ਰੋਨਾਲਡੋ ਤੇ ਮੈਸੀ ਦੇ ਦਬਦਬੇ ਤੋਂ ਬਾਅਦ ਨਵੇਂ ਯੁਗ ਦੇ ਨੌਜਵਾਨ ਖਿਡਾਰੀ ਬੈਲਨ ਡੀ ਓਰ ਜਿੱਤਣ ਨੂੰ ਤਿਆਰ

Monday, Oct 28, 2024 - 11:31 AM (IST)

ਰੋਨਾਲਡੋ ਤੇ ਮੈਸੀ ਦੇ ਦਬਦਬੇ ਤੋਂ ਬਾਅਦ ਨਵੇਂ ਯੁਗ ਦੇ ਨੌਜਵਾਨ ਖਿਡਾਰੀ ਬੈਲਨ ਡੀ ਓਰ ਜਿੱਤਣ ਨੂੰ ਤਿਆਰ

ਮਾਨਚੈਸਟਰ (ਇੰਗਲੈਂਡ)– ਵਿਸ਼ਵ ਪੱਧਰੀ ਫੁੱਟਬਾਲ ਦੇ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਐਵਾਰਡ ‘ਬੈਲਨ ਡੀ ਓਰ’ ਦਾ ਆਯੋਜਨ ਜਦੋਂ ਸੋਮਵਾਰ ਨੂੰ ਹੋਵੇਗਾ ਤਾਂ ਪਿਛਲੇ ਕੁਝ ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਸ ਖੇਡ ਦੇ ਦੋ ਸਭ ਤੋਂ ਵੱਡੇ ਧਾਕੜਾਂ ਵਿਚ ਸ਼ਾਮਲ ਕ੍ਰਿਸਟਿਆਨੋ ਰੋਨਾਲਡੋ ਤੇ ਲਿਓਨਿਲ ਮੈਸੀ ਦਾਅਵੇਦਾਰਾਂ ਵਿਚ ਸ਼ਾਮਲ ਨਹੀਂ ਹੋਣਗੇ।

ਅਰਜਨਟੀਨਾ ਦੇ ਮੈਸੀ ਤੇ ਰੋਨਾਲਡੋ ਪਿਛਲੇ 16 ਸਾਲਾਂ ਵਿਚ 13 ਵਾਰ ਇਸ ਖਿਤਾਬ ਦੇ ਜੇਤੂ ਰਹੇ ਹਨ ਪਰ ਇਸ ਵਾਰ ਇਨ੍ਹਾਂ ਦੋਵਾਂ ਨੂੰ ਨਾਮਜ਼ਦਗੀ ਨਹੀਂ ਮਿਲੀ ਹੈ।

ਮੈਸੀ ਉਨ੍ਹਾਂ ਚੋਣਵੇਂ ਖਿਡਾਰੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਖਿਤਾਬ ਨੂੰ ਲਗਾਤਾਰ ਦੋ ਸਾਲ ਜਿੱਤਿਆ ਹੈ। ਉਸ ਨੇ 2022 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਆਪਣੇ ਰਿਕਾਰਡ ਵਿਚ ਸੁਧਾਰ ਕਰਦੇ ਹੋਏ 8ਵੀਂ ਵਾਰ ਇਸ ਨੂੰ ਜਿੱਤਿਆ ਸੀ। ਮੈਸੀ ਤੋਂ ਪਹਿਲਾਂ ਲਗਾਤਾਰ ਦੋ ਐਵਾਰਡ ਜਿੱਤਣ ਵਾਲਾ ਪਿਛਲਾ ਖਿਡਾਰੀ ਮਾਰਕੋ ਵੈਨ ਬਾਸਟੇਨ ਸੀ। ਨੀਦਰਲੈਂਡ ਦੇ ਇਸ ਖਿਡਾਰੀ ਨੇ 1988 ਤੇ 1989 ਵਿਚ ਬੈਲਨ ਡੀ ਓਰ ਨੂੰ ਆਪਣੇ ਨਾਂ ਕੀਤਾ ਸੀ।

ਇਸ ਖਿਤਾਬ ਨੂੰ ਲੈ ਕੇ ਮੈਸੀ ਤੇ ਰੋਨਾਲਡੋ ਦੇ ਦਬਦਬੇ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਫਰਾਂਸ ਦਾ ਮਹਾਨ ਜਿਨੇਦਿਨ ਜਿਦਾਨ ਸਿਰਫ ਇਕ ਵਾਰ ਇਸਦਾ ਜੇਤੂ ਬਣਿਆ। ਰੋਨਾਲਡਿਨ੍ਹੋ, ਰਿਵਾਲਡੋ, ਲੂਈਸ ਫਿਗੋ ਤੇ ਜਾਰਜ ਬੇਸਟ ਲਈ ਵੀ ਇਹ ਗੱਲ ਲਾਗੂ ਹੁੰਦੀ ਹੈ। ਅਤੀਤ ਵਿਚ ਯੂਰਪੀਅਨ ਖਿਡਾਰੀਆਂ ਤੱਕ ਸੀਮਤ ਰਹੇ ਬੈਲਨ ਡੀ ਓਰ ਨੂੰ ਪੇਲੇ ਜਾਂ ਡਿਆਗੋ ਮਾਰਾਡੋਨਾ ਨੇ ਕਦੇ ਨਹੀਂ ਜਿੱਤਿਆ ਸੀ।

ਇਸ ਵਾਰ ਦੇ ਖਿਤਾਬ ਲਈ ਵਿਨੀਸੀਅਸ ਜੂਨੀਅਰ ਨੂੰ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਮੈਸੀ ਤੇ ਰੋਨਾਲਡੋ ਦਾ ਦਬਦਬਾ ਅਜਿਹਾ ਸੀ ਕਿ ਵਿਨੀਸੀਅਸ ਕੋਲ ਇਸ ਸਦੀ ਵਿਚ ਪੈਦਾ ਹੋਣ ਵਾਲੇ ਪਹਿਲੇ ਜੇਤੂ ਬਣਨ ਦਾ ਮੌਕਾ ਹੋਵੇਗਾ। ਇਸ ਖਿਤਾਬ ਨੂੰ 1990 ਦੇ ਦਹਾਕੇ ਵਿਚ ਪੈਦਾ ਹੋਏ ਇਸ ਖਿਡਾਰੀ ਨੇ ਵੀ ਨਹੀਂ ਜਿੱਤਿਆ। ਵਿਨੀਸੀਅਸ ਦੇ ਨਾਲ ਰੋਡ੍ਰੀ, ਕਾਇਲਿਆਨ ਐਮਬਾਪੇ, ਐਰਲਿੰਗ ਹੈਲੈਂਡ, ਜੂਡ ਬੇਲਿੰਗਹੈਮ ਤੇ ਲੈਮਿਨ ਯਮਲ ਵੀ ਖਿਤਾਬ ਦੀ ਦੌੜ ਵਿਚ ਹੋਣਗੇ। ਬੈਲਨ ਡੀ ਓਰ ਫਰਾਂਸ ਦੀ ਫੁੱਟਬਾਲ ਪੱਤ੍ਰਿਕਾ ਵੱਲੋਂ 1956 ਤੋਂ ਦਿੱਤਾ ਜਾਂਦਾ ਹੈ। ਫੀਫਾ ਰੈਂਕਿੰਗ ਵਿਚ ਟਾਪ-100 ਦੇਸ਼ਾਂ ਦੇ ਪੱਤਰਕਾਰਾਂ ਦੀ ਵੋਟਿੰਗ ਨਾਲ ਇਸਦੇ ਜੇਤੂ ਦੀ ਚੋਣ ਹੁੰਦੀ ਹੈ।
 


author

Tarsem Singh

Content Editor

Related News