ਸਾਊਦੀ ਨੇ ਬਣਾਇਆ ਵਿਸ਼ਵ ਰਿਕਾਰਡ, ਬਣੇ ਦੁਨੀਆ ਦੇ ਇਕਲੌਤੇ ਕ੍ਰਿਕਟਰ
Wednesday, Dec 30, 2020 - 09:30 PM (IST)
ਨਵੀਂ ਦਿੱਲੀ- ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ’ਚ ਪਾਕਿਸਤਾਨ ਨੂੰ 101 ਦੌੜਾਂ ਨਾਲ ਹਰਾ ਕੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਕੀਵੀ ਕਪਤਾਨ ਕੇਨ ਵਿਲੀਅਮਸਨ ‘ਮੈਨ ਆਫ ਦਿ ਮੈਚ’ ਦੇ ਖਿਤਾਬ ਨਾਲ ਸਨਮਾਨਤ ਕੀਤੇ ਗਏ। ਇਸ ਮੈਚ ’ਚ ਨਿਊਜ਼ੀਲੈਂਡ ਦੇ ਟਿਮ ਸਾਊਦੀ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਟਿਮ ਸਾਊਦੀ ਟੈਸਟ ਕ੍ਰਿਕਟ ’ਚ 300 ਵਿਕਟਾਂ ਹਾਸਲ ਕਰਨ ਵਾਲੇ ਦੁਨੀਆ ਦੇ 34ਵੇਂ ਗੇਂਦਬਾਜ਼ ਬਣ ਗਏ ਹਨ। ਇਸ ਦੇ ਨਾਲ -ਨਾਲ ਸਾਊਦੀ ਨਿਊਜ਼ੀਲੈਂਡ ਵਲੋਂ ਟੈਸਟ ’ਚ 300 ਵਿਕਟਾਂ ਹਾਸਲ ਕਰਨ ਵਾਲੇ ਤੀਜੇ ਗੇਂਦਬਾਜ਼ ਹਨ। ਨਿਊਜ਼ੀਲੈਂਡ ਦੇ ਇਸ ਤੇਜ਼ ਗੇਂਦਬਾਜ਼ ਤੋਂ ਪਹਿਲਾਂ ਅਜਿਹਾ ਕਾਰਨਾਮਾ ਨਿਊਜ਼ੀਲੈਂਡ ਵਲੋਂ ਰਿਚਰਡ ਹੈਡਲੀ ਅਤੇ ਡੇਨੀਅਲ ਵਿਟੋਰੀ ਨੇ ਕੀਤਾ ਹੈ। ਹੇਡਲੀ ਨੇ 86 ਟੈਸਟ ਮੈਚਾਂ ’ਚ 431 ਵਿਕਟਾਂ ਹਾਸਲ ਕੀਤੀਆਂ ਤੇ ਵਿਟੋਰੀ ਨੇ 112 ਮੈਚਾਂ ’ਚ 361 ਵਿਕਟਾਂ ਹਾਸਲ ਕੀਤੀਆਂ ਹਨ।
ਇਸ ਤੋਂ ਇਲਾਵਾ ਸਾਊਦੀ ਦੁਨੀਆ ਦੇ ਪਹਿਲੇ ਅਜਿਹੇ ਕ੍ਰਿਕਟਰ ਵੀ ਬਣ ਗਏ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ ’ਚ 70 ਤੋਂ ਜ਼ਿਆਦਾ ਛੱਕੇ ਲਗਾਏ ਹਨ ਅਤੇ 300 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਟਿਮ ਸਾਊਦੀ ਨੇ 76 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਇਨਾਂ ਮੈਚਾਂ ’ਚ 300 ਵਿਕਟਾਂ ਹਾਸਲ ਕੀਤੀਆਂ ਤੇ 1690 ਦੌੜਾਂ ਬਣਾਈਆਂ ਹਨ। ਇਸ ਦੌਰਾਨ 73 ਛੱਕੇ ਲਗਾਏ ਹਨ। ਜੈਕ ਕੈਲਿਸ, ਕ੍ਰਿਸ ਕੇਨਰਸ, ਐਡਰਿਊ ਫਲਿੰਟਆਫ ਤੇ ਬੇਨ ਸਟੋਕਸ ਅਜਿਹੇ ਆਲਰਾਊਂਡਰ ਹਨ, ਜਿਨ੍ਹਾਂ ਨੇ ਆਪਣੇ ਟੈਸਟ ਕਰੀਅਰ ’ਚ ਬੱਲੇਬਾਜ਼ੀ ਦੇ ਦੌਰਾਨ 70 ਤੋਂ ਜ਼ਿਆਦਾ ਛੱਕੇ ਲਗਾਏ ਪਰ ਵਿਕਟਾਂ ਹਾਸਲ ਕਰਨ ਦੇ ਮਾਮਲੇ ’ਚ ਸਾਊਦੀ ਤੋਂ ਕਾਫੀ ਪਿੱਛੇ ਰਹੇ ਹਨ।
ਕੈਲਿਸ ਨੇ 166 ਟੈਸਟ ’ਚ 292 ਵਿਕਟਾਂ ਹਾਸਲ ਕੀਤੀਆਂ ਹਨ ਅਤੇ 97 ਛੱਕੇ ਲਗਾਏ ਹਨ। ਕੇਨਰਸ ਨੇ 62 ਟੈਸਟ ’ਚ 218 ਵਿਕਟਾਂ ਦੇ ਨਾਲ-ਨਾਲ ਬੱਲੇਬਾਜ਼ੀ ਦੇ ਦੌਰਾਨ 87 ਛੱਕੇ ਲਗਾਏ ਸਨ। ਇਸ ਤੋਂ ਇਲਾਵਾ ਫਿਲੰਟਾਫ ਨੇ ਆਪਣੇ ਟੈਸਟ ਕਰੀਅਰ ’ਚ 79 ਮੈਚ ਖੇਡੇ। ਇਸ ਦੌਰਾਨ 82 ਛੱਕੇ ਲਗਾਏ, 226 ਵਿਕਟਾਂ ਹਾਸਲ ਕਰਨ ’ਚ ਸਫਲ ਰਹੇ। ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਆਲ ਰਾਊਂਡਰ ਬੇਨ ਸਟੋਕਸ ਨੇ ਆਪਣੇ ਕਰੀਅਰ ’ਚ ਹੁਣ ਤਕ 67 ਟੈਸਟ ’ਚ 74 ਛੱਕੇ ਲਗਾਏ ਹਨ ਤੇ ਨਾਲ ਹੀ 158 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।