ਸਚਿਨ ਤੇਂਦੁਲਕਰ ਨੇ ਆਪਣੇ ਪੁੱਤ ਅਰਜੁਨ ਨੂੰ ਦਿੱਤੀ ਸਲਾਹ, ਸਖ਼ਤ ਮਿਹਨਤ ਕਰੋ ਅਤੇ ਖੇਡ ਦਾ ਸਨਮਾਨ ਕਰੋ
Monday, Apr 17, 2023 - 12:09 PM (IST)
ਮੁੰਬਈ (ਭਾਸ਼ਾ)- ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਪੁੱਤਰ ਅਰਜੁਨ ਨੂੰ ਸਖ਼ਤ ਮਿਹਨਤ ਕਰਨ ਅਤੇ ਖੇਡ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ। ਅਰਜੁਨ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਵੱਲੋਂ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਡੈਬਿਊ ਕੀਤਾ। ਇਸ 23 ਸਾਲਾ ਆਲਰਾਊਂਡਰ ਨੇ ਮੁੰਬਈ ਵੱਲੋਂ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਕੁੱਲ 2 ਓਵਰ ਸੁੱਟੇ। ਉਨ੍ਹਾਂ ਦੀ ਗੇਂਦ ਪਾਰੀ ਦੇ ਸ਼ੁਰੂ ਵਿੱਚ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਮੂਵ ਕਰ ਰਹੀ ਸੀ। ਉਨ੍ਹਾਂ ਨੇ 17 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਨਹੀਂ ਮਿਲੀ।
ਤੇਂਦੁਲਕਰ ਨੇ ਟਵੀਟ ਕੀਤਾ, “ਅਰਜੁਨ ਅੱਜ (ਐਤਵਾਰ) ਤੁਸੀਂ ਇੱਕ ਕ੍ਰਿਕਟਰ ਦੇ ਰੂਪ ਵਿੱਚ ਆਪਣੇ ਸਫ਼ਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਅੱਗੇ ਵਧਾਇਆ ਹੈ। ਤੁਹਾਡੇ ਪਿਤਾ ਹੋਣ ਦੇ ਨਾਤੇ, ਜੋ ਤੁਹਾਨੂੰ ਪਿਆਰ ਕਰਦਾ ਹੈ ਅਤੇ ਖੇਡ ਪ੍ਰਤੀ ਜਨੂੰਨੀ ਹੈ, ਮੈਂ ਜਾਣਦਾ ਹਾਂ ਕਿ ਤੁਸੀਂ ਖੇਡ ਨੂੰ ਉਹ ਸਨਮਾਨ ਦੇਣਾ ਜਾਰੀ ਰੱਖੋਗੇ ਜਿਸਦੀ ਉਹ ਹੱਕਦਾਰ ਹੈ ਅਤੇ ਖੇਡ ਤੁਹਾਡੇ 'ਤੇ ਵਾਪਸ ਪਿਆਰ ਲੁਟਾਏਗੀ। ਤੁਸੀਂ ਇੱਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਅਜਿਹਾ ਕਰਨਾ ਜਾਰੀ ਰੱਖੋਗੇ। ਇਹ ਇੱਕ ਸੁਖਦ ਸਫ਼ਰ ਦੀ ਸ਼ੁਰੂਆਤ ਹੈ। ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।'
ਤੇਂਦੁਲਕਰ ਸ਼ਨੀਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਅਤੇ ਫਿਰ ਐਤਵਾਰ ਨੂੰ ਮੈਚ ਤੋਂ ਪਹਿਲਾਂ ਡਰੈਸਿੰਗ ਰੂਮ 'ਚ ਵੀ ਮੌਜੂਦ ਸਨ। ਆਈ.ਪੀ.ਐੱਲ. ਦੇ 15 ਸਾਲਾਂ ਦੇ ਇਤਿਹਾਸ ਵਿੱਚ ਸਚਿਨ ਅਤੇ ਅਰਜੁਨ ਤੇਂਦੁਲਕਰ ਮੈਚ ਖੇਡਣ ਵਾਲੇ ਪਹਿਲੇ ਪਿਓ-ਪੁੱਤ ਦੀ ਜੋੜੀ ਹੈ। ਇਹ ਵੀ ਇਤਫ਼ਾਕ ਹੈ ਕਿ ਦੋਵੇਂ ਇੱਕੋ ਟੀਮ ਲਈ ਖੇਡੇ। ਸਚਿਨ ਨੇ 2008 ਤੋਂ 2013 ਤੱਕ ਛੇ ਸਾਲ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕੀਤੀ ਸੀ। ਅਰਜੁਨ ਨੂੰ ਪਹਿਲੀ ਵਾਰ 2021 ਦੀ ਨਿਲਾਮੀ ਦੌਰਾਨ 5 ਵਾਰ ਦੇ ਆਈ.ਪੀ.ਐੱਲ. ਚੈਂਪੀਅਨ ਮੁੰਬਈ ਨੇ 20 ਲੱਖ ਰੁਪਏ ਦੀ ਬੇਸ ਪ੍ਰਾਈਜ਼ ਲਈ ਖ਼ਰੀਦਿਆ ਸੀ।