ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਨੇ CIA ਦੇ ਸਾਬਕਾ ਅਧਿਕਾਰੀ ਤੋਂ ਕਰਾਈ ਸੀ ਫੀਫਾ ਦੀ ਜਾਸੂਸੀ
Thursday, Nov 25, 2021 - 03:55 PM (IST)
ਵਾਸ਼ਿੰਗਟਨ- ਕਤਰ ਨੇ 2022 'ਚ ਹੋਣ ਵਾਲੇ ਵਿਸ਼ਵ ਕੱਪ ਫ਼ੁੱਟਬਾਲ ਦੀ ਮੇਜ਼ਬਾਨੀ ਹਾਸਲ ਕਰਨ ਤੇ ਉਸ ਨੂੰ ਬਣਾਏ ਰੱਖਣ ਲਈ ਵਿਸ਼ਵ ਫ਼ੁੱਟਬਾਲ ਦੇ ਸਰਵਉੱਚ ਅਦਾਰੇ ਫੀਫਾ ਦੇ ਅਧਿਕਾਰੀਆਂ ਦੀ ਜਾਸੂਸੀ ਕਰਨ 'ਚ ਸੀ. ਆਈ. ਏ. (ਸੈਂਟਰਲ ਇੰਟੈਲਿਜੈਂਸ ਏਜੰਸੀ) ਦੇ ਇਕ ਸਾਬਕਾ ਅਧਿਕਾਰੀ ਤੋਂ ਮਦਦ ਲਈ ਸੀ। ਐਸੋਸੀਏਟਿਡ ਪ੍ਰੈਸ ਦੀ ਇਕ ਜਾਂਚ 'ਚ ਇਸ ਦਾ ਖ਼ੁਲਾਸਾ ਹੋਇਆ ਹੈ।
ਵਿਸ਼ਵ ਕੱਪ ਫੁੱਟਬਾਲ ਦੁਨੀਆ ਦਾ ਸਭ ਤੋਂ ਲੋਕਪ੍ਰਿਯ ਖੇਡ ਟੂਰਨਾਮੈਂਟ ਹੈ ਜਿਸ ਦੀ ਮੇਜ਼ਬਾਨੀ ਕਰਨ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇਕ ਕਤਰ ਨੂੰ ਵਿਸ਼ਵ 'ਚ ਇਸ ਖੇਤਰ 'ਚ ਖ਼ੁਦ ਨੂੰ ਸਥਾਪਤ ਕਰਨ ਦਾ ਮੌਕਾ ਮਿਲੇਗਾ । ਜਾਂਚ 'ਚ ਪਾਇਆ ਗਿਆ ਕਿ ਕਤਰ ਨੇ ਮੇਜ਼ਬਾਨੀ ਦੀ ਦੌੜ 'ਚ ਸ਼ਾਮਲ ਹੋਰ ਦੇਸ਼ਾਂ ਤੇ 2010 'ਚ ਮੇਜ਼ਬਾਨ ਦੀ ਚੋਣ ਕਰਨ ਵਾਲੇ ਪ੍ਰਮੁੱਖ ਫੁੱਟਬਾਲ ਅਧਿਕਾਰੀਆਂ ਦੀ ਜਾਸੂਸੀ ਕਰਨ ਲਈ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਕੇਵਿਨ ਚਾਲਕਰ ਦੀਆਂ ਸੇਵਾਵਾਂ ਲਈਆਂ ਸਨ। ਚਾਲਕਰ ਨੇ ਫੁੱਟਬਾਲ ਜਗਤ 'ਚ ਦੇਸ਼ ਦੇ ਆਲੋਚਕਾਂ 'ਤੇ ਨਜ਼ਰ ਰੱਖਣ ਦੇ ਬਾਅਦ ਦੇ ਸਾਲਾਂ 'ਚ ਵੀ ਕਤਰ ਲਈ ਕੰਮ ਕੀਤਾ। ਜਾਂਚ ਚਾਕਰ ਦੇ ਸਾਬਕਾ ਸਹਿਯੋਗੀਆਂ ਨਾਲ ਗੱਲਬਾਤ ਤੋਂ ਇਲਾਵਾ ਵੱਖ-ਵੱਖ ਠੇਕੇਦਾਰਾਂ, ਖ਼ਰੀਦਾਰੀ ਦੇ ਬਿੱਲਾਂ, ਈਮੇਲ ਤੇ ਪੇਸ਼ੇਵਰ ਦਸਤਾਵੇਜ਼ਾਂ ਦੀ ਸਮੀਖਿਆ 'ਤੇ ਅਧਾਰਤ ਹੈ।
