ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਆਕਾਸ਼ ਸਾਂਗਵਾਨ ਨੇ ਪਹਿਲਾ ਮੁਕਾਬਲਾ ਜਿੱਤਿਆ
Tuesday, Oct 26, 2021 - 04:40 PM (IST)
ਬੇਲਗ੍ਰੇਡ- ਭਾਰਤੀ ਮੁੱਕੇਬਾਜ਼ ਆਕਾਸ਼ ਸਾਂਗਵਾਨ (67 ਕਿਲੋਗ੍ਰਾਮ) ਨੇ ਇੱਥੇ ਚਲ ਰਹੀ ਏ. ਆਈ. ਬੀ. ਏ. ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਮੁਕਾਬਲੇ 'ਚ ਤੁਰਕੀ ਦੇ ਫੁਰਕਾਨ ਐਡਮ 'ਤੇ 5-0 ਦੀ ਸੌਖੀ ਜਿੱਤ ਨਾਲ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਮੌਜੂਦਾ ਰਾਸ਼ਟਰੀ ਚੈਂਪੀਅਨ ਫੁਰਕਾਨ ਦਾ ਅਗਲਾ ਮੁਕਾਬਲਾ ਜਰਮਨੀ ਦੇ ਡੇਨੀਅਲ ਕ੍ਰੇਸਟਰ ਨਾਲ ਹੋਵੇਗਾ ਜਿਨ੍ਹਾਂ ਨੂੰ ਪਹਿਲੇ ਹੀ ਦੌਰ 'ਚ ਬਾਈ ਮਿਲੀ ਹੈ। ਕਲ ਰਾਤ ਖੇਡੇ ਗਏ ਮੁਕਾਬਲੇ 'ਚ ਭਾਰਤੀ ਮੁੱਕੇਬਾਜ਼ ਨੇ ਸ਼ੁਰੂ ਤੋਂ ਐਡਮ 'ਤੇ ਦਬਦਬਾ ਬਣਾ ਕੇ ਇਕਤਰਫਾ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾਂ ਰੋਹਿਤ ਮੋਰ (57 ਕਿਲੋਗ੍ਰਾਮ) ਨੇ ਇਕਵਾਡੋਰ ਦੇ ਜੀਨ ਕੈਡੇਸੀ ਨੂੰ 5-0 ਨਾਲ ਹਰਾਇਆ ਸੀ। ਉਨ੍ਹਾਂ ਦਾ ਅਗਲਾ ਮੁਕਾਬਲਾ ਬੋਸਨੀਆ ਹਰਜ਼ੇਗੋਬਿਨਾ ਦੇ ਐਲਨ ਰਾਹਿਮੀ ਨਾਲ ਹੋਵੇਗਾ। ਏਸ਼ੀਆਈ ਚੈਂਪੀਅਨ ਸੰਜੀਤ (92 ਕਿਲੋਗ੍ਰਾਮ) ਤੇ ਸਚਿਨ ਕੁਮਾਰ (80 ਕਿਲੋਗ੍ਰਾਮ) ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ। ਸਚਿਨ 30 ਅਕਤੂਬਰ ਨੂੰ ਦੂਜੇ ਦੌਰ 'ਚ ਅਮਰੀਕਾ ਦੇ ਰਾਬੀ ਗੋਂਜਾਲੇਜ ਜਦਕਿ ਸੰਜੀਤ 29 ਅਕਤੂਬਰ ਨੂੰ ਰੂਸ ਦੇ ਆਂਦਰੇ ਸਤੋਸਕੀ ਨਾਲ ਭਿੜਨਗੇ।
ਇਸ ਚੈਂਪੀਅਨਸਿਪ 'ਚ 100 ਦੇਸ਼ਾਂ ਦੇ 600 ਤੋਂ ਵੱਧ ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਕੁਝ ਭਾਰ ਵਰਗਾਂ 'ਚ ਮੁੱਕੇਬਾਜ਼ਾਂ ਨੂੰ ਕੁਆਰਟਰ ਫਾਈਨਲ 'ਚ ਪਹੁੰਚਣ ਲਈ ਘੱਟੋ-ਘੱਟ ਤਿੰਨ ਮੁਕਾਬਲੇ ਜਿੱਤਣਗੇ ਹੋਣਗੇ। ਇਨ੍ਹਾਂ 'ਚ ਸ਼ਿਵ ਥਾਪਾ ( 63.5 ਕਿਲੋਗ੍ਰਾਮ) ਵੀ ਸ਼ਾਮਲ ਹਨ ਜੋ ਪਹਿਲੇ ਮੁਕਾਬਲੇ 'ਚ ਕੀਨੀਆ ਦੇ ਵਿਕਟਰ ਓਡੀਆਮਬੋ ਨਿਆਡੇਰਾ ਨਾਲ ਭਿੜਨਗੇ।