WTC ਫਾਈਨਲ 'ਚ ਹਾਰ ਮਗਰੋਂ ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਲੱਗਾ ਪੂਰੀ ਮੈਚ ਫੀਸ ਦਾ ਜੁਰਮਾਨਾ
Monday, Jun 12, 2023 - 07:29 PM (IST)
ਦੁਬਈ (ਭਾਸ਼ਾ)- ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੌਰਾਨ ਹੌਲੀ ਓਵਰ-ਰੇਟ ਲਈ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਦੀ ਪੂਰੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਵਿਵਾਦਤ ਫੈਸਲੇ 'ਤੇ ਉਨ੍ਹਾਂ ਨੂੰ ਆਊਟ ਦੇਣ ਲਈ ਅੰਪਾਇਰ ਦੇ ਫੈਸਲੇ ਦੀ ਆਲੋਚਨਾ ਕਰਨ ਵਾਲੇ ਸ਼ੁਭਮਨ ਗਿੱਲ ਨੂੰ ਵਾਧੂ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਸਟ੍ਰੇਲੀਆਈ ਖਿਡਾਰੀਆਂ 'ਤੇ ਵੀ ਹੌਲੀ ਓਵਰ-ਰੇਟ ਲਈ ਮੈਚ ਫੀਸ ਦਾ 80 ਫ਼ੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਆਸਟ੍ਰੇਲੀਆ ਨੇ ਇਹ ਮੈਚ 209 ਦੌੜਾਂ ਨਾਲ ਜਿੱਤਿਆ।
ਆਈ.ਸੀ.ਸੀ. ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, "ਐਤਵਾਰ ਨੂੰ ਆਖ਼ਰੀ ਦਿਨ ਦੀ ਖੇਡ ਖ਼ਤਮ ਹੋਣ ਦੇ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਹੌਲੀ ਓਵਰ-ਰੇਟ ਲਈ ਭਾਰਤ ਆਪਣੀ ਪੂਰੀ ਮੈਚ ਫੀਸ ਅਤੇ ਆਸਟਰੇਲੀਆ 80 ਫ਼ੀਸਦੀ ਮੈਚ ਫੀਸ ਗਵਾਏਗਾ।" ਇਸ ਵਿਚ ਅੱਗੇ ਕਿਹਾ ਗਿਆ, "ਆਈ.ਸੀ.ਸੀ. ਕੋਡ ਆਫ ਕੰਡਕਟ ਦੀ ਧਾਰਾ 2.22 ਦੇ ਤਹਿਤ ਖਿਡਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਓਵਰ ਪੂਰੇ ਨਾ ਕਰਨ ਲਈ 20 ਫ਼ੀਸਦੀ ਪ੍ਰਤੀ ਓਵਰ ਜੁਰਮਾਨਾ ਲਗਾਇਆ ਗਿਆ ਹੈ।" ਭਾਰਤੀ ਟੀਮ ਨਿਰਧਾਰਿਤ ਸਮੇਂ ਵਿੱਚ 5 ਓਵਰ ਪਿੱਛੇ ਸੀ ਜਦੋਂਕਿ ਆਸਟਰੇਲੀਆ 4 ਓਵਰ ਪਿੱਛੇ ਸੀ।
ਇਹ ਵੀ ਪੜ੍ਹੋ: ਕਈ ਦੇਸ਼ਾਂ ਨੇ ਆਪਣੀਆਂ ਯੂਨੀਵਰਸਿਟੀਆਂ ’ਚ ਜਾਂਚ ਦਾ ਦਾਇਰਾ ਵਧਾਇਆ, ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਪਲੇਇੰਗ ਇਲੈਵਨ ਵਿੱਚ ਸ਼ਾਮਲ ਭਾਰਤੀ ਖਿਡਾਰੀਆਂ ਨੂੰ ਪ੍ਰਤੀ ਟੈਸਟ 15 ਲੱਖ ਰੁਪਏ ਅਤੇ ਰਿਜ਼ਰਵ ਖਿਡਾਰੀਆਂ ਨੂੰ 7.5 ਲੱਖ ਰੁਪਏ ਮਿਲਦੇ ਹਨ। ਗਿੱਲ ਨੂੰ ਧਾਰਾ 2.7 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ, ਜੋ ਕਿਸੇ ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਘਟਨਾ ਦੀ ਜਨਤਕ ਨਿੰਦਾ ਜਾਂ ਗਲਤ ਬਿਆਨ ਨਾਲ ਸੰਬੰਧਿਤ ਹੈ। ਭਾਰਤ ਦੀ ਦੂਜੀ ਪਾਰੀ ਦੌਰਾਨ ਟੀਵੀ ਅੰਪਾਇਰ ਰਿਚਰਡ ਕੇਟਲਬਰੋ ਨੇ ਗਿੱਲ ਨੂੰ ਆਊਟ ਘੋਸ਼ਿਤ ਕਰ ਦਿੱਤਾ, ਜਿਸ ਦੀ ਕੈਚ ਫੜਦੇ ਸਮੇਂ ਕੈਮਰੂਨ ਗ੍ਰੀਨ ਦਾ ਹੱਥ ਜ਼ਮੀਨ ਨੂੰ ਛੂਹ ਗਿਆ ਸੀ। ਉਸ ਦਿਨ ਦੀ ਖੇਡ ਖ਼ਤਮ ਹੋਣ ਦੇ ਬਾਅਦ ਗਿੱਲ ਨੇ ਟੀਵੀ ਸਕ੍ਰੀਨ ਦਾ ਇੱਕ ਰੀਪਲੇਅ ਸ਼ਾਟ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਿਆਹ ਸਮਾਗਮ ਤੋਂ ਪਰਤ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 10 ਹਲਾਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।