GT20 : ਯੁਵਰਾਜ ਨੇ ਫਿਰ ਖੇਡੀ ਤੂਫਾਨੀ ਪਾਰੀ ਪਰ ਆਖਰੀ ਗੇਂਦ 'ਤੇ ਹਾਰੀ ਟੀਮ

07/30/2019 1:14:08 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਜਲਵਾ ਹੁਣ ਵੀ ਕਾਇਮ ਹੈ। ਸੰਨਿਆਸ ਤੋਂ ਬਾਅਦ ਗਲੋਬਲ ਟੀ-20 ਕੈਨੇਡਾ ਲੀਗ ਖੇਡ ਰਹੇ ਯੁਵੀ ਉੱਥੇ ਹਰ ਦੂਜੇ ਦਿਨ ਕਮਾਲ ਕਰ ਰਹੇ ਹਨ। ਸੋਮਵਾਰ ਨੂੰ ਉਸ ਨੇ ਫਿਰ ਇਕ ਵਾਰ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਧੌਂਸ ਬਣਾ ਕੇ ਰੱਖੀ। ਟੋਰੰਟੋ ਨੈਸ਼ਨਲਸ ਵੱਲੋਂ ਵਿਨੀਪੇਗ ਹਾਕਸ ਖਿਲਾਫ ਖੇਡਦਿਆਂ ਉਸਨੇ ਸਿਰਫ 26 ਗੇਂਦਾਂ 'ਤੇ 45 ਦੌੜਾਂ ਠੋਕ ਦਿੱਤੀਆਂ। ਯੁਵੀ ਨੇ ਆਪਣੀ ਇਸ ਪਾਰੀ ਵਿਚ 2 ਛੱਕੇ ਅਤੇ 4 ਚੌਕੇ ਵੀ ਲਗਾਏ ਪਰ ਉਹ ਅਰਧ ਸੈਂਕੜਾ ਲਗਾਉਣ ਤੋਂ ਖੁੰਝ ਗਏ। ਟੂਰਨਾਮੈਂਟ ਦੇ 7ਵੇਂ ਮੈਚ ਵਿਚ ਸਾਬਕਾ ਭਾਰਤੀ ਆਲਰਾਊਂਡਰ ਦੀ ਪਾਰੀ ਦੇ ਦਮ 'ਤੇ ਟੋਰੰਟੋ ਨੇ 217 ਦੌੜਾਂ ਦਾ ਟੀਚਾ ਰੱਖਿਆ। ਯੁਵਰਾਜ ਦੀ ਬਿਹਤਰੀਨ ਬੱਲੇਬਾਜ਼ੀ ਦੇ ਬਾਵਜੂਦ ਟੋਰੰਟੋ ਨੂੰ ਆਖਰੀ ਗੇਂਦ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਹਾਕਸ ਨੇ ਆਖਰੀ ਗੇਂਦ 'ਤੇ ਯੁਵੀ ਦੀ ਟੀਮ ਨੂੰ 3 ਵਿਕਟਾਂ ਨਾਲ ਹਰਾਇਆ। ਯੁਵੀ ਨੇ ਬੱਲੇਬਾਜ਼ੀ ਵਿਚ ਕਮਾਲ ਦਿਖਾਉਣ ਤੋਂ ਇਲਾਵਾ 2 ਓਵਰ ਵੀ ਸੁੱਟੇ, ਜਿਸ ਵਿਚ ਉਸਨੇ 18 ਦੌੜਾਂ ਦਾ ਕੇ 1 ਵਿਕਟ ਵੀ ਹਾਸਲ ਕੀਤੀ।

PunjabKesari

ਇਸ ਤੋਂ ਪਹਿਲਾਂ ਵਿਨੀਪੇਗ ਹਾਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਇਹ ਫੈਸਲਾ ਗੇਂਦਬਾਜ਼ਾਂ ਨੇ ਸ਼ੁਰੂਆਤੀ 5 ਓਵਰਾਂ ਵਿਚ ਹੀ ਸਹੀ ਸਾਬਤ ਕਰ ਦਿੱਤਾ। ਚਿਰਾਗ ਸੂਰੀ ਅਤੇ ਹੈਨਰਿਕ ਕਲਾਸੇਨ ਜਲਦੀ ਹੀ ਆਪਣੀ ਵਿਕਟ ਗੁਆ ਬੈਠੇ ਸੀ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਰੋਡ੍ਰਿਗੋ ਥਾਮਸ ਨੂੰ ਕਪਤਾਨ ਯੁਵਰਾਜ ਸਿੰਘ ਦਾ ਸਾਥ ਮਿਲਿਆ ਅਤੇ ਇਨ੍ਹਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਮਦਦ ਨਾਲ ਟੋਰੰਟੋ ਨੇ 29 ਓਵਰਾਂ ਵਿਚ ਹਾਕਸ ਨੂੰ 217 ਦਾ ਟੀਚਾ ਦਿੱਤਾ, ਜਿਸ ਨੂੰ ਹਾਕਸ ਟੀਮ ਨੇ 7 ਵਿਕਟਾਂ ਗੁਆ ਕੇ ਆਖਰੀ ਗੇਂਦ ਵਿਚ ਹਾਸਲ ਕਰ ਕੇ ਮੈਚ ਆਪਣੇ ਨਾਂ ਕਰ ਲਿਆ।


Related News