ਭਾਰਤ ਦੇ ਨਿਹਾਲ, ਗੁਕੇਸ਼ ਅਤੇ ਰਕਸ਼ਿਤਾ ਬਣੇ ਵਿਸ਼ਵ ਆਨਲਾਈਨ ਯੂਥ ਸ਼ਤਰੰਜ ਚੈਂਪੀਅਨ
Thursday, Dec 24, 2020 - 04:03 AM (IST)
ਨਵੀਂ ਦਿੱਲੀ (ਨਿਕਲੇਸ਼)– ਭਾਰਤ ਨੂੰ ਐਂਵੇਂ ਹੀ ਸ਼ਤਰੰਜ ਦਾ ਪਾਵਰ ਹਾਊਸ ਨਹੀਂ ਕਿਹਾ ਜਾਂਦਾ, ਇਹ ਗੱਲ ਇਕ ਵਾਰ ਫਿਰ ਭਾਰਤੀ ਯੁਵਾ ਸ਼ਤਰੰਜ ਖਿਡਾਰੀਆਂ ਨੇ ਸਾਬਿਤ ਕਰ ਦਿੱਤੀ। ਦੇਸ਼ ਦੇ 3 ਖਿਡਾਰੀਆਂ ਨੇ ਫੀਡੇ ਆਨਲਾਈਨ ਕੈਡੇਟ ਅਤੇ ਯੂਥ ਸ਼ਤਰੰਜ ’ਚ 3 ਵਰਗਾਂ ਦੇ ਫਾਈਨਲ ਤੱਕ ਪਹੁੰਚ ਕੇ ਸੋਨ ਤਮਗੇ ਜਿੱਤੇ ਅਤੇ ਵਿਸ਼ਵ ਖਿਤਾਬ ਹਾਸਲ ਕੀਤੇ ਹਨ। ਸਭ ਤੋਂ ਪਹਿਲਾ ਸੋਨ ਤਮਗਾ ਮਹਿਲਾ ਇੰਟਰਨੈਸ਼ਨਲ ਮਾਸਟਰ ਰਕਸ਼ਿਤਾ ਰਵੀ ਨੇ ਚੀਨ ਦੀ ਸਾਂਗ ਯੁਕਸਿਨ ਨੂੰ 1.5-0.5 ਨਾਲ ਹਰਾ ਕੇ ਜਿੱਤਿਆ।
ਦੂਜਾ ਤਮਗਾ ਨਿਹਾਲ ਸਰੀਨ ਨੇ ਅੰਡਰ-18 ਬਾਲਕ ਵਰਗ ’ਚ ਆਰਮੇਨੀਆ ਦੇ ਸ਼ਾਂਤ ਸਰਗਸਯਾਨ ਨੂੰ 1.5-0.5 ਨਾਲ ਹਰਾ ਕੇ ਜਿੱਤਿਆ। ਚੈੱਸਬੇਸ ਇੰਡੀਆ ਜੂਨੀਅਰ ਟੂਰਨਾਮੈਂਟ ਜਿੱਤਣ ਵਾਲੇ ਨਿਹਾਲ ਦਾ ਇਹ ਲਗਾਤਾਰ ਦੂਜਾ ਆਨਲਾਈਨ ਖਿਤਾਬ ਹੈ।
ਭਾਰਤ ਲਈ ਤੀਜਾ ਸੋਨ ਤਮਗਾ ਵਿਸ਼ਵ ਦੇ ਦੂਜੇ ਸਭ ਤੋਂ ਯੁਵਾ ਗ੍ਰਾਂਡ ਮਾਸਟਰ ਡੀ. ਗੁਕੇਸ਼ ਨੇ ਅੰਡਰ-14 ਬਾਲਕ ਵਰਗ ’ਚ ਰੂਸ ਦੇ ਮੁਰਜਿਨ ਵੋਲੋਦਰ ਵਿਰੁੱਧ ਟਾਈਬ੍ਰੇਕ ਮੁਕਾਬਲੇ ’ਚ ਜਿੱਤਿਆ। ਗੁਕੇਸ਼ ਹੁਣ ਆਨਲਾਈਨ ਵਿਸ਼ਵ ਅੰਡਰ-14 ਚੈਂਪੀਅਨ ਬਣ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ 10 ਸਾਲਾ ਮ੍ਰਿਣਮੋਯ ਨੇ ਵੀ ਅੱਜ ਤੀਜੇ ਸਥਾਨ ਲਈ ਹੋਏ ਮੁਕਾਬਲੇ ਨੂੰ ਜਿੱਤ ਕੇ ਕਾਂਸੀ ਤਮਗਾ ਜਿੱਤਿਆ। ਇਸ ਤਰ੍ਹਾਂ ਭਾਰਤ ਨੂੰ ਕੁੱਲ 4 ਤਮਗੇ ਹਾਸਲ ਹੋਏ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।