ਵਿਸ਼ਵ ਕੱਪ ਹਾਕੀ ਫਾਈਨਲ : ਜਰਮਨੀ ਦੇ ਜਜ਼ਬੇ ਤੋਂ ਬੈਲਜੀਅਮ ਨੂੰ ਰਹਿਣਾ ਹੋਵੇਗਾ ਚੌਕਸ
Sunday, Jan 29, 2023 - 02:48 PM (IST)
ਭੁਵਨੇਸ਼ਵਰ (ਭਾਸ਼ਾ)- ਓਲੰਪਿਕ ਚੈਂਪੀਅਨ ਬੈਲਜੀਅਮ ਨੂੰ ਜੇਕਰ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਵਾਲੀ ਸਿਰਫ ਚੌਥੀ ਟੀਮ ਬਣਨਾ ਹੈ ਤਾਂ ਉਸ ਨੂੰ ਐਤਵਾਰ ਨੂੰ ਇਥੇ ਹੋਣ ਵਾਲੇ ਫਾਈਨਲ ’ਚ ਜਰਮਨੀ ਦੇ ਵਾਪਸੀ ਕਰਨ ਦੇ ਜਜ਼ਬੇ ਤੋਂ ਚੌਕਸ ਰਹਿਣਾ ਹੋਵੇਗਾ।
ਹੁਣ ਤੱਕ ਪਾਕਿਸਤਾਨ, ਆਸਟ੍ਰੇਲੀਆ ਅਤੇ ਜਰਮਨੀ ਹੀ ਵਿਸ਼ਵ ਕੱਪ ’ਚ ਲਗਾਤਾਰ 2 ਖਿਤਾਬ ਜਿੱਤ ਸਕੇ ਹਨ। ਵਿਸ਼ਵ ਹਾਕੀ ਵਿਚ ਪਿਛਲੇ ਇਕ ਦਹਾਕੇ ਵਿਚ ਆਪਣੀ ਜੋਸ਼ੀਲੀ ਮੌਜੂਦਗੀ ਦਰਜ ਕਰਨ ਵਾਲਾ ਬੈਲਜੀਅਮ ਇਸ ਸੂਚੀ ਵਿਚ ਆਪਣੇ ਆਪ ਨੂੰ ਸ਼ਾਮਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਸ ਨੇ ਇਸੇ ਕਲਿੰਗ ਸਟੇਡੀਅਮ ’ਚ 2018 ’ਚ ਖਿਤਾਬ ਜਿੱਤਿਆ ਸੀ।
ਬੈਲਜੀਅਮ ਦੇ 11 ਖਿਡਾਰੀ 30 ਸਾਲ ਤੋਂ ਉੱਪਰ ਅਤੇ 3 ਖਿਡਾਰੀ 35 ਸਾਲ ਤੋਂ ਉੱਪਰ ਹਨ। ਉਨ੍ਹਾਂ ਦੀ ਟੀਮ ਨੇ 4 ਸਾਲ ਪਹਿਲਾਂ ਵਿਸ਼ਵ ਕੱਪ ਅਤੇ ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਦੇ ਖਿਡਾਰੀਆਂ ਨੇ ਦਿਖਾ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਫਿੱਟ ਹਨ ਅਤੇ ਉਮਰ ਤੋਂ ਜ਼ਿਆਦਾ ਤਜਰਬਾ ਮਾਇਨੇ ਰੱਖਦਾ ਹੈ।
ਇਹ ਵੀ ਪੜ੍ਹੋ : ਕੌਮਾਂਤਰੀ ਹਾਕੀ ’ਚ ਪਿਛਲੇ 5 ਸਾਲਾਂ ’ਚ ਡੋਪਿੰਗ ਦੇ ਸਿਰਫ 8 ਮਾਮਲੇ ਪਰ ਚੌਕਸ ਰਹੇਗਾ ਐੱਫ. ਆਈ. ਐੱਚ.
ਵਿਸ਼ਵ ਦੀ ਨੰਬਰ-2 ਟੀਮ ਬੈਲਜੀਅਮ ਨੂੰ ਹਾਲਾਂਕਿ ਜਰਮਨੀ ਦੀ ਕਦੇ ਨਾ ਮੰਨਣ ਦੀ ਪ੍ਰਵਿਰਤੀ ਅਤੇ ਵਾਪਸੀ ਕਰਨ ਦੇ ਜਜ਼ਬੇ ਤੋਂ ਸਾਵਧਾਨ ਰਹਿਣਾ ਹੋਵੇਗਾ। ਵਿਸ਼ਵ ਕੱਪ ਵਿਚ ਅਜੇ ਤੱਕ ਜਰਮਨੀ ਨੇ 2 ਵਾਰ 0-2 ਨਾਲ ਪਿੱਛੜਨ ਤੋਂ ਬਾਅਦ ਵਾਪਸੀ ਕਰ ਕੇ ਜਿੱਤ ਦਰਜ ਕੀਤੀ ਅਤੇ ਫਾਈਨਲ ਵਿਚ ਥਾਂ ਬਣਾਈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।