ਯਾਨਿਕ ਸਿਨਰ ATP ਰੈਂਕਿੰਗ ’ਚ ਟਾਪ ’ਤੇ ਪਹੁੰਚਿਆ
Tuesday, Jun 11, 2024 - 11:58 AM (IST)

ਪੈਰਿਸ- ਇਟਲੀ ਦੇ ਯਾਨਿਕ ਸਿਨਰ ਨੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਰੈਂਕਿੰਗ ’ਚ ਜ਼ਖਮੀ ਨੋਵਾਕ ਜੋਕੋਵਿਚ ਨੂੰ ਹਰਾ ਕੇ ਪਹਿਲੀ ਵਾਰ ਟਾਪ ਸਥਾਨ ਹਾਸਲ ਕੀਤਾ। ਸਿਨਰ ਇਕ ਪਾਇਦਾਨ ਦੇ ਫਾਇਦੇ ਨਾਲ ਪਹਿਲੇ ਨੰਬਰ ’ਤੇ ਪਹੁੰਚਿਆ। ਇਸ ਤਰ੍ਹਾਂ 22 ਸਾਲ ਦਾ ਸਿਨਰ 1973 ’ਚ ਸ਼ੁਰੂ ਹੋਈ ਕੰਪਿਊਟਰਾਈਜ਼ਡ ਰੈਂਕਿੰਗ ਤੋਂ ਬਾਅਦ ਪਹਿਲੇ ਨੰਬਰ ’ਤੇ ਕਾਬਿਜ਼ ਹੋਣ ਵਾਲਾ ਇਟਲੀ ਦਾ ਪਹਿਲਾ ਖਿਡਾਰੀ ਹੈ। ਉਸ ਨੂੰ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਿੰਬਲਡਨ ’ਚ ਚੋਟੀ ਦਾ ਦਰਜਾ ਮਿਲੇਗਾ।
ਸਿਨਰ ਨੇ ਇਸ ਸੈਸ਼ਨ ’ਚ 3 ਖਿਤਾਬ ਜਿੱਤੇ, ਜਿਸ ’ਚ ਜਨਵਰੀ ’ਚ ਆਸਟ੍ਰੇਲੀਆਈ ਓਪਨ ’ਚ ਪਹਿਲਾ ਗ੍ਰੈਂਡਸਲੈਮ ਖਿਤਾਬ ਵੀ ਸ਼ਾਮਿਲ ਹੈ। ਕਾਰਲੋਸ ਅਲਕਰਾਜ ਤੀਸਰੇ ਗ੍ਰੈਂਡਸਲੈਮ ਦੀ ਬਦੌਲਤ ਰੈਂਕਿੰਗ ’ਚ ਦੂਸਰੇ ਨੰਬਰ ’ਤੇ ਪਹੁੰਚਿਆ, ਜਦਕਿ ਜੋਕੋਵਿਚ ਤੀਸਰੇ ਅਤੇ ਅਲੈਕਜ਼ੈਂਡਰ ਜਵੇਰੇਵ ਚੌਥੇ ਸਥਾਨ ’ਤੇ ਹੈ। ਅਲਕਰਾਜ ਨੇ ਐਤਵਾਰ ਨੂੰ ਜਵੇਰੇਵ ਨੂੰ ਹਰਾ ਕੇ ਫਰੈਂਚ ਓਪਨ ਖਿਤਾਬ ਜਿੱਤਿਆ ਸੀ।
ਮਹਿਲਾਵਾਂ ਦੇ ਵਰਗ ’ਚ ਈਗਾ ਸਵਿਯਾਤੇਕ ਰੌਲਾਂ ਗੈਰੋਂ ’ਤੇ ਲਗਾਤਾਰ ਤੀਸਰੀ ਟਰਾਫੀ (5 ਮੇਜਰ ਖਿਤਾਬ) ਦੀ ਬਦੌਲਤ ਡਬਲਯੂ. ਟੀ. ਏ. ਰੈਂਕਿੰਗ ’ਚ ਪਹਿਲੇ ਸਥਾਨ ’ਤੇ ਆਪਣੀ ਬੜ੍ਹਤ ਬਣਾਉਣ ’ਚ ਸਫਲ ਰਹੀ। ਅਮਰੀਕਾ ਦੀ 20 ਸਾਲਾ ਕੋਕੋ ਗਾਫ ਤੀਸਰੇ ਨੰਬਰ ਤੋਂ ਦੂਸਰੇ ’ਤੇ ਪਹੁੰਚੀ, ਜੋ ਉਸ ਦੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹੈ। ਉਹ ਫਰੈਂਚ ਓਪਨ ਸਿੰਗਲ ਦੇ ਸੈਮੀਫਾਈਨਲ ’ਚ ਪਹੁੰਚੀ ਪਰ ਸਵਿਯਾਤੇਕ ਤੋਂ ਹਾਰ ਗਈ। ਗਾਫ ਨੇ ਕੈਟਰੀਨਾ ਸਿਨਿਯਾਕੋਵਾ ਨਾਲ ਮਿਲ ਕੇ ਪਹਿਲਾ ਗ੍ਰੈਂਡਸਲੈਮ ਡਬਲ ਖਿਤਾਬ ਆਪਣੇ ਨਾਂ ਕੀਤਾ। ਦੋ ਵਾਰ ਦੀ ਆਸਟ੍ਰੇਲੀਆਈ ਓਪਨ ਚੈਂਪੀਅਨ ਆਯਰਨਾ ਸਬਾਲੇਂਕਾ ਦੂਸਰੇ ਤੋਂ ਤੀਸਰੇ ਸਥਾਨ ’ਤੇ ਖਿਸਕ ਗਈ। 2022 ਵਿੰਬਲਡਨ ਜੇਤੂ ਏਲੀਨਾ ਰਿਬਾਕਿਨਾ ਚੌਥੇ ਸਥਾਨ ’ਤੇ ਹੈ।