ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ: 4 ਹੋਰ ਭਾਰਤੀ ਮੁੱਕੇਬਾਜ਼ਾਂ ਨੇ ਤਮਗੇ ਕੀਤੇ ਪੱਕੇ
Wednesday, Nov 23, 2022 - 05:21 PM (IST)
ਨਵੀਂ ਦਿੱਲੀ (ਭਾਸ਼ਾ)- ਮੁਸਕਾਨ ਅਤੇ ਤਮੰਨਾ ਸਮੇਤ 4 ਭਾਰਤੀ ਮੁੱਕੇਬਾਜ਼ਾਂ ਨੇ ਸਪੇਨ ਦੇ ਲਾ ਨੁਸੀਆ ਵਿੱਚ ਜਾਰੀ ਪੁਰਸ਼ ਅਤੇ ਮਹਿਲਾਵਾਂ ਦੀ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣੇ ਤਮਗੇ ਪੱਕੇ ਕਰ ਲਏ ਹਨ, ਜਿਸ ਨਾਲ ਭਾਰਤ ਦੇ ਕੁੱਲ 11 ਤਮਗੇ ਹੋ ਗਏ ਹਨ। ਯੁਵਾ ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਕੀਰਤੀ (81 ਕਿਲੋਗ੍ਰਾਮ ਤੋਂ ਵੱਧ) ਅਤੇ ਦੇਵਿਕਾ ਘੋਰਪੜੇ (52 ਕਿਲੋਗ੍ਰਾਮ) ਹੋਰ ਦੋ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਆਖ਼ਰੀ-ਚਾਰ ਪੜਾਅ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਇਨ੍ਹਾਂ ਚਾਰ ਤਮਗਿਆਂ ਨਾਲ ਭਾਰਤ ਨੇ ਪਿਛਲੇ ਸੀਜ਼ਨ ਵਿੱਚ ਪੋਲੈਂਡ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ 11 ਤਮਗਿਆਂ ਦੇ ਆਪਣੇ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਹੈ।
ਤਮੰਨਾ ਨੇ ਭਾਰਤ ਲਈ ਦਿਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਔਰਤਾਂ ਦੇ 50 ਕਿਲੋਗ੍ਰਾਮ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਜੂਨੀ ਟੋਨੇਗਾਵਾ ਨੂੰ ਸਰਬਸੰਮਤੀ ਫ਼ੈਸਲੇ ਨਾਲ ਹਰਾਇਆ। ਦੇਵਿਕਾ ਨੇ ਜਰਮਨੀ ਦੀ ਆਸਿਆ ਏਰੀ ਦੇ ਖਿਲਾਫ 5-0 ਨਾਲ ਆਸਾਨ ਜਿੱਤ ਦਰਜ ਕੀਤੀ। ਮੁਸਕਾਨ (75 ਕਿਲੋਗ੍ਰਾਮ) ਅਤੇ ਕੀਰਤੀ ਆਪਣੇ-ਆਪਣੇ ਵਿਰੋਧੀ ਮੰਗੋਲੀਆ ਦੀ ਜ਼ੀਨਯੇਪ ਅਜਿਮਬਾਈ ਅਤੇ ਰੋਮਾਨੀਆ ਦੀ ਲਿਵੀਆ ਬੋਟਿਕਾ ਲਈ ਬਹੁਤ ਮਜ਼ਬੂਤ ਸਾਬਤ ਹੋਈਆਂ। ਇਨ੍ਹਾਂ ਦੋਵਾਂ ਨੂੰ ਬਾਊਟ ਸ਼ੁਰੂ ਹੋਣ ਦੇ ਤਿੰਨ ਮਿੰਟਾਂ ਦੇ ਅੰਦਰ ਹੀ 'ਰੈਫਰੀ ਸਟਾਪ ਦਿ ਕੋਨਟੈਸਟ' ਦੇ ਫ਼ੈਸਲੇ ਨਾਲ ਜੇਤੂ ਐਲਾਨਿਆ ਗਿਆ। ਇਸ ਦੌਰਾਨ, ਪ੍ਰੀਤੀ ਦਹੀਆ (57 ਕਿਲੋਗ੍ਰਾਮ), ਰਿਦਮ (92 ਕਿਲੋਗ੍ਰਾਮ ਤੋਂ ਵੱਧ) ਅਤੇ ਜਾਦੂਮਣੀ ਸਿੰਘ ਮਾਂਡੇਂਗਬਾਮ (51 ਕਿਲੋਗ੍ਰਾਮ) ਆਪਣੇ-ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।
