WPL 2023 Final : ਮੁੰਬਈ ਦੇ ਸਿਰ ਸਜਿਆ ਜਿੱਤ ਦਾ ਤਾਜ, ਦਿੱਲੀ ਨੂੰ 07 ਵਿਕਟਾਂ ਨਾਲ ਹਰਾਇਆ

Sunday, Mar 26, 2023 - 10:48 PM (IST)

WPL 2023 Final : ਮੁੰਬਈ ਦੇ ਸਿਰ ਸਜਿਆ ਜਿੱਤ ਦਾ ਤਾਜ, ਦਿੱਲੀ ਨੂੰ 07 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ (ਯੂ. ਐੱਨ. ਆਈ.) : ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਸਾਹ ਰੋਕ ਦੇਣ ਵਾਲੇ ਫਾਈਨਲ ’ਚ ਐਤਵਾਰ ਨੂੰ ਦਿੱਲੀ ਕੈਪੀਟਲਸ ਨੂੰ 7 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਪਹਿਲਾ ਖਿਤਾਬ ਜਿੱਤ ਲਿਆ। ਕੈਪੀਟਲਸ ਨੇ ਸ਼ਿਖਾ ਪਾਂਡੇ (ਅਜੇਤੂ 27) ਤੇ ਰਾਧਾ ਯਾਦਵ (ਅਜੇਤੂ 27) ਦੀ ਬਦੌਲਤ ਮੁੰਬਈ ਦੇ ਸਾਹਮਣੇ 132 ਦੌੜਾਂ ਦਾ ਟੀਚਾ ਰੱਖਿਆ ਸੀ। ਮੁੰਬਈ ਨੇ ਨੈਟ ਸਿਵਰ ਬ੍ਰੰਟ (ਅਜੇਤੂ 60) ਤੇ ਹਰਮਨਪ੍ਰੀਤ ਕੌਰ (37) ਦੀਆਂ ਸਬਰ ਨਾਲ ਖੇਡੀਆਂ ਗਈਆਂ ਪਾਰੀਆਂ ਦੀ ਬਦੌਲਤ ਇਹ ਟੀਚਾ 3 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 79 ਦੌੜਾਂ ’ਤੇ 9 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਸ਼ਿਖਾ ਤੇ ਰਾਧਾ ਨੇ ਆਖਰੀ ਵਿਕਟ ਲਈ 24 ਗੇਂਦਾਂ ’ਤੇ 52 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ।  ਕੈਪੀਟਲਸ ਦੇ ਕੰਜੂਸ ਗੇਂਦਬਾਜ਼ਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾ ਕੇ ਮੈਚ ਨੂੰ ਰੋਮਾਂਚਕ ਬਣਾਇਆ ਪਰ ਸਿਵਰ ਬ੍ਰੰਟ ਦੀ ਅਰਧ ਸੈਂਕੜੇ ਵਾਲੀ ਪਾਰੀ ਨੇ ਮੁੰਬਈ ਨੂੰ ਜਿੱਤ ਦਿਵਾ ਦਿੱਤੀ। ਸਿਵਰ ਬ੍ਰੰਟ ਨੇ 55 ਗੇਂਦਾਂ ’ਤੇ 7 ਚੌਕਿਆਂ ਦੇ ਨਾਲ ਅਜੇਤੂ 60 ਦੌੜਾਂ ਬਣਾਉਂਦੇ ਹੋਏ ਹਰਮਨਪ੍ਰੀਤ ਦੇ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ : World Boxing: ਲਵਲੀਨਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ

ਹਰਮਨਪ੍ਰੀਤ ਟੀਚੇ ਤਕ ਪਹੁੰਚਣ ਤੋਂ ਪਹਿਲਾਂ ਆਊਟ ਹੋ ਗਈ ਪਰ ਸਿਵਰ ਬ੍ਰੰਟ ਨੇ 20ਵੇਂ ਓਵਰ ਦੀ ਤੀਜੀ ਗੇਂਦ ’ਤੇ ਜੇਤੂ ਚੌਕਾ ਲਾ ਕੇ ਮੁੰਬਈ ਨੂੰ ਇਤਿਹਾਸਕ ਡਬਲਯੂ. ਪੀ. ਐੱਲ. ਦਾ ਖਿਤਾਬ ਦਿਵਾ ਦਿੱਤਾ।
ਕੈਪੀਟਲਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਪਰ ਇਸੀ ਵੋਂਗ ਦੀ ਫੁਲਟਾਸ ਗੇਂਦ ਦੇ ਕਾਰਨ ਉਸਦੀ ਸ਼ੁਰੂਆਤ ਉਮੀਦਾਂ ਦੇ ਉਲਟ ਹੋਈ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ 4 ਗੇਂਦਾਂ ’ਤੇ 11 ਦੌੜਾਂ ਬਣਾ ਕੇ ਫੁਲਟਾਸ ’ਤੇ ਆਊਟ ਹੋ ਗਈ। ਸ਼ੈਫਾਲੀ ਨੇ ਪੈਵੇਲੀਅਨ ਪਰਤਣ ਤੋਂ ਪਹਿਲਾਂ ਨੋ-ਬਾਲ ਲਈ ਰੀਵਿਊ ਵੀ ਲਿਆ ਪਰ ਅੰਪਾਇਰ ਦਾ ਫੈਸਲਾ ਬਰਕਰਾਰ ਰਿਹਾ। ਦੋ ਗੇਂਦਾਂ ਬਾਅਦ ਐਲਿਸ ਕੈਪਸੀ ਵੀ ਫੁਲਟਾਸ ’ਤੇ ਕੈਚ ਦੇ ਕੇ ਪੈਵੀਅਨ ਪਰਤ ਗਈ। ਕਪਤਾਨ ਮੈਗ ਲੈਨਿੰਗ ਨੇ ਤੀਜੇ ਓਵਰ ’ਚ ਦੋ ਚੌਕੇ ਲਾ ਕੇ ਹਮਲਾ ਜਾਰੀ ਰੱਖਿਆ ਜਦਕਿ ਦੂਜੇ ਪਾਸੇ ਤੋਂ ਜੇਮਿਮਾ ਰੋਡ੍ਰਿਗੇਜ਼ ਦੇ ਰੂਪ ’ਚ ਕੈਪੀਟਲਸ ਨੂੰ ਤੀਜਾ ਝਟਕਾ ਲੱਗਾ। 9 ਦੌੜਾਂ ਬਣਾਉਣ ਵਾਲੀ ਜੇਮਿਮਾ ਫੁਲਟਾਸ ’ਤੇ ਵਾਂਗ ਦਾ ਤੀਜਾ ਸ਼ਿਕਾਰ ਰਹੀ। 

ਇਹ ਵੀ ਪੜ੍ਹੋ : ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਗੋਲਡਨ ਹੈਟ੍ਰਿਕ, ਨਿਕਹਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ

ਕੈਪੀਟਲਸ ਦੀਆਂ 3 ਵਿਕਟਾਂ ’ਤੇ 35 ਦੌੜਾਂ ’ਤੇ ਡਿੱਗਣ ਤੋਂ ਬਾਅਦ ਲੈਨਿੰਗ ਤੇ ਮਰਿਜਾਨੇ ਕੈਪ ਨੇ ਪਾਰੀ ਨੂੰ ਸੰਭਾਲਿਆ। ਕੈਪ 21 ਗੇਂਦਾਂ ’ਤੇ 2 ਚੌਕਿਆਂ ਦੇ ਨਾਲ 18 ਦੌੜਾਂ ਦਾ ਯੋਗਦਾਨ ਹੀ ਦੇ ਸਕੀ ਪਰ ਦੋਵਾਂ ਵਿਚਾਲੇ ਚੌਥੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਪਹਿਲਾਂ ਕਿ ਕੈਪੀਟਲਸ ਦੀ ਪਾਰੀ ਸੰਭਲਦੀ, ਅਮੇਲੀਆ ਕੇਰ ਨੇ ਕੈਪ ਨੂੰ ਪੈਵੇਲੀਅਨ ਭੇਜ ਦਿੱਤਾ ਜਦਕਿ ਇਕ ਦੌੜ ਬਾਅਦ ਲੈਨਿੰਗ ਰਨ ਆਊਟ ਹੋ ਗਈ। ਕੇਰ ਨੇ ਇਸ ਤੋਂ ਬਾਅਦ ਅਰੁੰਧਤੀ ਰੈੱਡੀ ਨੂੰ ਆਊਟ ਕੀਤਾ ਜਦਕਿ ਹੈਲੀ ਮੈਥਿਊਜ਼ ਨੇ ਜੇਸ ਜਾਨਸਨ, ਮੀਨੂਮਣੀ ਤੇ ਤਾਨੀਆ ਭਾਟੀਆ ਦੀ ਵਿਕਟ ਲੈ ਕੇ ਕੈਪੀਟਲਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਸਿਰਫ 79 ਦੌੜਾਂ ’ਤੇ 9 ਵਿਕਟਾਂ ਡਿੱਗਣ ਤੋਂ ਬਾਅਦ ਕੈਪੀਟਲਸ ਆਲਆਊਟ ਹੋਣ ਦੇ ਕੰਢੇ ’ਤੇ ਸੀ ਪਰ ਸ਼ਿਖਾ ਤੇ ਰਾਧਾ ਦੀ ਅਵਿਸ਼ਵਾਸਯੋਗ ਸਾਂਝੇਦਾਰੀ ਨੇ ਉਸ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾ ਦਿੱਤਾ। 

ਕੈਪੀਟਲਸ ਨੇ ਮੈਥਿਊਜ਼ ਦੀ ਕੰਜੂਸ ਗੇਂਦਬਾਜ਼ੀ ਤੋਂ ਉੱਭਰ  ਕੇ ਆਖਰੀ 4 ਓਵਰਾਂ ’ਚ 52 ਦੌੜਾਂ ਜੋੜੀਆਂ। ਸ਼ਿਖਾ ਨੇ ਇਸ ਅਰਧ ਸੈਂਕੜੇ ਵਾਲੀ ਸਾਂਝੇਦਾਰੀ ’ਚ 17 ਗੇਂਦਾਂ ’ਤੇ 3 ਚੌਕਿਆਂ ਤੇ 1 ਛੱਕੇ ਦੇ ਨਾਲ 27 ਦੌੜਾਂ ਬਣਾਈਆਂ ਜਦਕਿ ਰਾਧਾ ਨੇ 12 ਗੇਂਦਾਂ ’ਤੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 27 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਦੀ ਆਖਰੀ ਵਿਕਟ ਦੀ ਭਾਲ ਅਧੂਰੀ ਰਹੀ ਤੇ ਕੈਪੀਟਲਸ ਨੇ 20 ਓਵਰਾਂ ’ਚ 9 ਵਿਕਟਾਂ ’ਤੇ 131 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਮੁੰਬਈ ਦੀ ਸਭ ਤੋਂ ਮਹਿੰਗੀ ਗੇਂਦਬਾਜ਼ ਵਾਂਗ (4 ਓਵਰਾਂ ’ਚ 42 ਦੌੜਾਂ) ਤੇ ਸਭ ਤੋਂ ਕਫਾਇਤੀ ਗੇਂਦਬਾਜ਼ ਮੈਥਿਊਜ਼ (5 ਓਵਰਾਂ ’ਚ 5 ਦੌੜਾਂ) ਨੇ 3-3 ਵਿਕਟਾਂ ਲਈਆਂ। ਕੇਰ ਨੇ ਚਾਰ ਓਵਰਾਂ ’ਚ 2 ਸਫਲਤਾਵਾਂ ਹਾਸਲ ਕੀਤੀਆਂ।


author

Mandeep Singh

Content Editor

Related News