ਡੇਰਾ ਬਿਆਸ ਮੁਖੀ ਫਿਰ ਕਰਨਗੇ ਬਿਕਰਮ ਮਜੀਠੀਆ ਨਾਲ ਜੇਲ੍ਹ ‘ਚ ਮੁਲਾਕਾਤ!
Friday, Jan 30, 2026 - 08:51 PM (IST)
ਵੈੱਬ ਡੈਸਕ - ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਨਾਭਾ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ਼ ਮੁਲਾਕਾਤ ਕਰਨ ਜਾ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ 2 ਫ਼ਰਵਰੀ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਜੇਲ੍ਹ ਜਾਣਗੇ, ਜਿੱਥੇ ਮਜੀਠੀਆ ਨਾਲ ਮੁਲਾਕਾਤ ਦਾ ਸਮਾਂ ਤੈਅ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਹ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਗਏ ਸਨ ਅਤੇ ਲੰਬੀ ਮੁਲਾਕਾਤ ਹੋਈ ਸੀ। ਉਸ ਮੁਲਾਕਾਤ ਤੋਂ ਬਾਅਦ ਮਜੀਠੀਆ ਨੇ ਬਾਕਾਇਦਾ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਪੋਸਟ ਪਾ ਕੇ ਡੇਰਾ ਮੁਖੀ ਦਾ ਧੰਨਵਾਦ ਵੀ ਕੀਤਾ ਸੀ।
ਇਹ ਵੀ ਸੱਚ ਹੈ ਕਿ ਮਜੀਠੀਆ ਦੇ ਨਾਲ ਡੇਰਾ ਬਿਆਸ ਮੁਖੀ ਦੀ ਪਿਛਲੀ ਮੁਲਾਕਾਤ ਕੁਝ ਸਿਆਸੀ ਜਮਾਤਾਂ ਨੂੰ ਰਾਸ ਨਹੀਂ ਸੀ ਆਈ ਪਰ ਡੇਰਾ ਮੁਖੀ ਨੇ ਕਿਸੇ ਸਿਆਸੀ ਧਿਰ ਦੀ ਪ੍ਰਵਾਹ ਨਹੀਂ ਸੀ ਕੀਤੀ ਅਤੇ ਸਾਬਤ ਕਰ ਦਿੱਤਾ ਸੀ ਕਿ ਆਪਣੇ ਨਿੱਜੀ ਸੰਬੰਧਾਂ ਨੂੰ ਉਹ ਕਿਸ ਹੱਦ ਤੱਕ ਨਿਭਾਉਂਦੇ ਹਨ। ਹੁਣ ਜੇਕਰ ਇਹ ਦੂਜੀ ਮੁਲਾਕਾਤ ਹੁੰਦੀ ਹੈ ਤਾਂ ਡੇਰਾ ਮੁਖੀ ਬਾਰੇ ਇੱਕ ਗੱਲ ਤਾਂ ਪੱਕੀ ਹੋ ਜਾਵੇਗੀ ਕਿ ਉਹ ਜਿਸ ਸ਼ਖ਼ਸ ਨੂੰ ਮੁਹੱਬਤ ਕਰਦੇ ਹਨ, ਉਸ ਨਾਲ ਹਰ ਔਖੀ ਘੜੀ ‘ਚ ਖੜ੍ਹਦੇ ਵੀ ਹਨ, ਬੇਸ਼ੱਕ ਉਹ ਜੇਲ੍ਹ ਵਿੱਚ ਹੀ ਕਿਉਂ ਨਾ ਹੋਵੇ। ਦੱਸਣਯੋਗ ਹੈ ਕਿ ਮਜੀਠੀਆ ਨਾਲ ਉਹਨਾਂ ਦੀ ਰਿਸ਼ਤੇਦਾਰੀ ਵੀ ਪੈਂਦੀ ਹੈ।
