WTC ਫ਼ਾਈਨਲ ਮੈਚ ’ਚ ਭਾਰਤੀ ਟੀਮ ਨੇ ਕਾਲੀ ਪੱਟੀ ਬੰਨ੍ਹ ਮਿਲਖਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ
Saturday, Jun 19, 2021 - 07:59 PM (IST)
ਸਾਊਥੰਪਟਨ— ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਫ਼ਾਈਨਲ ਦੇ ਦੂਜੇ ਦਿਨ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਪ੍ਰਤੀ ਸਨਮਾਨ ਵੱਜੋਂ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਹੈ। ਮਿਲਖਾ ਸਿੰਘ ਦਾ ਕੋਰੋਨਾ ਇਨਫ਼ੈਕਸ਼ਨ ਨਾਲ ਜੂਝਣ ਦੇ ਬਾਅਦ ਕੱਲ ਦੇਰ ਰਾਤ ਚੰਡੀਗੜ੍ਹ ’ਚ ਦਿਹਾਂਤ ਹੋ ਗਿਆ ਸੀ।
ਓਲੰਪਿਕ ਖੇਡ ਦੇ ਕਿਸੇ ਮਹਾਨ ਖਿਡਾਰੀ ਦੀ ਯਾਦ ’ਚ ਭਾਰਤੀ ਕ੍ਰਿਕਟ ਟੀਮ ਦੇ ਬਾਂਹ ’ਤੇ ਪੱਟੀ ਬੰਨ੍ਹ ਕੇ ਖੇਡਣ ਦਾ ਇਹ ਇਕ ਦੁਰਲਭ ਮੌਕਾ ਹੈ। ਬੀ. ਸੀ. ਸੀ. ਆਈ. ਦੀ ਮੀਡੀਆ ਸੈੱਲ ਨੇ ਪੋਸਟ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਮਿਲਖਾ ਸਿੰਘ ਦੀ ਯਾਦ ’ਚ ਬਾਂਹ ’ਤੇ ਪੱਟੀ ਬੰਨ੍ਹ ਕੇ ਖੇਡ ਰਹੀ ਹੈ। ਇਸ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੂਰੇ ਦੇਸ਼ ਨੂੰ ਸਰਵਸ੍ਰੇਸ਼ਠਤਾ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਦੀ ਹਾਰ ਨਹੀਂ ਮੰਨੀ ਤੇ ਆਪਣੇ ਸੁਫ਼ਨੇ ਪੂਰੇ ਕਰਨ ਦੀ ਕੋਸ਼ਿਸ ਕਰਨ ਦੀ ਪ੍ਰੇਰਣਾ ਦਿੱਤੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਮਿਲਖਾ ਸਿੰਘ। ਤੁਹਾਨੂੰ ਕਦੀ ਭੁਲਾਇਆ ਨਹੀਂ ਜਾ ਸਕੇਗਾ।