ਪੰਜਾਬ ''ਚ ਬਿਜਲੀ ਖੇਤਰ ’ਚ ਬੇਮਿਸਾਲ ਵਿਕਾਸ ਦਾ ਸਾਲ ਰਿਹਾ 2024 : ਈ. ਟੀ. ਓ. ਹਰਭਜਨ ਸਿੰਘ
Monday, Dec 30, 2024 - 02:26 PM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਸਾਲ 2024 ਸੂਬੇ ਦੇ ਬਿਜਲੀ ਖੇਤਰ ’ਚ ਬੇਮਿਸਾਲ ਵਿਕਾਸ ਦਾ ਸਾਲ ਰਿਹਾ। ਸਾਲ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਜੀ. ਵੀ. ਕੇ. ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦਣ ਦੇ ਇਤਿਹਾਸਕ ਕਦਮ ਨਾਲ ਹੋਈ। ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖੇ ਗਏ ਇਸ ਥਰਮਲ ਪਲਾਂਟ ਦਾ ਲੋਡ ਫੈਕਟਰ ਇਸ ਸਾਲ ਦੌਰਾਨ 35 ਫ਼ੀਸਦੀ ਤੋਂ ਵਧਾ ਕੇ 77 ਫ਼ੀਸਦੀ ਕਰ ਦਿੱਤਾ ਗਿਆ, ਜਿਸ ਨਾਲ ਇਸ ਦੀ ਬਿਜਲੀ ਉਤਪਾਦਨ ਸਮਰੱਥਾ ਦੁੱਗਣੀ ਹੋ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਦਸੰਬਰ 2022 ਤੋਂ ਸ਼ੁਰੂ ਕੀਤੀ ਗਈ ਪਛਵਾੜਾ ਕੋਲਾ ਖਾਨ ਸੂਬੇ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ 1 ਅਪ੍ਰੈਲ, 2024 ਤੋਂ 1277 ਰੇਕਾਂ ਰਾਹੀਂ ਇਸ ਖਾਨ ਤੋਂ ਕੁੱਲ 50.84 ਲੱਖ ਮੀਟ੍ਰਿਕ ਟਨ ਕੋਲੇ ਦੀ ਪ੍ਰਾਪਤੀ ਹੋਈ, ਜਿਸ ਦੀ ਲਾਗਤ ਕੋਲ ਇੰਡੀਆ ਲਿਮਟਿਡ ਨਾਲੋਂ 11 ਕਰੋੜ ਪ੍ਰਤੀ 1 ਲੱਖ ਮੀਟ੍ਰਿਕ ਟਨ ਸਸਤੀ ਹੈ। ਇਸ ਦੇ ਨਤੀਜੇ ਵਜੋਂ ਸੂਬੇ ਨੂੰ ਵਿੱਤੀ ਸਾਲ ਦੌਰਾਨ 593 ਰੁਪਏ ਦੀ ਬਚਤ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਠੋਸ ਯਤਨਾਂ ਨਾਲ ਦਸੰਬਰ 2022 ’ਚ ਸ਼ੁਰੂ ਹੋਈ ਇਸ ਖਾਣ ਤੋਂ ਹੁਣ ਤੱਕ 93.87 ਲੱਖ ਮੀਟ੍ਰਿਕ ਟਨ ਕੋਲਾ ਪ੍ਰਾਪਤ ਕੀਤਾ ਗਿਆ ਹੈ, ਜਿਸ ਨਾਲ ਕੁੱਲ 1000 ਕਰੋੜ ਰੁਪਏ ਦੀ ਬਚਤ ਹੋਈ ਹੈ।
ਇਹ ਵੀ ਪੜ੍ਹੋ- ਜੈਗੁਆਰ 'ਚ ਜਾਂਦੀ ਬਰਾਤ ਕਿਸਾਨਾਂ ਨੇ ਲਈ ਰੋਕ, ਲਾੜੇ ਹੱਥ ਝੰਡਾ ਫੜਾ ਲਵਾ ਦਿੱਤੇ ਨਾਅਰੇ
ਪੰਜਾਬ ਸਰਕਾਰ ਨੇ ਸਾਫ਼ ਊਰਜਾ ’ਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। 1 ਅਪ੍ਰੈਲ ਤੋਂ 30 ਨਵੰਬਰ ਤਕ ਵਿਭਾਗ ਨੇ 2.52 ਤੇ ਰੁਪਏ 2.53 ਪ੍ਰਤੀ ਯੂਨਿਟ ਰੁਪਏ ਦੀਆਂ ਔਸਤ ਦਰਾਂ ’ਤੇ 1454 ਮੈਗਾਵਾਟ ਸੂਰਜੀ ਊਰਜਾ ਲਈ ਖ਼ਰੀਦ ਸਮਝੌਤੇ ’ਤੇ ਹਸਤਾਖਰ ਕੀਤੇ। ਮਾਰਚ 2022 ’ਚ ਸੱਤਾ ਸੰਭਾਲਣ ਤੋਂ ਬਾਅਦ ਸਰਕਾਰ ਨੇ 3704 ਮੈਗਾਵਾਟ ਸੂਰਜੀ ਊਰਜਾ ਲਈ ਸਮਝੌਤੇ ਕੀਤੇ ਹਨ। ਇਸ ਤੋਂ ਇਲਾਵਾ ਸੂਬੇ ਭਰ ’ਚ 430 ਮੈਗਾਵਾਟ ਰੂਫਟਾਪ ਸੋਲਰ ਲਾਏ ਗਏ ਹਨ।
ਇਹ ਵੀ ਪੜ੍ਹੋ- 'ਲਾਕਡਾਊਨ' ਹੋਇਆ ਪੰਜਾਬ, ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਕੁਝ ਬੰਦ
ਨੈਸ਼ਨਲ ਗਰਿੱਡ ਤੋਂ ਬਿਜਲੀ ਪ੍ਰਾਪਤ ਕਰਨ ਲਈ ਟਰਾਂਸਮਿਸ਼ਨ ਸਮਰੱਥਾ 9000 ਮੈਗਾਵਾਟ ਤੋਂ ਵਧਾ ਕੇ 9800 ਮੈਗਾਵਾਟ ਕੀਤੀ ਗਈ, ਜੋ ਕਿ 2022 ’ਚ 7100 ਮੈਗਾਵਾਟ ਦੀ ਸਮਰੱਥਾ ਦੇ ਮੁਕਾਬਲੇ ਮਹੱਤਵਪੂਰਨ ਵਾਧਾ ਹੈ। ਸਰਕਾਰ ਵਲੋਂ 5 ਨਵੇਂ 66 ਕੇ.ਵੀ. ਸਬ-ਸਟੇਸ਼ਨ ਚਾਲੂ ਕੀਤੇ ਗਏ ਤੇ 14 ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਦਾ ਵਿਸਤਾਰ ਕਰ ਕੇ 66 ਕੇ.ਵੀ. ਟਰਾਂਸਮਿਸ਼ਨ ’ਚ 780 ਮੈਗਾਵਾਟ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ 27 ਕਿਲੋਮੀਟਰ ਲੰਬੀਆਂ 66 ਕੇ. ਵੀ. ਟਰਾਂਸਮਿਸ਼ਨ ਲਾਈਨਾਂ ਨੂੰ ਜੋੜਿਆ ਗਿਆ ਤੇ 400 ਕੇ.ਵੀ., 220 ਕੇ.ਵੀ. ਜਾਂ 132 ਕੇ.ਵੀ. ਦੇ 28 ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਗਈ ਜਾਂ ਨਵੇਂ ਟਰਾਂਸਫਾਰਮਰ ਲਾਏ ਗਏ, ਜਿਸ ਨਾਲ ਇਸ ਟਰਾਂਸਮਿਸ਼ਨ ਸਮਰੱਥਾ ’ਚ ਕੁੱਲ 2591 ਐੱਮ. ਵੀ. ਏ. ਦਾ ਵਾਧਾ ਹੋਇਆ। ਰੋਪੜ ’ਚ ਇਕ ਨਵਾਂ 400 ਕੇ. ਵੀ. ਸਬ-ਸਟੇਸ਼ਨ ਚਾਲੂ ਕੀਤਾ ਗਿਆ ਹੈ ਤੇ ਗੁਰਦਾਸਪੁਰ ’ਚ 132 ਕੇ. ਵੀ. ਸਬ-ਸਟੇਸ਼ਨ ਨੂੰ 220 ਕੇ.ਵੀ. ਸਮਰੱਥਾ ਤਕ ਅਪਗ੍ਰੇਡ ਕੀਤਾ ਗਿਆ ਹੈ।
1 ਅਪ੍ਰੈਲ ਤੋਂ ਹੁਣ ਤਕ ਪੀ. ਐੱਸ. ਪੀ. ਸੀ. ਐੱਲ. ਤੇ ਪੀ. ਐੱਸ. ਟੀ. ਸੀ. ਐੱਲ. ’ਚ 1351 ਨੌਜਵਾਨਾਂ ਦੀ ਭਰਤੀ ਕੀਤੀ ਗਈ ਹੈ। ਮਾਰਚ 2022 ਤੋਂ ਲੈ ਕੇ ਹੁਣ ਤੱਕ ਪੀ.ਐੱਸ. ਪੀ. ਸੀ. ਐੱਲ. ਤੇ ਪੀ. ਐੱਸ. ਟੀ. ਸੀ. ਐੱਲ. ’ਚ ਕੁੱਲ੍ਹ 6498 ਅਸਾਮੀਆਂ ਵਿਰੁੱਧ ਭਰਤੀਆਂ ਕੀਤੀਆਂ ਗਈਆਂ । ਬਿਜਲੀ ਵੰਡ ਢਾਂਚੇ ’ਚ ਹੋਰ ਸੁਧਾਰ ਕਰਨ ਲਈ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ. ਐੱਸ. ਐੱਸ.) ਤਹਿਤ 9,563 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਵਿਚੋਂ 60 ਫ਼ੀਸਦੀ ਗ੍ਰਾਂਟ ਭਾਰਤ ਸਰਕਾਰ ਤੋਂ ਪ੍ਰਾਪਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਪੰਜਾਬ ਬੰਦ' ਦੌਰਾਨ ਭਖਿਆ ਮਾਹੌਲ, ਇਸ ਜ਼ਿਲ੍ਹੇ 'ਚ ਵਧਾਈ ਗਈ ਸੁਰੱਖਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e