ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ;7ਵਾਂ ਰਾਊਂਡ : ਡਿੰਗ ਤੋਂ ਹੋਈ ਗਲਤੀ, ਨੈਪੋਮਨਿਆਚੀ 4-3 ਨਾਲ ਅੱਗੇ
Wednesday, Apr 19, 2023 - 02:14 PM (IST)
ਅਸਤਾਨਾ (ਕਜ਼ਾਕਿਸਤਾਨ), (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ-2023 ਨੇ ਅੱਜ ਆਪਣਾ ਅੱਧਾ ਪੜਾਅ ਪਾਰ ਕਰ ਲਿਆ ਹੈ ਤੇ 14 ਰਾਊਂਡਾਂ ਦੀ ਵਿਸ਼ਵ ਚੈਂਪੀਅਨਸ਼ਿਪ ਦਾ 7ਵਾਂ ਰਾਊਂਡ ਟੂਰਨਾਮੈਂਟ ਦਾ 5ਵਾਂ ਨਤੀਜਾ ਲੈ ਕੇ ਆਇਆ। ਪਿਛਲੇ ਰਾਊਂਡ ’ਚ ਸ਼ਾਨਦਾਰ ਵਾਪਸੀ ਕਰਕੇ ਸਕੋਰ ਬਰਾਬਰ ਕਰਨ ਵਾਲੇ ਚੀਨ ਦੇ ਡਿੰਗ ਲੀਰੇਨ ਦੇ ਸਾਹਮਣੇ ਅੱਜ ਰੂਸ ਦੇ ਯਾਨ ਨੈਪੋਮਨਿਆਚੀ ਨੇ ਸਫੈਦ ਮੋਹਰਿਆਂ ਨਾਲ ਰਾਜਾ ਦੇ ਪਿਆਦੇ ਨਾਲ ਦੋ ਘਰ ਖੇਡ ਕੇ ਸ਼ੁਰੂਆਤ ਕੀਤੀ ਤੇ ਜਵਾਬ ਵਿਚ ਡਿੰਗ ਨੇ ਫ੍ਰੈਂਚ ਓਪਨਿੰਗ ਖੇਡ ਕੇ ਨੈਪੋਮਿਆਚੀ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕੀਤੀ।
ਡਿੰਗ ਆਪਣੀ ਇਸ ਚਾਲ ਵਿਚ ਕਾਮਯਾਬ ਹੁੰਦਾ ਵੀ ਦਿਸ ਰਿਹਾ ਸੀ ਤੇ ਖੇਡ ਦੀ 21ਵੀਂ ਚਾਲ ਦੇ ਨੇੜੇ ਉਹ ਬਿਹਤਰ ਸਥਿਤੀ ’ਚ ਨਜ਼ਰ ਆ ਰਿਹਾ ਸੀ ਤੇ 24ਵੀਂ ਚਾਲ ਵਿਚ ਇਕ ਵਾਧੂ ਪਿਆਦਾ ਦੇ ਕੇ ਹਾਥੀ ਦਾ ਐਕਸਚੇਂਜ ਦਿੰਦੇ ਹੋਏ ਉਸ ਨੇ ਇਕ ਰੋਮਾਂਚਕ ਸਥਿਤੀ ਹਾਸਲ ਕਰ ਲਈ ਸੀ। ਖੇਡ ਦੀ 31ਵੀਂ ਚਾਲ ਵਿਚ ਉਸ ਨੇ ਨੈਪੋ ਦੇ ਰਾਜਾ ਦੀ ਸਥਿਤੀ ਨੂੰ ਕਮਜ਼ੋਰ ਕਰਨ ਲਈ ਪਿਆਦਾ ਕੁਰਬਾਨ ਕਰ ਦਿੱਤਾ ਪਰ ਇੱਥੇ ਉਸਦੇ ਕੋਲ ਘੜੀ ਵਿਚ 1 ਮਿੰਟ ਤੋਂ ਘੱਟ ਸਮਾਂ ਬਚਿਆ ਸੀ ਤੇ ਅਜਿਹੇ ਵਿਚ ਉਹ ਲਗਾਤਾਰ 2 ਹਾਥੀ ਦੀ ਗਲਤ ਚਾਲ ਖੇਡ ਗਿਆ ਤੇ ਮੁਸ਼ਕਿਲ ’ਚ ਲੱਗ ਰਿਹਾ ਨੈਪੋਮਨਿਆਚੀ 37 ਚਾਲਾਂ ਵਿਚ ਜਿੱਤ ਦਰਜ ਕਰਨ ਵਿਚ ਕਾਮਯਾਬ ਰਿਹਾ। ਅਜਿਹੇ ਵਿਚ ਜਦਕਿ 7 ਰਾਊਂਡ ਹੋਰ ਖੇਡੇ ਜਾਣੇ ਹਨ ਤੇ ਰੂਸ ਦਾ ਯਾਨ ਨੈਪੋਮਨਿਆਚੀ ਹੁਣ 4-3 ਨਾਲ ਅੱਗੇ ਚੱਲ ਰਿਹਾ ਹੈ। ਅਗਲਾ ਰਾਊਂਡ ਹੁਣ ਇਕ ਦਿਨ ਦੇ ਆਰਾਮ ਤੋਂ ਬਾਅਦ ਖੇਡਿਆ ਜਾਵੇਗਾ।