ ਨੇ ਨਾਲ ਹੀ ਕਿਹਾ ਕਿ ਸ਼ਿਖਰ ਧਵਨ ਦਾ ਜ਼ਖ਼ਮੀ ਹੋਣਾ ਦੁੱਖ ਦੀ ਗੱਲ ਹੈ ਪਰ ਚੋਣਕਾਰ ਤੇ ਟੀਮ ਮੈਨੇਜਮੈਂਟ ਜਿਸ ਖਿਡਾਰੀ ਨੂੰ ਉਨ੍ਹਾਂ ਦੀ ਥਾਂ ਚੁਣਨਗੇ ਉਹ ਯਕੀਨੀ ਤੌਰ 'ਤੇ ਹੀ ਚੰਗਾ ਹੋਵੇਗਾ। ਕਪਿਲ ਨੇ ਕਿਹਾ ਕਿ ਮੈਂ ਨਕਾਰਾਤਮਕ ਨਹੀਂ ਸੋਚਦਾ। ਧਵਨ ਨਹੀਂ ਹਨ ਤਾਂ ਕੁਝ ਨਹੀਂ ਕਰ ਸਕਦੇ। ਅਗਲਾ ਜੋ ਖਿਡਾਰੀ ਆਵੇਗਾ ਉਹ ਚੰਗਾ ਹੀ ਹੋਵੇਗਾ। ਸਾਨੂੰ ਸਕਾਰਾਤਮਕ ਸੋਚਣਾ ਚਾਹੀਦਾ ਹੈ। ਹਾਂ ਦੁੱਖ ਹੁੰਦਾ ਹੈ ਜਦ ਤੁਹਾਡਾ ਵੱਡਾ ਖਿਡਾਰੀ ਜ਼ਖ਼ਮੀ ਹੋ ਜਾਂਦਾ ਹੈ। ਥੋੜ੍ਹਾ ਜਿਹਾ ਮੁਸ਼ਕਲ ਸਮਾਂ ਹੋਵੇਗਾ ਪਰ ਜੋ ਆਏਗਾ ਉਹ ਚੰਗਾ ਹੋਵੇਗਾ।