ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵੀਆਟੇਕ ਆਸਟ੍ਰੇਲੀਅਨ ਓਪਨ ਤੋਂ ਬਾਹਰ

01/20/2024 5:54:39 PM

ਮੈਲਬੋਰਨ, (ਭਾਸ਼ਾ) : ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਇਗਾ ਸਵੀਆਟੇਕ ਸ਼ਨੀਵਾਰ ਨੂੰ ਇੱਥੇ ਤੀਜੇ ਦੌਰ ਦੇ ਸਖ਼ਤ ਮੁਕਾਬਲੇ ਵਿਚ ਵਿਸ਼ਵ ਦੀ 50ਵੇਂ ਨੰਬਰ ਦੀ ਖਿਡਾਰਨ ਲਿੰਡਾ ਨੋਸਕੋਵਾ ਤੋਂ ਹਾਰ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਚੈੱਕ ਗਣਰਾਜ ਦੀ ਖਿਡਾਰਨ ਨੋਸਕੋਵਾ ਨੇ ਸਵੀਆਟੇਕ ਨੂੰ 3-6, 6-3, 6-4 ਨਾਲ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟਫੇਰ ਕੀਤਾ। 

ਚਾਰ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਵੀਆਟੇਕ ਕਦੇ ਵੀ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੀ ਹੈ। ਦੂਜੇ ਪਾਸੇ 19 ਸਾਲਾ ਨੋਸਕੋਵਾ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਖੇਡ ਰਹੀ ਹੈ। ਸਵੀਆਟੇਕ ਨੇ ਪਹਿਲੇ ਦੋ ਗੇੜਾਂ ਵਿੱਚ 2020 ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਸੋਫੀਆ ਕੇਨਿਨ ਅਤੇ 2022 ਦੀ ਫਾਈਨਲਿਸਟ ਡੇਨੀਏਲ ਕੋਲਿਨਸ ਨੂੰ ਹਰਾਇਆ ਸੀ। ਤੀਜੇ ਦੌਰ 'ਚ ਹਾਰ ਕਾਰਨ ਪਿਛਲੇ 18 ਮੈਚਾਂ ਤੋਂ ਚੱਲੀ ਆ ਰਹੀ ਉਨ੍ਹਾਂ ਦੀ ਜੇਤੂ ਮੁਹਿੰਮ ਵੀ ਠੱਪ ਹੋ ਗਈ। 

ਚੈੱਕ ਗਣਰਾਜ ਦੀ ਖਿਡਾਰਨ ਦੇ ਖਿਲਾਫ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਸਵੀਆਟੇਕ ਦੀ ਲੈਅ ਵਿਗੜ ਗਈ। ਦੂਜੇ ਸੈੱਟ ਦੀ ਸੱਤਵੀਂ ਗੇਮ ਵਿੱਚ ਬਰੇਕ ਪੁਆਇੰਟ ਬਚਾਉਣ ਤੋਂ ਬਾਅਦ ਨੋਸਕੋਵਾ ਨੇ ਅਗਲੇ 12 ਵਿੱਚੋਂ 11 ਅੰਕ ਜਿੱਤ ਕੇ ਮੈਚ ਬਰਾਬਰ ਕਰ ਲਿਆ। ਨੋਸਕੋਵਾ ਨੇ ਇਸ ਤੋਂ ਬਾਅਦ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਉਸਨੇ ਲਗਾਤਾਰ ਚਾਰ ਅੰਕ ਜਿੱਤੇ ਅਤੇ ਇੱਕ ਏਕੇ ਨਾਲ ਮੈਚ ਪੁਆਇੰਟ ਹਾਸਲ ਕੀਤਾ। ਸਵੀਆਟੇਕ ਦਾ ਫੋਰਹੈਂਡ ਬਾਹਰ ਜਾਣ 'ਤੇ ਉਸ ਨੇ ਮੈਚ ਜਿੱਤ ਲਿਆ।


Tarsem Singh

Content Editor

Related News