ਰਿਕਾਰਡ ਤੋੜਨ ਤੋਂ ਪਹਿਲਾਂ ਆਪਣੇ ਪਿੰਡ ''ਚ ਸ਼ਰਾਬ ਦੇ ਠੇਕੇ ਤੋੜ ਚੁੱਕੀ ਹੈ ਹਿਮਾ ਦਾਸ
Saturday, Jul 14, 2018 - 02:55 PM (IST)

ਨਵੀਂ ਦਿੱਲੀ—ਪਹਿਲੀ ਵਾਰ ਭਾਰਤ ਨੂੰ ਵਿਸ਼ਵ ਪੱਧਰ 'ਤੇ ਗੋਲਡ ਮੈਡਲ ਦਿਵਾਉਣ ਵਾਲੀ ਹਿਮਾ ਦਾਸ ਨੂੰ ਤਾਂ ਦੇਸ਼ ਨੇ ਚਾਹੇ ਹੁਣ ਜਾਣਿਆ ਹੈ ਪਰ ਉਸਦੇ ਪਿੰਡ ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਉਹ ਪਹਿਲਾਂ ਤੋਂ ਹੀ ਮਸ਼ਹੂਰ ਰਹੀ ਹੈ। 18 ਸਾਲ ਦੀ ਹਿਮਾ ਭਾਰਤ ਲਈ ਗੋਲਡ ਮੈਡਲ ਜਿੱਤਣ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਆਪਣੇ ਪਿੰਡ ਦੇ ਆਲੇ ਦੁਆਲੇ ਮੌਜੂਦ ਸ਼ਰਾਬ ਦੇ ਠੇਕਿਆਂ ਨੂੰ ਤੋੜਨ ਦੀ ਮੁਹਿੰਮ ਚਲਾ ਚੁੱਕੀ ਹੈ।ਇਕ ਖਬਰ ਮੁਤਾਬਕ ਹਿਮਾ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਿੰਡ ਅਤੇ ਨੇੜੇ ਦੇ ਇਲਾਕਿਆਂ 'ਚ ਸ਼ਰਾਬ ਦੇ ਠੇਕੇ ਸਨ। ਹਿਮਾ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਇਨ੍ਹਾਂ ਠੇਕਿਆਂ ਨੂੰ ਤੋੜਨ ਦੀ ਮੁਹਿੰਮ ਚਲਾਈ ਅਤੇ ਇਸਨੂੰ ਕਾਮਯਾਬ ਵੀ ਬਣਾਇਆ।
ਲੋਕਾਂ ਨੇ ਦੱਸਿਆ ਕਿ ਹਿਮਾ ਕਦੀ ਵੀ ਆਪਣੇ ਆਲੇ ਦੁਆਲੇ ਦੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾਉਣ ਤੋਂ ਨਹੀਂ ਡਰਦੀ ਹੈ। ਆਸਾਮ ਦੇ ਛੋਟੇ ਜਿਹੇ ਪਿੰਡ ਡਿੰਗ ਦੇ ਲੋਕ ਹਿਮਾ ਨੂੰ ' ਡਿੰਗ ਐਕਸਪ੍ਰੈਸ' ਦੇ ਨਾਮ ਨਾਲ ਬੁਲਾਉਂਦੇ ਹਨ ਅਤੇ ਹਿਮਾ ਉਥੇ ਦੇ ਬੱਚਿਆਂ ਦੀ ਰੋਲ ਮਾਡਲ ਹੈ। ਹਿਮਾ ਨੇ ਅੰਡਰ-20 ਵਰਲਡ ਐਥਲੈਟਿਸ ਚੈਂਪੀਅਨਸ਼ਿਪ 'ਚ 400 ਮੀਟਰ ਦੀ ਦੌੜ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਇਸ 'ਤੋਂ ਪਹਿਲਾਂ ਕਦੀ ਵੀ ਕੋਈ ਭਾਰਤੀ ਐਥਲੀਟ ਟਰੈਕ ਦੇ ਈਵੇਂਟ 'ਚ ਭਾਰਤ ਲਈ ਗੋਲਡ ਮੈਡਲ ਹਾਸਲ ਨਹੀਂ ਕਰ ਸਕਿਆ ਹੈ।