ਵਿਸ਼ਵ ਚੈਂਪੀਅਨ ਕਾਰਲਸਨ ਉਲਟਫੇਰ ਦਾ ਸ਼ਿਕਾਰ, ਆਨੰਦ ਨੇ ਮੈਕਸਿਮ ਨਾਲ ਖੇਡਿਆ ਡਰਾਅ

12/12/2017 4:41:33 AM

ਲੰਡਨ— ਲੰਡਨ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਰਾਊਂਡ 'ਚ ਹੁਣ ਤਕ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਚੰਗੀ ਸਥਿਤੀ ਵਿਚ ਹੋਣ ਤੋਂ ਬਾਅਦ ਵੀ ਰੂਸ ਦੇ ਇਯਾਨ ਨੇਪੋਮਨਿਆਚੀ ਵਿਰੁੱਧ ਇਕ ਵੱਡੀ ਭੁੱਲ ਕਾਰਨ ਮੈਚ ਹਾਰ ਗਿਆ। ਇਸ ਜਿੱਤ ਨਾਲ ਇਯਾਨ ਨੇਪੋਮਨਿਅਚੀ ਹੁਣ ਚੈਂਪੀਅਨਸ਼ਿਪ 'ਚ ਸਿੰਗਲ ਬੜ੍ਹਤ 'ਤੇ ਆ ਗਿਆ ਹੈ। 
ਸਲਾਵ ਡਿਫੈਂਸ 'ਚ ਖੇਡੇ ਗਏ ਇਸ ਮੁਕਾਬਲੇ 'ਚ 32 ਚਾਲਾਂ ਤਕ ਸਭ ਕੁਝ ਸਹੀ ਸੀ। ਕਾਰਲਸਨ ਬੜ੍ਹਤ 'ਤੇ ਨਜ਼ਰ ਆ ਰਿਹਾ ਸੀ ਪਰ ਅਚਾਨਕ 33ਵੀਂ ਚਾਲ 'ਚ ਉਸ ਨੇ ਆਪਣੇ ਪਿਆਦੇ ਦੀ ਇਕ ਅਜਿਹੀ ਗਲਤ ਚਾਲ ਚੱਲੀ, ਜਿਸ ਨਾਲ ਇਕ ਮੋਹਰਾ ਗੁਆਉਣ ਦੀ ਵਜ੍ਹਾ ਨਾਲ ਸਿਰਫ 37 ਚਾਲਾਂ ਵਿਚ ਉਸ ਨੂੰ ਹਾਰ ਮੰਨਣ ਲਈ ਮਜਬੂਰ ਹੋਣਾ ਪਿਆ। ਜੇਕਰ ਉਸ ਦੀ ਖੇਡ ਜ਼ਿੰਦਗੀ ਨੂੰ ਦੇਖਿਆ ਜਾਵੇ ਤਾਂ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਇਸ ਪੱਧਰ ਦੀ ਗਲਤੀ ਜਾਂ ਭੁੱਲ ਉਸ ਨੇ ਕਦੇ ਨਹੀਂ ਕੀਤੀ ਹੈ। ਦੂਜੇ ਪਾਸੇ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਕੱਲ ਦੀ ਹਾਰ ਤੋਂ ਬਾਅਦ ਅੱਜ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਇਕ ਆਸਾਨ ਡਰਾਅ ਖੇਡਿਆ। ਕਾਲੇ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਇਟਾਲੀਅਨ ਓਪਨਿੰਗ 'ਚ 72 ਚਾਲਾਂ ਵਿਚ ਡਰਾਅ ਖੇਡਿਆ। 
ਹੋਰ ਸਾਰੇ ਮੁਕਾਬਲੇ ਵੀ ਡਰਾਅ ਰਹੇ। ਅਮਰੀਕਾ ਦੇ ਵੇਸਲੀ ਸੋ ਨੇ ਰੂਸ ਦੇ ਸੇਰਜੀ ਕਰਜ਼ਾਕਿਨ ਨਾਲ, ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਹਮਵਤਨ ਫੇਬਿਆਨੋ ਕਾਰੂਆਨਾ ਨਾਲ, ਇੰਗਲੈਂਡ ਦੇ ਮਾਈਕਲ ਐਡਮਸ ਨੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਨਾਲ ਡਰਾਅ ਖੇਡੇ। 8 ਰਾਊਂਡਜ਼ ਤੋਂ  ਬਾਅਦ ਨੇਪੋਮਨਿਅਚੀ 5.5 ਅੰਕਾਂ ਬਣਾ ਕੇ ਪਹਿਲੇ ਸਥਾਨ 'ਤੇ, ਕਾਰੂਆਨਾ 5 ਅੰਕਾਂ ਨਾਲ ਦੂਜੇ, ਮੈਕਸਿਮ 4.5 ਅੰਕਾਂ ਨਾਲ ਤੀਜੇ, ਕਾਰਲਸਨ, ਵੇਸਲੀ, ਆਰੋਨੀਅਨ ਤੇ ਨਾਕਾਮੁਰਾ 4 ਅੰਕਾਂ ਨਾਲ ਸਾਂਝੇ ਤੌਰ'ਤੇ ਚੌਥੇ ਸਥਾਨ ਹਨ, ਜਦਕਿ ਆਨੰਦ, ਐਡਮਸ ਤੇ ਕਰਜ਼ਾਕਿਨ ਤਿੰਨੋਂ ਹੀ 3 ਅੰਕ ਬਣਾ ਕੇ ਖੇਡ ਰਹੇ ਹਨ।


Related News